ਵੈਨਕੂਵਰ (ਏਕਜੋਤ ਸਿੰਘ): ਕ੍ਰਾਊਨ ਕਾਰਪੋਰੇਸ਼ਨ ਆਲਟੋ (Alto) ਵੱਲੋਂ ਵਿਕਸਤ ਕੀਤੇ ਜਾ ਰਹੇ ਹਾਈ-ਸਪੀਡ ਰੇਲ ਪ੍ਰਾਜੈਕਟ ਤਹਿਤ ਕਿੰਗਸਟਨ ਸ਼ਹਿਰ ਨੂੰ ਇੱਕ ਸੰਭਾਵੀ ਸਟੇਸ਼ਨ ਵਜੋਂ ਵਿਚਾਰਿਆ ਜਾ ਰਿਹਾ ਹੈ, ਪਰ ਇਸ ਸਬੰਧੀ ਅੰਤਿਮ ਫੈਸਲਾ ਬਸੰਤ ਰੁੱਤ ਤੱਕ ਟਾਲ ਦਿੱਤਾ ਗਿਆ ਹੈ। ਬੁੱਧਵਾਰ ਨੂੰ ਹੋਈ ਸਾਲਾਨਾ ਮੀਟਿੰਗ ਦੌਰਾਨ ਆਲਟੋ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਰੌਬਰਟ ਪ੍ਰਿਚਰਡ ਨੇ ਦੱਸਿਆ ਕਿ ਕਿੰਗਸਟਨ ਸ਼ਹਿਰ ਨੇ ਆਪਣੇ ਆਪ ਨੂੰ ਇਸ ਨੈੱਟਵਰਕ ਵਿੱਚ ਸ਼ਾਮਲ ਕਰਨ ਲਈ ਬਹੁਤ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ, ਪਰ ਇਸ ਯੋਜਨਾ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਵਿਆਪਕ ਸੰਭਾਵਨਾ ਰਿਪੋਰਟ (Feasibility Assessment) ਤਿਆਰ ਕਰਨੀ ਜ਼ਰੂਰੀ ਹੈ। ਹੁਣ ਤੱਕ ਕੰਪਨੀ ਨੇ ਟੋਰਾਂਟੋ ਤੋਂ ਓਟਾਵਾ ਕਾਰੀਡੋਰ ‘ਤੇ ਸਿਰਫ਼ ਪੀਟਰਬੋਰੋ ਨੂੰ ਹੀ ਅਧਿਕਾਰਤ ਸਟਾਪ ਵਜੋਂ ਮਨਜ਼ੂਰੀ ਦਿੱਤੀ ਹੈ।
ਕੰਪਨੀ ਮੁਤਾਬਕ ਹਰ ਵਾਧੂ ਸਟੇਸ਼ਨ ਜੋੜਨ ਨਾਲ ਰੇਲ ਗੱਡੀ ਦੇ ਸਫ਼ਰ ਦਾ ਸਮਾਂ ਵਧ ਜਾਂਦਾ ਹੈ, ਇਸ ਲਈ ਇਹ ਅਧਿਐਨ ਕੀਤਾ ਜਾ ਰਿਹਾ ਹੈ ਕਿ ਕਿੰਗਸਟਨ ਸਟੇਸ਼ਨ ਬਣਾਉਣ ਨਾਲ ਯਾਤਰੀਆਂ ਦੀ ਗਿਣਤੀ ਅਤੇ ਸਫ਼ਰ ਦੇ ਸਮੇਂ ਦਾ ਸੰਤੁਲਨ ਕਿਵੇਂ ਬਣੇਗਾ। ਆਲਟੋ ਦੇ ਸੀਈਓ ਮਾਰਟਿਨ ਇੰਬਲੋ ਨੇ ਸਪੱਸ਼ਟ ਕੀਤਾ ਕਿ ਕੰਪਨੀ ਦੀ ਪਹਿਲੀ ਤਰਜੀਹ ਓਟਾਵਾ ਤੋਂ ਮਾਂਟਰੀਅਲ ਲਾਂਘਾ ਹੈ, ਜਿਸ ਕਾਰਨ ਕਿੰਗਸਟਨ ਬਾਰੇ ਅਸਲ ਫੈਸਲਾ 2027 ਦੀ ਬਸੰਤ ਤੋਂ ਪਹਿਲਾਂ ਆਉਣਾ ਸੰਭਵ ਨਹੀਂ ਜਾਪਦਾ। ਦੂਜੇ ਪਾਸੇ ਸਮਿਥਸ ਫਾਲਸ ਅਤੇ ਪਰਥ ਵਰਗੇ ਕਸਬਿਆਂ ਨੂੰ ਸਿੱਧੀ ਹਾਈ-ਸਪੀਡ ਸਰਵਿਸ ਨਹੀਂ ਮਿਲੇਗੀ, ਸਗੋਂ ਉਨ੍ਹਾਂ ਨੂੰ ਵਾਇਆ ਰੇਲ (VIA Rail) ਦੇ ਮਾਧਿਅਮ ਰਾਹੀਂ ਆਲਟੋ ਨਾਲ ਜੋੜਿਆ ਜਾਵੇਗਾ। ਹਾਲਾਂਕਿ, ਇਸ ਪ੍ਰਾਜੈਕਟ ਦੇ ਰੂਟ ਨੂੰ ਲੈ ਕੇ ਸਥਾਨਕ ਕਿਸਾਨਾਂ ਅਤੇ ਪੇਂਡੂ ਵਸਨੀਕਾਂ ਵਿੱਚ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ।
ਲੈਨੋਕਸ ਐਂਡ ਐਡਿੰਗਟਨ ਅਤੇ ਸਾਊਥ ਫਰੰਟੇਨੈਕ ਖੇਤਰ ਦੇ ਜ਼ਮੀਨ ਮਾਲਕਾਂ ਦਾ ਕਹਿਣਾ ਹੈ ਕਿ ਰੇਲਵੇ ਲਾਈਨ ਕੱਢਣ ਨਾਲ ਉਨ੍ਹਾਂ ਦੇ ਘਰ ਢਾਹੇ ਜਾਣਗੇ ਅਤੇ ਉਪਜਾਊ ਖੇਤੀਬਾੜੀ ਵਾਲੀ ਜ਼ਮੀਨ ਦੇ ਟੁਕੜੇ ਹੋ ਜਾਣਗੇ। ‘ਯੂਨਾਈਟਿਡ ਅਗੇਂਸਟ ਆਲਟੋ’ ਜਥੇਬੰਦੀ ਦੀ ਆਗੂ ਹੀਥਰ ਲੇਵੀ ਨੇ ਕਿਹਾ ਕਿ ਫੈਸਲਾ ਲੈਣ ਵਾਲੇ ਅਧਿਕਾਰੀ ਲੋਕਾਂ ਨੂੰ ਸਿਰਫ਼ ਉਡੀਕ ਕਰਨ ਲਈ ਕਹਿ ਰਹੇ ਹਨ, ਜੋ ਕਿ ਪੇਂਡੂ ਭਾਈਚਾਰਿਆਂ ਦੀ ਹੋਂਦ ਲਈ ਖ਼ਤਰਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ ਉਨਟਾਰੀਓ ਅਤੇ ਕਿਊਬੈਕ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗੀ। ਇੱਕ ਸਰਵੇਖਣ ਅਨੁਸਾਰ 62 ਫ਼ੀਸਦੀ ਕੈਨੇਡੀਅਨ ਇਸ ਰੇਲ ਪ੍ਰਾਜੈਕਟ ਦੇ ਹੱਕ ਵਿੱਚ ਹਨ, ਪਰ ਜ਼ਮੀਨੀ ਪ੍ਰਭਾਵਾਂ ਨੂੰ ਲੈ ਕੇ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ।
ਟੋਰਾਂਟੋ ਤੋਂ ਔਟਵਾ ਹਾਈ-ਸਪੀਡ ਰੇਲ ਪ੍ਰਾਜੈਕਟ ਕਾਰਨ ਜ਼ਮੀਨਾਂ ਐਕਵਾਇਰ ਹੋਣ ਦੇ ਖ਼ਦਸ਼ੇ ਕਾਰਨ ਕਿਸਾਨਾਂ ਵੱਲੋਂ ਵਿਰੋਧ

