ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਦਾ ਮਸਕ ਨੂੰ ਦੋ-ਟੁੱਕ ਜਵਾਬ: ਅਸੀਂ ਕੈਨੇਡਾ ਤੋਂ ਵੱਖ ਨਹੀਂ ਹੋਵਾਂਗੇ
ਕੈਲਗਰੀ (ਏਕਜੋਤ ਸਿੰਘ): ਅਮਰੀਕੀ ਕਾਰੋਬਾਰੀ ਅਤੇ ਤਕਨਾਲੋਜੀ ਜਗਤ ਦੇ ਦਿੱਗਜ ਐਲੋਨ ਮਸਕ ਵੱਲੋਂ ਅਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਹੋਣ ਦੀ ਦਿੱਤੀ ਗਈ ਸਲਾਹ ਨੂੰ ਦੋਵਾਂ ਸੂਬਿਆਂ ਦੇ ਪ੍ਰੀਮੀਅਰਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਖ਼ਰਬਪਤੀ ਉਦਯੋਗਪਤੀ ਨੇ ਆਪਣੇ ਸੋਸ਼ਲ ਮੀਡੀਆ ਮੰਚ ਐਕਸ ‘ਤੇ ਦਾਅਵਾ ਕੀਤਾ ਸੀ ਕਿ ਜੇਕਰ ਕਿਊਬੈਕ ਦੇ ਨਾਲ-ਨਾਲ ਦੋਵੇਂ ਪ੍ਰੇਰੀ ਸੂਬੇ ਅਲਬਰਟਾ ਅਤੇ ਸਸਕੈਚਵਨ ਕੈਨੇਡਾ ਤੋਂ ਆਜ਼ਾਦ ਹੋ ਜਾਣ ਤਾਂ ਇਸ ਨਾਲ ਉਨ੍ਹਾਂ ਨੂੰ ਆਰਥਿਕ ਲਾਭ ਮਿਲੇਗਾ। ਇਸ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਏ ਨੇ ਸੋਸ਼ਲ ਮੀਡੀਆ ‘ਤੇ ਸਿਰਫ਼ ‘ਨਾਂਹ’ ਲਿਖ ਕੇ ਮਸਕ ਦੀ ਤਜਵੀਜ਼ ਨੂੰ ਠੁਕਰਾ ਦਿੱਤਾ। ਪ੍ਰੀਮੀਅਰ ਮੋਏ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਸੱਚੇ ਕੈਨੇਡੀਅਨ ਹਨ, ਹਾਲਾਂਕਿ ਜੇਕਰ ਸੂਬੇ ਦੇ ਲੋਕ ਪਟੀਸ਼ਨ ਦਾਇਰ ਕਰਨਗੇ ਤਾਂ ਉਹ ਜਮਹੂਰੀ ਪ੍ਰਕਿਰਿਆ ਨੂੰ ਨਹੀਂ ਰੋਕਣਗੇ। ਦੂਜੇ ਪਾਸੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਵੀ ਮਸਕ ਦੀ ਇਸ ਰਾਇ ਨਾਲ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਈ ਹੈ। ਸਮਿੱਥ ਨੇ ਸਾਫ਼ ਕੀਤਾ ਹੈ ਕਿ ਉਹ ਆਉਣ ਵਾਲੇ ਪ੍ਰੋਵਿੰਸ਼ੀਅਲ ਰੈਫਰੈਂਡਮ ਵਿੱਚ ਕੈਨੇਡਾ ਦੇ ਨਾਲ ਬਣੇ ਰਹਿਣ ਦੇ ਪੱਖ ਵਿੱਚ ਵੋਟ ਪਾਉਣਗੇ। ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਅਲਬਰਟਾ ਦੇ ਨਾਗਰਿਕ ਇਸ ਗੱਲ ‘ਤੇ ਵੋਟ ਪਾਉਣ ਜਾ ਰਹੇ ਹਨ ਕਿ ਕੀ ਸੂਬੇ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣਾ ਚਾਹੀਦਾ ਹੈ ਜਾਂ ਫਿਰ ਦੇਸ਼ ਤੋਂ ਵੱਖ ਹੋਣ ਲਈ ਇੱਕ ਦੂਜਾ ਬੰਧਨਕਾਰੀ ਰੈਫਰੈਂਡਮ ਕਰਵਾਇਆ ਜਾਵੇ। ਭਾਵੇਂ ਐਲੋਨ ਮਸਕ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਸੀ, ਪਰ ਉਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ ਵੀ ਹੈ ਅਤੇ ਉਨ੍ਹਾਂ ਦਾ ਇਸ ਮੁਲਕ ਨਾਲ ਗੂੜ੍ਹਾ ਸਬੰਧ ਰਿਹਾ ਹੈ। ਉਨ੍ਹਾਂ ਦੀ ਮਾਤਾ ਦਾ ਪਾਲਣ-ਪੋਸ਼ਣ ਸਸਕੈਚਵਨ ਵਿੱਚ ਹੋਇਆ ਸੀ ਜਿੱਥੇ ਮਸਕ ਨੇ ਖ਼ੁਦ ਜਵਾਨੀ ਵਿੱਚ ਖੇਤਾਂ ‘ਤੇ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਵੈਨਕੂਵਰ ਅਤੇ ਓਨਟਾਰੀਓ ਦੀ ਕੁਈਨਜ਼ ਯੂਨੀਵਰਸਿਟੀ ਵਿੱਚ ਵੀ ਪੜ੍ਹਦੇ ਰਹੇ ਹਨ। ਦੋਵਾਂ ਸੂਬਿਆਂ ਦੀ ਲੀਡਰਸ਼ਿਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਦੀ ਅਖੰਡਤਾ ਸਭ ਤੋਂ ਉੱਪਰ ਹੈ।
ਐਲੋਨ ਮਸਕ ਵੱਲੋਂ ਕੈਨੇਡਾ ਦੀ ਵੰਡ ਦੀ ਪੇਸ਼ਕਸ਼, ਅਲਬਰਟਾ ਅਤੇ ਸਸਕੈਚਵਨ ਦੇ ਪ੍ਰੀਮੀਅਰਾਂ ਨੇ ਝਾੜਿਆ

