9.7 C
Vancouver
Friday, November 6, 2026

ਟੋਰੀ ਡਨ ਕਤਲ ਕਾਂਡ: ਨਿਊ ਵੈਸਟਮਿੰਸਟਰ ਅਦਾਲਤ ‘ਚ ਮੁਲਜ਼ਮ ਐਡਮ ਮਾਨ ਨੇ ਖ਼ੁਦ ਨੂੰ ਦੱਸਿਆ ਬੇਕਸੂਰ

ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ, ਪੀੜਤ ਪਰਿਵਾਰ ਦੀ ਮੌਜੂਦਗੀ ‘ਚ ਸਾਥੀ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ
ਵੈਨਕੂਵਰ (ਏਕਜੋਤ ਸਿੰਘ): ਸਰੀ ਦੀ ਰਹਿਣ ਵਾਲੀ ਟੋਰੀ ਡਨ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐਡਮ ਟਰੌਏ ਮਾਨ ਨੇ ਨਿਊ ਵੈਸਟਮਿੰਸਟਰ ਸੁਪਰੀਮ ਕੋਰਟ ਵਿੱਚ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਮਾਨ ‘ਤੇ 28 ਜੂਨ 2024 ਨੂੰ ਸੈਕਿੰਡ-ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ ਸਨ। ਜਸਟਿਸ ਡੇਵਿਡ ਲੇਟਨ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਮੁਕੱਦਮੇ ਦੀ ਸੁਣਵਾਈ ਲਗਭਗ 3 ਹਫ਼ਤੇ ਚੱਲਣ ਦੀ ਉਮੀਦ ਹੈ। ਅਦਾਲਤ ਵਿੱਚ ਕਾਰਵਾਈ ਦੇ ਪਹਿਲੇ ਦਿਨ ਟੋਰੀ ਡਨ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ, ਜਿੱਥੇ ਉਸ ਵੇਲੇ ਦੇ ਉਸ ਦੇ ਜੀਵਨ ਸਾਥੀ ਟਰੈਫੋਰਡ ਵੇਸ ਨੇ ਘਟਨਾ ਵਾਲੀ ਰਾਤ ਦਾ ਦਰਦਨਾਕ ਵੇਰਵਾ ਸਾਂਝਾ ਕੀਤਾ।
34 ਸਾਲਾ ਵੇਸ ਨੇ ਜਿਊਰੀ ਸਾਹਮਣੇ ਦੱਸਿਆ ਕਿ 16 ਜੂਨ 2024 ਦੀ ਰਾਤ ਨੂੰ ਉਹ ਇੱਕ ਵਿਆਹ ਸਮਾਗਮ ਅਤੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੋਰਟ ਕੈਲਜ਼ ਸਥਿਤ ਆਪਣੇ ਘਰ ਪਰਤੇ ਸਨ। ਉਹ ਟੀਵੀ ਦੇਖ ਰਹੇ ਸਨ ਜਦੋਂ ਉਹ ਕੁਝ ਮਿੰਟਾਂ ਲਈ ਬਾਥਰੂਮ ਗਿਆ। ਅਚਾਨਕ ਉਸ ਨੂੰ ਟੋਰੀ ਦੀਆਂ ਦਰਦਨਾਕ ਚੀਕਾਂ ਸੁਣਾਈ ਦਿੱਤੀਆਂ। ਜਦੋਂ ਉਹ ਭੱਜ ਕੇ ਬਾਹਰ ਆਇਆ ਤਾਂ ਉਸ ਨੇ ਪੌੜੀਆਂ ਨੇੜੇ ਇੱਕ ਅਣਪਛਾਤੇ ਵਿਅਕਤੀ ਨੂੰ ਦੇਖਿਆ ਜਿਸ ਦੇ ਹੱਥ ਵਿੱਚ ਕੋਈ ਚਮਕਦੀ ਚੀਜ਼ ਸੀ। ਸ਼ੱਕੀ ਵਿਅਕਤੀ ਤੁਰੰਤ ਸਲਾਈਡਿੰਗ ਦਰਵਾਜ਼ੇ ਵੱਲ ਭੱਜਿਆ। ਇਸ ਦੌਰਾਨ ਟੋਰੀ ਨੇ ਦੱਸਿਆ ਕਿ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ।
ਵੇਸ ਨੇ ਤੁਰੰਤ 911 ‘ਤੇ ਕਾਲ ਕੀਤੀ ਅਤੇ ਪੁਲਿਸ ਹਦਾਇਤਾਂ ਅਨੁਸਾਰ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਰਸੋਈ ਵਿੱਚੋਂ ਇੱਕ ਕਾਰਬਨ ਸਟੀਲ ਵਾਲਾ ਚਾਕੂ ਗ਼ਾਇਬ ਸੀ। ਗੰਭੀਰ ਜ਼ਖ਼ਮੀ ਹੋਣ ਕਾਰਨ ਟੋਰੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਬਚਾਅ ਪੱਖ ਦੇ ਵਕੀਲ ਪਾਲ ਮੈਕਮਰੇ ਨੇ ਗਵਾਹ ਵੱਲੋਂ ਦਿੱਤੇ ਹਮਲਾਵਰ ਦੇ ਹੁਲੀਏ ਬਾਰੇ ਜਿਰ੍ਹਾ ਕੀਤੀ। ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਨੇ ਅਦਾਲਤ ਵਿੱਚ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਮਾਹੌਲ ਬਹੁਤ ਤਣਾਅਪੂਰਨ ਸੀ। ਅਦਾਲਤ ਵਿੱਚ ਅਜੇ ਤੱਕ ਮੁਲਜ਼ਮ ਖ਼ਿਲਾਫ਼ ਕੋਈ ਵੀ ਦੋਸ਼ ਸਿੱਧ ਨਹੀਂ ਹੋਇਆ ਹੈ ਅਤੇ ਅਗਲੀ ਸੁਣਵਾਈ ਜਾਰੀ ਰਹੇਗੀ।

ਰੁਝਾਨ ਖਬਰਾਂ