9.7 C
Vancouver
Friday, November 6, 2026

ਜੰਗਲਾਤ ਖੇਤਰ ਲਈ ਕੈਂਪਬੈਲ ਰਿਵਰ ‘ਚ ਨਵਾਂ ਪਾਇਲਟ ਪ੍ਰਾਜੈਕਟ ਸ਼ੁਰੂ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੰਗਲਾਤ ਖੇਤਰ ਦੇ ਸੁਧਾਰਾਂ ਤਹਿਤ ਕੈਂਪਬੈਲ ਰਿਵਰ ਨੇੜਲੇ ਇਲਾਕਿਆਂ ਨੂੰ ‘ਵਰਕਿੰਗ ਫ਼ਾਰੈਸਟ ਲੈਂਡਸਕੇਪ ਮਾਡਲ’ ਦੀ ਪੜਤਾਲ ਲਈ ਪਹਿਲੇ ਖੇਤਰ ਵਜੋਂ ਚੁਣਿਆ ਹੈ। ਇਹ ਪਹਿਲਕਦਮੀ ਸੂਬਾ ਸਰਕਾਰ ਵੱਲੋਂ ਨਾਨਵਾਕੋਲਾਸ ਕੌਂਸਲ ਅਤੇ ਇਸ ਦੇ 4 ਮੈਂਬਰ ਫਸਟ ਨੇਸ਼ਨਜ਼ ਜਿਨ੍ਹਾਂ ਵਿੱਚ ਤਲੋਵਿਤਸਿਸ, ਵੇ ਵਾਈ ਕਾਈ, ਵੇ ਵਾਈ ਕੁਮ ਅਤੇ ਕੋਮੋਕਸ ਸ਼ਾਮਲ ਹਨ, ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਉਦਯੋਗ ਜਗਤ ਅਤੇ ਸਥਾਨਕ ਕਬੀਲਿਆਂ ਨਾਲ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਇਲਾਕੇ ਦੀ ਚੋਣ ਕੀਤੀ ਗਈ ਹੈ।
ਇਹ ਪ੍ਰਸਤਾਵਿਤ ਮਾਡਲ ਸਰਕਾਰੀ ਜੰਗਲਾਂ ਦੇ ਪ੍ਰਬੰਧਨ ਲਈ 3-ਜ਼ੋਨ ਪਹੁੰਚ ‘ਤੇ ਅਧਾਰਿਤ ਹੈ। ਇਸ ਦਾ ਮੁੱਖ ਮਕਸਦ ਉਦਯੋਗ, ਕਾਮਿਆਂ, ਫਸਟ ਨੇਸ਼ਨਜ਼ ਅਤੇ ਸਥਾਨਕ ਭਾਈਚਾਰਿਆਂ ਲਈ ਭਰੋਸੇਯੋਗਤਾ ਕਾਇਮ ਕਰਨਾ ਹੈ। ਇਹ ਨੀਤੀ ਜੰਗਲੀ ਜੀਵਾਂ ਦੇ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਪਾਰਕ ਕਟਾਈ ਲਈ ਲੱਕੜ ਦੇ ਉਤਪਾਦਨ ਨੂੰ ਯਕੀਨੀ ਬਣਾਏਗੀ। ਨਾਲ ਹੀ ਜੰਗਲਾਂ ਦੀ ਅੱਗ ਦੀ ਰੋਕਥਾਮ ਅਤੇ ਆਰਥਿਕ ਗਤੀਵਿਧੀਆਂ ਨੂੰ ਵਧਾਉਣ ਲਈ ਵਾਤਾਵਰਨ ਸੰਤੁਲਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਮੌਸਮੀ ਤਬਦੀਲੀ ਕਾਰਨ ਲੱਗਣ ਵਾਲੀਆਂ ਅੱਗਾਂ, ਕੱਚੇ ਮਾਲ ਦੀ ਘਾਟ ਅਤੇ ਬਾਜ਼ਾਰ ਦੇ ਉਤਰਾਅ-ਚੜ੍ਹਾਅ ਨਾਲ ਨਜਿੱਠਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਜੰਗਲਾਤ ਮੰਤਰੀ ਰਵੀ ਪਰਮਾਰ ਨੇ ਦੱਸਿਆ ਕਿ ਇਸ ਯੋਜਨਾ ਨਾਲ ਪਰਮਿਟ ਪ੍ਰਣਾਲੀ ਸਰਲ ਹੋਵੇਗੀ ਅਤੇ ਕੱਟ-ਬਲਾਕ ਪ੍ਰਣਾਲੀ ਦੀ ਥਾਂ ਸੰਚਾਲਨ ਯੋਜਨਾਬੰਦੀ ਅਪਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਰਕਿੰਗ ਫ਼ਾਰੈਸਟ ਮਾਡਲ ਕਈ ਦਹਾਕਿਆਂ ਤੋਂ ਚਰਚਾ ਵਿੱਚ ਸੀ, ਪਰ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਹੇਠ ਸਰਕਾਰ ਇਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰ ਰਹੀ ਹੈ। ਸਰਕਾਰ ਦਾ ਟੀਚਾ ਸਾਲ 2030 ਤੱਕ ਸੂਬੇ ਦੇ 30 ਫ਼ੀਸਦੀ ਜ਼ਮੀਨੀ ਰਕਬੇ ਨੂੰ ਸੁਰੱਖਿਅਤ ਕਰਨ ਦਾ ਹੈ। ਇਹ ਮਾਡਲ ਜੰਗਲਾਤ ਉਦਯੋਗ ‘ਤੇ ਪੈ ਰਹੇ ਵਿੱਤੀ ਦਬਾਅ ਨੂੰ ਘਟਾਉਣ ਅਤੇ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਵਿੱਚ ਸਹਾਈ ਹੋਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ