ਨੀਤੂ ਗੁਪਤਾ
ਆਮਤੌਰ ‘ਤੇ ਵਾਤਾਵਰਨ ਵਿਚ ਪ੍ਰਦੂਸ਼ਣ, ਗਲੇ ਵਿਚ ਇਨਫੈਕਸ਼ਨ, ਫੇਫੜਿਆਂ ਅਤੇ ਸਾਹ ਦੀ ਨਲੀ ਵਿਚ ਇਨਫੈਕਸ਼ਨ ਹੋਣ ਨਾਲ ਹੁੰਦੀ ਹੈ। ਆਮ ਖੰਘ ਜੋ ਹਵਾ ਵਿਚ ਪ੍ਰਦੂਸ਼ਣ ਦੇ ਕਾਰਨ ਹੁੰਦੀ ਹੈ, ਮੌਸਮ ਠੀਕ ਹੋਣ ‘ਤੇ ਆਪਣੇ-ਆਪ ਠੀਕ ਹੋ ਜਾਂਦੀ ਹੈ। ਇਹ ਅਕਸਰ ਦੋ ਦਿਨ ਤੋਂ ਇਕ ਹਫਤੇ ਤੱਕ ਚਲਦੀ ਹੈ। ਜਦੋਂ ਖੰਘ ਕਿਸੇ ਵੀ ਇਨਫੈਕਸ਼ਨ ਦੇ ਕਾਰਨ ਹੁੰਦੀ ਹੈ ਤਾਂ ਇਹ ਜ਼ਿਆਦਾ ਦਿਨ ਤੱਕ ਚਲਦੀ ਹੈ। ਇਹ ਹੋਰ ਕਿਸੇ ਬਿਮਾਰੀ ਦਾ ਲੱਛਣ ਵੀ ਹੋ ਸਕਦੀ ਹੈ। ਖੰਘ ਸੰਕ੍ਰਾਮਕ ਰੋਗ ਵੀ ਹੈ, ਜੋ ਦੂਜੇ ਨੂੰ ਅਸਾਨੀ ਨਾਲ ਆਪਣੀ ਗ੍ਰਿਫਤ ਵਿਚ ਲੈ ਲੈਂਦਾ ਹੈ। ਖੰਘ ਕਈ ਤਰ੍ਹਾਂ ਦੀ ਹੁੰਦੀ ਹੈ। ਆਮ ਤੌਰ ‘ਤੇ ਠਸਕੇ ਵਾਲੀ, ਕੁਕੁਰ, ਕਾਲੀ ਅਤੇ ਦਮੇ ਨਾਲ ਹੋਣ ਵਾਲੀ ਖੰਘ ਹੁੰਦੀ ਹੈ। ਠਸਕੇ ਵਾਲੀ ਖੰਘ ਉਹ ਹੁੰਦੀ ਹੈ ਜਿਸ ਵਿਚ ਰੋਗੀ ਨੂੰ ਖੰਘ ਦਾ ਦੌਰਾ ਪੈਂਦਾ ਹੈ। ਕਾਲੀ ਖੰਘ ਉਹ ਹੁੰਦੀ ਹੈ ਜੋ ਲਗਾਤਾਰ ਆਉਂਦੀ ਰਹੇ, ਸਾਹ ਲੈਣ ਦਾ ਵੀ ਮੌਕਾ ਨਹੀਂ ਮਿਲਦਾ ਅਤੇ ਕਾਫੀ ਦੇਰ ਬਾਅਦ ਸਾਹ ਆਉਂਦਾ ਹੈ। ਅਕਸਰ ਇਹ ਬੱਚਿਆਂ ਅਤੇ ਅੱਲ੍ਹੜਾਂ ਨੂੰ ਹੁੰਦੀ ਹੈ।
ਕਦੇ-ਕਦੇ ਖੰਘ ਐਸੀਡਿਟੀ ਦੇ ਕਾਰਨ ਵੀ ਹੁੰਦੀ ਹੈ ਅਤੇ ਬੱਚਿਆਂ ਵਿਚ ਪੇਟ ਦੇ ਕੀੜੇ ਹੋਣ ਨਾਲ ਜੋ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ, ਉਦੋਂ ਵੀ ਖੰਘ ਹੁੰਦੀ ਹੈ। ਨਿਮੋਨੀਆ ਅਤੇ ਦਿਲ ਦੀ ਬਿਮਾਰੀ ਦੀ ਵਜ੍ਹਾ ਨਾਲ ਵੀ ਖੰਘ ਹੁੰਦੀ ਹੈ।
ਬੇਚੈਨੀ, ਅੱਖਾਂ ਵਿਚ ਖੂਨ ਜਾਂ ਲਾਲੀ ਆ ਜਾਣੀ, ਸਿਰਦਰਦ ਹੋਣੀ, ਛਾਤੀ ਵਿਚ ਦਰਦ ਹੋਣੀ, ਫੇਫੜਿਆਂ ਵਿਚ ਸੋਜ ਦਾ ਆਉਣਾ, ਇਹ ਸਭ ਮੁਸ਼ਕਿਲਾਂ ਖੰਘ ਦੇ ਰੋਗੀ ਨੂੰ ਹੋ ਸਕਦੀਆਂ ਹਨ। ਅਜਿਹਾ ਮਹਿਸੂਸ ਹੋਣ ‘ਤੇ ਰੋਗੀ ਨੂੰ ਡਾਕਟਰ ਨਾਲ ਸਲਾਹ ਛੇਤੀ ਕਰਨੀ ਚਾਹੀਦੀ ਹੈ।
ਖਾਣੇ ਵਿਚ ਪ੍ਰਹੇਜ਼ ਕਰੋ : ਖੰਘ ਦੇ ਮਰੀਜ਼ਾਂ ਨੂੰ ਮੂੰਗਫਲੀ ਖਾਣ ਤੋਂ ਬਾਅਦ ਪਾਣੀ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਚਟਪਟੀਆਂ ਅਤੇ ਖੱਟੀਆਂ ਚੀਜ਼ਾਂ, ਠੰਢਾ ਪਾਣੀ, ਦਹੀਂ, ਲੱਸੀ, ਸਿਰਕਾ, ਅਚਾਰ, ਅਰਬੀ, ਭਿੰਡੀ, ਰਾਜਮਾਂਹ, ਉੜਦ ਦੀ ਦਾਲ, ਲੇਸਦਾਰ ਚੀਜ਼ਾਂ, ਖੱਟੇ ਫਲ, ਕੋਲਡ ਡ੍ਰਿੰਕ, ਕੇਲਾ, ਇਮਲੀ, ਤਲੇ ਹੋਏ ਭੋਜਨ ਦਾ ਸੇਵਨ ਨਾ ਕਰੋ। ਫਰਿੱਜ ਵਿਚ ਰੱਖੀਆਂ ਚੀਜ਼ਾਂ ਵੀ ਸਿੱਧੀਆਂ ਨਾ ਖਾਓ। ਚਾਕਲੇਟ, ਠੰਢੇ ਦੁੱਧ ਤੋਂ ਵੀ ਪ੍ਰਹੇਜ਼ ਕਰੋ। ਕੁਝ ਵੀ ਗਰਮ ਖਾਣੇ ਤੋਂ ਬਾਅਦ ਠੰਢਾ ਪਾਣੀ ਨਾ ਪੀਓ।
ਕੁਝ ਗੱਲਾਂ ਦਾ ਧਿਆਨ ਰੱਖੋ
ਜਦੋਂ ਐਸੀਡਿਟੀ ਦੇ ਕਾਰਨ ਖੰਘ ਹੋਵੇ ਤਾਂ ਐਸੀਡਿਟੀ ਦਾ ਇਲਾਜ ਜ਼ਰੂਰ ਕਰਵਾਓ, ਕਿਉਂਕਿ ਪੇਟ ਵਿਚ ਬਣਿਆ ਐਸਿਡ ਉੱਪਰ ਚੜ੍ਹ ਕੇ ਸਾਹ ਦੀ ਨਲੀ ਵਿਚ ਚਲਾ ਜਾਂਦਾ ਹੈ, ਜਿਸ ਨਾਲ ਖੰਘ ਹੋ ਜਾਂਦੀ ਹੈ।
ਕਈ ਵਾਰ ਦਿਲ ਦਾ ਖੱਬਾ ਹਿੱਸਾ ਵਧ ਜਾਂਦਾ ਹੈ ਜਾਂ ਫੇਫੜਿਆਂ ਦੀਆਂ ਨਸਾਂ ‘ਤੇ ਪ੍ਰੈਸ਼ਰ ਜ਼ਿਆਦਾ ਪੈਂਦਾ ਹੈ ਤਾਂ ਖੰਘ ਹੁੰਦੀ ਹੈ। ਇਸ ਨੂੰ ਦਿਲ ਦਾ ਅਸਥਮਾ ਵੀ ਕਹਿੰਦੇ ਹਨ।
ਖੰਘ ਦਮੇ ਦਾ ਲੱਛਣ ਵੀ ਹੋ ਸਕਦੀ ਹੈ। ਦਮੇ ਦੀ ਖੰਘ ਵਿਚ ਖੰਘਦੇ ਸਮੇਂ ਸੀਟੀ ਦੀ ਆਵਾਜ਼ ਆਉਂਦੀ ਹੈ।
ਕਦੇ-ਕਦੇ ਖਾਣਾ ਖਾਂਦੇ ਸਮੇਂ ਖੰਘ ਛਿੜ ਪੈਂਦੀ ਹੈ ਤਾਂ ਖਾਣੇ ਦਾ ਕੁਝ ਹਿੱਸਾ ਸਾਹ ਦੀ ਨਲੀ ਵਿਚ ਚਲਾ ਜਾਂਦਾ ਹੈ। ਅਜਿਹੇ ਵਿਚ ਕੋਸਾ ਪਾਣੀ ਰੋਗੀ ਨੂੰ ਪਿਲਾਓ ਅਤੇ ਪਿੱਠ ਨੂੰ ਸਹਿਲਾਓ। ਨਾ ਆਰਾਮ ਆਵੇ ਤਾਂ ਡਾਕਟਰ ਨੂੰ ਦਿਖਾਓ।
ਕਈ ਲੋਕਾਂ ਨੂੰ ਲੰਮੇ ਪੈਣ ਸਮੇਂ ਖੰਘ ਵਧ ਜਾਂਦੀ ਹੈ, ਕਿਉਂਕਿ ਲੰਮੇ ਪੈਣ ‘ਤੇ ਦਿਲ ‘ਤੇ ਦਬਾਅ ਵਧ ਜਾਂਦਾ ਹੈ।
ਤਿੰਨ ਹਫਤੇ ਤੱਕ ਲਗਾਤਾਰ ਖੰਘ ਰਹੇ ਤਾਂ ਟੀ. ਬੀ. ਦੀ ਜਾਂਚ ਕਰਾਓ ਅਤੇ ਬਲਗਮ ਦੀ ਵੀ ਜਾਂਚ ਕਰਾਉਣੀ ਚਾਹੀਦੀ ਹੈ।
ਖੰਘਦੇ ਸਮੇਂ ਨੈਪਕਿਨ ਦੀ ਵਰਤੋਂ ਕਰੋ ਅਤੇ ਨੈਪਕਿਨ ਨੂੰ ਕੂੜੇ ਵਾਲੇ ਡੱਬੇ ਵਿਚ ਸੁੱਟ ਦਿਓ।
ਖੰਘ ਕਦੇ-ਕਦੇ ਸਵਾਈਨ ਫਲੂ ਦਾ ਲੱਛਣ ਵੀ ਹੋ ਸਕਦੀ ਹੈ।
ਖੰਘ ਵਾਲੇ ਰੋਗੀਆਂ ਨੂੰ ਸਾਹਮਣੇ ਵਾਲਿਆਂ ਤੋਂ ਮੂੰਹ ਕਰਕੇ ਖੰਘਣਾ ਚਾਹੀਦਾ ਹੈ।
ਕੁਝ ਘਰੇਲੂ ਇਲਾਜ
ਘਰੇਲੂ ਇਲਾਜ ਦੋ-ਤਿੰਨ ਦਿਨ ਕਰੋ। ਜੇ ਲਾਭ ਨਾ ਮਿਲੇ ਤਾਂ ਡਾਕਟਰ ਨਾਲ ਸਲਾਹ ਕਰੋ।
ਦੁੱਧ ਵਿਚ ਸੁੰਢ ਪਾ ਕੇ ਪੀਓ।
ਸੁੰਢ ਗਰਮ ਪਾਣੀ ਦੇ ਨਾਲ ਵੀ ਲੈ ਸਕਦੇ ਹੋ।
ਪਾਣੀ ਕੋਸਾ ਕਰਕੇ ਪੀਓ।
ਮਲੱਠੀ ਚੂਸੋ।
ਸ਼ਹਿਦ, ਕਿਸ਼ਮਿਸ਼, ਮੁਨੱਕੇ ਦਾ ਸੇਵਨ ਕਰੋ। ਸ਼ੂਗਰ ਵਾਲੇ ਰੋਗੀ ਨਾ ਲੈਣ। ਉਹ ਇਕ-ਦੋ ਅੰਜੀਰ ਪੀਸ ਕੇ ਰਾਤ ਨੂੰ ਭਿਉਂ ਕੇ ਸਵੇਰੇ ਲੈਣ।
ਹਿੰਗ, ਤ੍ਰਿਫਲਾ, ਮੁਲੱਠੀ ਅਤੇ ਮਿਸ਼ਰੀ ਨੂੰ ਨਿੰਬੂ ਦੇ ਰਸ ਵਿਚ ਮਿਲਾ ਕੇ ਚੱਟੋ।
ਤ੍ਰਿਫਲਾ ਅਤੇ ਸ਼ਹਿਦ ਬਰਾਬਰ ਮਾਤਰਾ ਵਿਚ ਮਿਲਾ ਕੇ ਲੈਣ ਨਾਲ ਲਾਭ ਹੁੰਦਾ ਹੈ।
ਰਾਤ ਨੂੰ ਗਰਮ ਚਾਹ ਜਾਂ ਦੁੱਧ ਦੇ ਨਾਲ ਅੱਧਾ ਚਮਚ ਹਲਦੀ ਫੱਕੋ।
ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਓ।
ਕੋਸੇ ਪਾਣੀ ਜਾਂ ਕੋਸੇ ਦੁੱਧ ਦੇ ਗਰਾਰੇ ਦਿਨ ਵਿਚ ਦੋ ਵਾਰ ਕਰੋ।
ਵਿਕਸ, ਯੂਕੇਲਿਪਟਸ ਤੇਲ ਨੂੰ ਗਰਮ ਪਾਣੀ ਵਿਚ ਪਾ ਕੇ ਭਾਫ ਲੈ ਸਕਦੇ ਹੋ। ਚਾਹੋ ਤਾਂ ਸਿਰਫ ਗਰਮ ਪਾਣੀ ਦੀ ਭਾਫ ਵੀ ਲੈ ਸਕਦੇ ਹੋ।
ਰਾਤ ਨੂੰ ਸਰ੍ਹੋਂ ਦਾ ਤੇਲ ਗਰਮ ਕਰਕੇ ਛਾਤੀ ‘ਤੇ ਹਲਕੇ ਹੱਥਾਂ ਨਾਲ ਮਲੋ। ਉਸ ਤੋਂ ਬਾਅਦ ਰੂੰ ਜਾਂ ਗਰਮ ਕੱਪੜਾ ਛਾਤੀ ‘ਤੇ ਬੰਨ੍ਹ ਦਿਓ।
ਇਕ ਪਤਾਸੇ ਵਿਚ ਇਕ ਕਾਲੀ ਮਿਰਚ ਪਾ ਕੇ ਚਬਾਓ। ਦੋ ਤੋਂ ਤਿੰਨ ਪਤਾਸੇ ਇਕ ਦਿਨ ਵਿਚ ਇਕ ਵਾਰ ਵਿਚ ਲੈ ਸਕਦੇ ਹੋ।
ਛਾਤੀ ‘ਤੇ ਗਰਮ ਪਾਣੀ ਦੀ ਬੋਤਲ ਦੀ ਟਕੋਰ ਵੀ ਕਰ ਸਕਦੇ ਹੋ।
ਧੂੰਏਂ ਅਤੇ ਧੂੜ ਤੋਂ ਬਚਾਅ ਰੱਖੋ।
ਖੰਘ ਤੋਂ ਬਚੋ

