9.7 C
Vancouver
Friday, November 6, 2026

ਗੰਭੀਰ ਮਾਨਸਿਕ ਰੋਗਾਂ ਨਾਲ ਨਿਰੰਤ ਜੁਝ ਰਹੇ ਹਨ ਸੰਸਾਰਵਾਸੀ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ,
ਮੋਬ : 97816-46008
ਨਾਮਵਰ ਵਿਦਵਾਨ ਡਾ. ਨੌਮ ਸਪੈਂਸਰ ਦਾ ਕਥਨ ਹੈ, ‘‘ਮਾਨਸਿਕ ਸਿਹਤ ਦਾ ਭਾਵ ਇਹ ਨਹੀਂ ਹੈ ਕਿ ਤੁਸੀਂ ਜੀਵਨ ਦੀ ਗੱਡੀ ਨੂੰ ਕਿਸ ਦਿਸ਼ਾ ਜਾਂ ਮੰਜ਼ਿਲ ਵੱਲ ਲੈ ਕੇ ਜਾ ਰਹੇ ਹੋ, ਸਗੋਂ ਇਸਦਾ ਭਾਵ ਹੈ ਕਿ ਤੁਸੀਂ ਜੀਵਨ ਦੀ ਗੱਡੀ ਨੂੰ ਚਲਾ ਕਿਵੇਂ ਰਹੇ ਹੋ?’’ ਅਜੋਕੇ ਮਨੁੱਖ ਦੀ ਨੁਕਸਦਾਰ ਜੀਵਨ ਸ਼ੈਲੀ ਅਤੇ ਚੁਗਿਰਦੇ ’ਚ ਪਸਰੀ ਸਮਾਜਿਕ, ਆਰਥਿਕ, ਰਾਜਨੀਤਿਕ ਅਸਥਿਰਤਾ ਨੇ ਮਨੁੱਖ ਅੰਦਰੋਂ ਸਹਿਣਸ਼ੀਲਤਾ, ਸਬਰ ਤੇ ਸੰਤੁਸ਼ਟੀ ਖ਼ਤਮ ਕਰਕੇ ਉਸਨੂੰ ਅਨੇਕਾਂ ਗੰਭੀਰ ਸਰੀਰਕ ਰੋਗਾਂ ਦੇ ਨਾਲ-ਨਾਲ ਗੰਭੀਰ ਮਾਨਸਿਕ ਰੋਗਾਂ ਨਾਲ ਵੀ ਗ੍ਰਸਤ ਕਰ ਦਿੱਤਾ ਹੈ। ਲੋਕਾਂ ਦੀ ਮਾਨਸਿਕਤਾ ਵਿਚ ਇੱਕ ਵਿਕਾਰ ਇਹ ਹੈ ਕਿ ਇਹ ਸਰੀਰਕ ਰੋਗਾਂ ਦੇ ਇਲਾਜ ਲਈ ਹਰ ਤਰ੍ਹਾਂ ਦੀ ਦੌੜ-ਭੱਜ ਜਾਂ ਓਹੜ-ਪੋਹੜ ਤਾਂ ਕਰਦੇ ਹਨ ਪਰ ਮਾਨਸਿਕ ਰੋਗਾਂ ਦੇ ਇਲਾਜ ਪ੍ਰਤੀ ਬਹੁਤੇ ਗੰਭੀਰ ਨਹੀਂ ਹੁੰਦੇ ਹਨ। ਇੱਥੇ ਮਾਨਸਿਕ ਰੋਗਾਂ ਅਤੇ ਮਾਨਸਿਕ ਤਣਾਅ ਦੇ ਚੱਲਦਿਆਂ ਲੋਕ ਨਾ ਕੇਵਲ ਆਪਣੀ ਸਗੋਂ ਕਈ ਵਾਰ ਆਪਣੇ ਪਰਿਵਾਰ ਦੇ ਮਾਸੂਮ ਤੇ ਨਿਰਦੋਸ਼ ਮੈਂਬਰਾਂ ਦੀਆਂ ਜਾਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਅਜੋਕੇ ਮਨੁੱਖ ਅੰਦਰੋਂ ਨਿਰੰਤਰ ਘਟਦੀ ਸਹਿਣਸ਼ੀਲਤਾ ਅਤੇ ਨੈਤਿਕਤਾ ਉਸਨੂੰ ਨਿਘਾਰ ਤੇ ਤਬਾਹੀ ਵੱਲ ਲਿਜਾ ਰਹੀ ਹੈ। ਜੇਕਰ ਮਾਨਸਿਕ ਰੋਗ ਤੋਂ ਪੀੜਤ ਮਨੁੱਖ ਦੇ ਰੋਗ ਦਾ ਮੂਲ ਕਾਰਨ ਪਤਾ ਕਰਕੇ ਸਮੇਂ ਸਿਰ ਹੱਲ ਕੱਢ ਦਿੱਤਾ ਜਾਵੇ, ਤਾਂ ਅਨੇਕਾਂ ਮਾਨਸਿਕ ਰੋਗੀਆਂ ਨੂੰ ਤੰਦਰੁਸਤ ਕਰਕੇ ਚੰਗਾ ਜੀਵਨ ਜਿਊਣ ਦੇ ਕਾਬਿਲ ਬਣਾਇਆ ਜਾ ਸਕਦਾ ਹੈ।
ਜੇਕਰ ਸੰਸਾਰ ਪੱਧਰ ’ਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕੀਤੀ ਜਾਵੇ, ਤਾਂ ਪਤਾ ਲੱਗਦਾ ਹੈ ਮਾਨਸਿਕ ਤਣਾਅ ਦੇ ਚੱਲਦਿਆਂ ਸਾਲ 2026 ਵਿਚ ਹੁਣ ਤੱਕ 8 ਲੱਖ ਲੋਕ ਖ਼ੁਦ ਹੀ ਆਪਣੀ ਜਾਨ ਲੈ ਚੁੱਕੇ ਹਨ ਤੇ ਬੀਤੇ ਕੁਝ ਵਰਿ੍ਹਆਂ ਤੋਂ ਇਹ ਅੰਕੜਾ ਹਰ ਸਾਲ 7.20 ਲੱਖ ਤੋਂ 8 ਲੱਖ ਦੇ ਦਰਮਿਆਨ ਹੀ ਰਹਿ ਰਿਹਾ ਹੈ। ਦੁੱਖ ਅਤੇ ਚਿੰਤਾ ਦੀ ਗੱਲ ਇਹ ਵੀ ਹੈ ਕਿ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਦੀਆਂ ਮੌਤਾਂ ਵਿਚ ਵੱਡਾ ਹਿੱਸਾ ਖ਼ੁਦਕੁਸ਼ੀ ਦਾ ਹੀ ਹੈ। ਆਪਣੇ ਨਾਗਰਿਕਾਂ ਨੂੰ ਦਰਪੇਸ਼ ਮਾਨਸਿਕ ਰੋਗਾਂ ਅਤੇ ਉਨ੍ਹਾਂ ਦੇ ਕਾਰਣਾਂ ਦੇ ਨਿਪਟਾਰੇ ਹਿੱਤ ਯੂ.ਕੇ. ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸੰਨ 2018 ਵਿਚ ਪਹਿਲੀ ਵਾਰ ਆਪਣੀ ਸਰਕਾਰ ਅੰਦਰ ‘ਖ਼ੁਦਕੁਸ਼ੀ ਰੋਕੋ ਮੰਤਰਾਲਾ’ ਕਾਇਮ ਕਰਕੇ ਸ਼੍ਰੀ ਜੈਕੀ ਡੋਇਲ ਨੂੰ ਇਸ ਮੰਤਰਾਲੇ ਦਾ ਪਹਿਲਾ ਮੰਤਰੀ ਨਿਯੁਕਤ ਕਰ ਦਿੱਤਾ ਸੀ। ਮਾਨਸਿਕ ਸਮੱਸਿਆਵਾਂ ਜਾਂ ਮਾਨਸਿਕ ਰੋਗਾਂ ਦੇ ਚੱਲਦਿਆਂ ਭਾਰਤ ਵਿਚ ਵੀ ਖ਼ੁਦਕੁਸ਼ੀ ਜਾਂ ਹੱਤਿਆ ਵਰਗੇ ਅਪਰਾਧ ਕਰਨ ਵਾਲੇ ਵਿਅਕਤੀਆਂ ਦੀ ਸੰਖਿਆ ਕੋਈ ਘੱਟ ਨਹੀਂ ਹੈ ਪਰ ਸਰਕਾਰਾਂ ਦੀ ਇਸ ਗੰਭੀਰ ਸਮੱਸਿਆ ਪ੍ਰਤੀ ਉਦਾਸੀਨਤਾ ਭਾਰੀ ਚਿੰਤਾ ਦਾ ਵਿਸ਼ਾ ਹੈ। ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਿਚ 15 ਲੱਖ ਲੋਕ ਚਿੰਤਾ ਜਾਂ ਫ਼ਿਕਰ ਰੂਪੀ ਰੋਗ ਦੀ ਸ਼ਿਕਾਰ ਹੈ, ਜਦੋਂ ਕਿ ਬੰਗਲਾਦੇਸ਼ ਅਤੇ ਕੈਨੇਡਾ ਵਿਚ ਇਹ ਸੰਖਿਆ ਕ੍ਰਮਵਾਰ 60 ਲੱਖ ਅਤੇ 30 ਲੱਖ ਹੈ। ਅਮਰੀਕਾ ਵਰਗੇ ਵਿਕਸਿਤ ਮੁਲਕ ਵਿਚ ਤਾਂ ਮਾਨਸਿਕ ਤਣਾਅ ਜਾਂ ਮਾਨਸਿਕ ਰੋਗਾਂ ਦੇ ਚੱਲਦਿਆਂ ਹਰ ਸਾਲ 30,000 ਲੋਕ ਖ਼ੁਦਕੁਸ਼ੀ ਕਰ ਲੈਂਦੇ ਹਨ। ਭਾਰਤ ਵਿਚ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਦੀ ਸੰਖਿਆ 5.6 ਕਰੋੜ ਤੋਂ ਵੱਧ ਹੈ।
ਇੱਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ 28 ਕਰੋੜ ਲੋਕ ਮਾਨਸਿਕ ਰੋਗਾਂ ਤੋਂ ਪੀੜਤ ਹਨ ਤੇ ਹਰ ਪੰਜ ਬੱਚਿਆਂ ’ਚੋਂ ਇੱਕ ਬੱਚਾ ਮਾਨਸਿਕ ਤਣਾਅ ਹੰਢਾਅ ਰਿਹਾ ਹੈ।
15 ਤੋਂ 25 ਸਾਲ ਦੀ ਉਮਰ ਦੇ ਬੱਚਿਆਂ ਜਾਂ ਨੌਜਵਾਨਾਂ ਵਿਚ ਅੱਜਕਲ ਗੰਭੀਰ ਮਾਨਸਿਕ ਤਣਾਅ ਜਾਂ ਰੋਗ ਪਾਏ ਜਾ ਰਹੇ ਹਨ ਅਤੇ ਹੁਣ ਤਾਂ ਇਹ ਤਣਾਅ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅੰਦਰ ਵੀ ਪਾਇਆ ਜਾਣ ਲੱਗ ਪਿਆ ਹੈ, ਜੋ ਕਿ ਹਰੇਕ ਸਮਾਜ ਲਈ ਚਿੰਤਾ ਅਤੇ ਪ੍ਰੇਸ਼ਾਨੀ ਦਾ ਵਿਸ਼ਾ ਹੈ। ਸਿਹਤ ਮਾਹਿਰਾਂ ਅਨੁਸਾਰ ਮਾਨਸਿਕ ਰੋਗੀ ਹੋਣ ਦੇ ਮੁੱਖ ਲੱਛਣਾਂ ਵਿਚ –ਤਣਾਅਗ੍ਰਸਤ ਜਾਂ ਚਿੰਤਾਗ੍ਰਸਤ ਹੋਣਾ, ਭੁੱਖ ਅਚਾਨਕ ਘਟ ਜਾਂ ਵਧ ਜਾਣੀ, ਇੱਕਲਾਪਨ ਚੰਗਾ ਲੱਗਣਾ, ਨੀਂਦ ਨਾ ਆਉਣਾ, ਬੇਆਰਾਮੀ ਜਾਂ ਬੇਚੈਨੀ ਰਹਿਣਾ, ਹਨੇਰੇ ਵਿਚ ਰਹਿਣ ਨੂੰ ਜੀਅ ਕਰਨਾ, ਨਿੱਕੀ-ਨਿੱਕੀ ਗੱਲ ’ਤੇ ਖਿਝਣਾ, ਉਚੀ-ਉਚੀ ਚੀਕਣਾ, ਆਪਣੇ ਆਪ ਤੋਂ ਕਾਬੂ ਗੁਆ ਬੈਠਣਾ, ਨਿੱਕੀ ਜਿਹੀ ਗੱਲ ਤੋਂ ਹਿੰਸਕ ਹੋ ਜਾਣਾ, ਇਕੱਲੇ ਬੈਠਿਆਂ ਜਾਂ ਤੁਰੇ ਜਾਂਦਿਆਂ ਬੁੜਬੁੜਾਉਣਾ, ਨਸ਼ੀਲੇ ਪਦਾਰਥਾਂ ਦੇ ਸੇਵਨ ਪ੍ਰਤੀ ਰੁਚੀ ਪੈਦਾ ਹੋਣਾ ਆਦਿ ਲੱਛਣ ਪ੍ਰਮੱਖ ਹਨ। ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਕੁਝ ਇੱਕ ਮਾਨਸਿਕ ਰੋਗੀਆਂ ਦੇ ਰੋਗ ਮੌਸਮ ਤੋਂ ਵੀ ਪ੍ਰਭਾਵਿਤ ਹੁੰਦੇ ਹਨ, ਭਾਵ ਕਿਸੇ ਖ਼ਾਸ ਮੌਸਮ ਵਿਚ ਉਨ੍ਹਾਂ ਦਾ ਮਾਨਸਿਕ ਰੋਗ ਆਮ ਨਾਲੋਂ ਵਧ ਜਾਂਦਾ ਹੈ। ਮਾਨਸਿਕ ਰੋਗਾਂ ਦੇ ਜੇ ਕਾਰਨਾਂ ਦੀ ਗੱਲ ਕੀਤੀ ਜਾਵੇ, ਤਾਂ ਇਹ ਹਰੇਕ ਸ਼ਖ਼ਸ ਲਈ ਵੱਖ-ਵੱਖ ਹੁੰਦੇ ਹਨ। ਕੁਝ ਲੋਕਾਂ ਵਿਚ ਇਹ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਰੋਗ ਹੁੰਦੇ ਹਨ, ਜਦੋਂ ਕਿ ਬਾਕੀਆਂ ਵਿਚ ਮਾਨਸਿਕ ਰੋਗਾਂ ਦੇ ਮੁੱਖ ਕਾਰਣ- ‘ਮਾੜਾ ਭੋਜਨ, ਟੁੱਟਵੀਂ ਜਾਂ ਘੱਟ ਨੀਂਦ, ਬਚਪਨ ਵਿਚ ਵਾਪਰੇ ਵੱਡੇ ਹਾਦਸੇ, ਜ਼ਿੰਦਗੀ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਝੱਲਣ ਦੀ ਤਾਕਤ ਦੀ ਘਾਟ, ਘੱਟ ਸਮਝਦਾਰ ਜਾਂ ਘੱਟ ਪੜ੍ਹੇ-ਲਿਖੇ ਹੋਣਾ, ਗ਼ਰੀਬੀ ਜਾਂ ਬੇਰੁਜ਼ਗਾਰੀ, ਵਿੱਤੋਂ ਵੱਡੇ ਸੁਫ਼ਨੇ ਵੇਖਣਾ ਜਾਂ ਕਿਸੇ ਗੰਭੀਰ ਸਰੀਰਕ ਬਿਮਾਰੀ ਨਾਲ ਲੰਮੇ ਸਮੇਂ ਤੋਂ ਪੀੜ੍ਹਤ ਹੋਣਾ’ ਆਦਿ ਹੋ ਸਕਦੇ ਹਨ। ਮਾਨਸਿਕ ਰੋਗਾਂ ਦੇ ਜੇ ਇਲਾਜ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿਚ ਇਕੱਲੇਪਨ ਨੂੰ ਦੂਰ ਕਰਨ ਦੇ ਯਤਨ ਕਰਨਾ, ਧਾਰਮਿਕ ਜਾਂ ਸੰਗੀਤਕ ਢੰਗ ਤਰੀਕਿਆਂ ਨਾਲ ਤਣਾਅ ਘੱਟ ਕਰਨਾ, ਨਸ਼ੀਲੇ ਪਦਾਰਕਾਂ ਦਾ ਸੇਵਨ ਬੰਦ ਕਰਨਾ, ਸਰੀਰ ਨੂੰ ਹਮੇਸ਼ਾ ਹਰਕਤ ’ਚ ਰੱਖਣਾ ਭਾਵ ਵਿਹਲੇ ਨਾ ਬੈਠਣਾ, ਸਿਹਤ ਮਾਹਿਰਾਂ ਕੋਲੋਂ ਲੋੜੀਂਦੀ ਦਵਾਈ ਜਾਂ ਸਲਾਹ-ਮਸ਼ਵਰਾ ਸਮੇਂ ਸਿਰ ਲੈਣਾ, ਧੁੱਪ ਵਿਚ ਬੈਠਣਾ, ਜ਼ਿਆਦਾ ਨਾ ਸੋਚਣਾ, ਹਾਸੇ ਵਾਲੇ ਨਾਟਕ ਜਾਂ ਫ਼ਿਲਮਾਂ ਵੇਖਣਾ ਜਾਂ ਉਸਾਰੂ ਸਾਹਿਤ ਪੜ੍ਹਨਾ, ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਣਾ, ਮਿਲਣਸਾਰ ਬਣਨਾ, ਕੋਈ ਚੰਗਾ ਸ਼ੌਕ ਪਾਲਣਾ, ਰੋਜ਼ਾਨਾ ਕੋਈ ਸੈਰ ਜਾਂ ਕਸਰਤ ਦੀ ਆਦਤ ਪਾਉਣਾ ਅਤੇ ਅੱਖਾਂ ਬੰਦ ਕਰਕੇ ਕੁਝ ਸਮੇਂ ਲਈ ਸਮਾਧੀ ਅਵਸਥਾ ਵਾਂਗ ਧਿਆਨ ਲਗਾਉਣਾ ਆਦਿ ਜਿਹੇ ਯਤਨ ਸਾਰਥਿਕ ਨਤੀਜੇ ਲਿਆ ਸਕਦੇ ਹਨ। ਮਾਨਸਿਕ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਜਾਂ ਸਹਿਕਰਮੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਉਸ ਰੋਗੀ ਦੇ ਲੱਛਣਾਂ ਨੂੰ ਪਛਾਣਦਿਆਂ ਹੋਇਆਂ ਉਸਦੇ ਪ੍ਰਤੀ ਹਮਦਰਦੀ ਦਾ ਵਤੀਰਾ ਅਪਨਾਉਣ, ਉਸਦੇ ਰੋਗ ਦਾ ਕਾਰਣ ਪਤਾ ਕਰਕੇ ਨਿਵਾਰਣ ਹਿੱਤ ਯਤਨ ਕਰਨ, ਉਸਨੂੰ ਇੱਕਲਾ ਨਾ ਬੈਠਣ ਦੇਣ, ਸਿਗਰਟ ਜਾਂ ਸ਼ਰਾਬ ਪੀਣ ਤੋਂ ਰੋਕਣ, ਉਸ ਨਾਲ ਸਮੇਂ-ਸਮੇਂ ’ਤੇ ਗੱਲਬਾਤ ਕਰਕੇ ਉਸਦਾ ਹੌਂਸਲਾ ਵਧਾਉਂਦੇ ਰਹਿਣ ਤੇ ਉਸਨੂੰ ਢੁੱਕਵਾਂ ਵਾਤਾਵਰਣ ਦੇਣ ਦਾ ਯਤਨ ਕਰਨ।
ਗ਼ਰੀਬੀ, ਬੇਕਾਰੀ ਜਾਂ ਬੱਚਿਆਂ ਦੇ ਭਵਿੱਖ ਪ੍ਰਤੀ ਬੇਲੋੜੀ ਚਿੰਤਾ ਕਰਨੀ ਛੱਡਣ ਦੇ ਯਤਨ ਤਾਂ ਪੀੜਤ ਵਿਅਕਤੀ ਨੂੰ ਆਪ ਹੀ ਕਰਨੇ ਪੈਣਗੇ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ’’ ਅਤੇ ‘‘ਨਾਨਕ ਚਿੰਤਾ ਮਤਿ ਕਰਹੁ। ਚਿੰਤਾ ਤਿਸ ਹੀ ਹੇਇੂ ਜਲ ਮਹਿ ਜੰਤ ਉਪਾਇਅਨੁ ਤਿਨਾ ਭੀ ਰੋਜੀ ਦੇਇੂ’’ ਸੋ ਗੁਰਬਾਣੀ ਦੀ ਉਪਰੋਕਤ ਵਿਚਾਰਧਾਰਾ ਨੂੰ ਅਪਨਾਉਣ ਨਾਲ ਵੀ ਮਨੁੱਖ ਆਪਣੇ ਅੰਦਰਲੀ ਚਿੰਤਾ ਨੂੰ ਥੋੜ੍ਹਾ ਵਿਰਾਮ ਦੇ ਸਕਦਾ ਹੈ।
ਉਘੇ ਵਿਚਾਰਕ ਜੌਨ ਗਰੀਨ ਨੇ ਕਿਹਾ ਸੀ- ‘‘ਆਸ ਦਾ ਦੀਵਾ ਤਾਂ ਉਸ ਵੇਲੇ ਵੀ ਜਗ ਰਿਹਾ ਹੁੰਦਾ ਹੈ, ਜਦੋਂ ਤੁਹਾਡਾ ਦਿਮਾਗ ਜਾਂ ਮਨ ਕਹਿ ਰਿਹਾ ਹੋਵੇ ਕਿ ਕੇਵਲ ਘੁੱਪ ਹਨੇਰਾ ਹੈ’’। ਸੋ ਹਮੇਸ਼ਾ ਆਸ਼ਾਵਾਨ, ਖ਼ੁਸ਼ ਅਤੇ ਸੰਤੁਸ਼ਟ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ। ਇਹੋ ਸੋਚ ਹੀ ਮਨੁੱਖ ਨੂੰ ਮਾਨਸਿਕ ਕਸ਼ਟਾਂ ਅਤੇ ਤਣਾਅ ਤੋਂ ਮੁਕਤ ਕਰਕੇ ਖ਼ੁਸ਼ਹਾਲੀ ਵੱਲ ਲਿਜਾ ਸਕਦੀ ਹੈ।

ਰੁਝਾਨ ਖਬਰਾਂ