9.7 C
Vancouver
Friday, November 6, 2026

ਅਲਬਰਟਾ ਵਿੱਚ ਫੌਜੀ ਬੁਨਿਆਦੀ ਢਾਂਚੇ ਲਈ 8 ਬਿਲੀਅਨ ਡਾਲਰ ਦੇ ਫੈਡਰਲ ਫੰਡ ਦਾ ਐਲਾਨ

ਕੋਲਡ ਲੇਕ ਬੇਸ ‘ਤੇ ਤਾਇਨਾਤ ਹੋਣਗੇ ਨਵੇਂ F-35 ਲੜਾਕੂ ਜਹਾਜ਼, 40,000 ਨੌਕਰੀਆਂ ਦੇ ਮੌਕੇ ਪੈਦਾ ਹੋਣਗੇ
ਐਡਮਿੰਟਨ (ਏਕਜੋਤ ਸਿੰਘ): ਕੈਨੇਡੀਅਨ ਫੋਰਸਿਜ਼ ਬੇਸ ਐਡਮਿੰਟਨ ਵਿਖੇ ਕੌਮੀ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਅਲਬਰਟਾ ਸੂਬੇ ਵਿੱਚ ਫੌਜੀ ਖੇਤਰ ਦੇ ਵਿਕਾਸ ਲਈ 8 ਬਿਲੀਅਨ ਡਾਲਰ ਦੇ ਨਿਰੰਤਰ ਰੱਖਿਆ ਨਿਵੇਸ਼ ਦਾ ਐਲਾਨ ਕੀਤਾ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਦੀ ਮੌਜੂਦਗੀ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਵੱਡੇ ਪੈਕੇਜ ਵਿੱਚੋਂ 550 ਮਿਲੀਅਨ ਡਾਲਰ ਰਾਇਲ ਕੈਨੇਡੀਅਨ ਏਅਰ ਫੋਰਸ ਦੇ ਸੀਸੀ-330 ਹਸਕੀ ਏਅਰ ਟੈਂਕਰ ਅਤੇ ਟਰਾਂਸਪੋਰਟ ਜਹਾਜ਼ਾਂ ਲਈ ਇੱਕ ਪੱਛਮੀ ਓਪਰੇਟਿੰਗ ਬੇਸ ਤਿਆਰ ਕਰਨ ‘ਤੇ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਸੀਐਫਬੀ ਕੋਲਡ ਲੇਕ ਨੂੰ ਨਵੇਂ ਆਰਡਰ ਕੀਤੇ F-35 ਲੜਾਕੂ ਜਹਾਜ਼ਾਂ ਦੇ ਸੰਚਾਲਨ ਅਤੇ ਲੜਾਕੂ ਸਮਰੱਥਾ ਵਧਾਉਣ ਲਈ 4 ਬਿਲੀਅਨ ਡਾਲਰ ਦਿੱਤੇ ਜਾਣਗੇ।
ਇਸ ਰੱਖਿਆ ਯੋਜਨਾ ਤਹਿਤ ਸੀਐਫਬੀ ਸਫ਼ੀਲਡ ਵਿਖੇ 750 ਮਿਲੀਅਨ ਡਾਲਰ ਦੀ ਲਾਗਤ ਨਾਲ ਇੱਕ ਆਧੁਨਿਕ ਕੈਮੀਕਲ, ਬਾਇਓਲੌਜੀਕਲ, ਰੇਡੀਓਲੌਜੀਕਲ ਅਤੇ ਨਿਊਕਲੀਅਰ ਲੈਬਾਰਟਰੀ ਸਮੇਤ ਅਸੈਸਮੈਂਟ ਸੈਂਟਰ ਸਥਾਪਤ ਕੀਤਾ ਜਾਵੇਗਾ। ਇਸ ਸੈਂਟਰ ਦਾ ਮੁੱਖ ਕੰਮ ਨਵੇਂ ਖ਼ਤਰਿਆਂ ਦੀ ਪਛਾਣ ਕਰਨਾ ਅਤੇ ਕੈਨੇਡੀਅਨ ਫੌਜੀ ਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੋਵੇਗਾ। ਅਧਿਕਾਰੀਆਂ ਅਨੁਸਾਰ ਇਸ ਸਮੁੱਚੇ ਫੌਜੀ ਨਿਵੇਸ਼ ਨਾਲ ਸੂਬੇ ਭਰ ਵਿੱਚ ਲਗਭਗ 40,000 ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਅਲਬਰਟਾ ਵਿੱਚ ਕੈਨੇਡਾ ਤੋਂ ਵੱਖ ਹੋਣ ਸਬੰਧੀ ਰੈਫਰੈਂਡਮ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਾਕੀ ਹੋਣ ਕਾਰਨ ਇਸ ਫੰਡਿੰਗ ਨੂੰ ਸਿਆਸੀ ਪੱਖੋਂ ਵੀ ਕਾਫ਼ੀ ਮੰਨਿਆ ਜਾ ਰਿਹਾ ਹੈ। ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕਿਹਾ ਕਿ ਇਹ ਐਲਾਨ ਅਲਬਰਟਾ ਦੀ ਕੈਨੇਡਾ ਦੀ ਸੁਰੱਖਿਆ ਵਿੱਚ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਵਾਂ ਸਰਕਾਰਾਂ ਵਿਚਾਲੇ ਬਿਹਤਰ ਸਬੰਧਾਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪਾਈਪਲਾਈਨ ਪ੍ਰਾਜੈਕਟ, ਕਿਫ਼ਾਇਤੀ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਤੋਂ ਬਾਅਦ ਇਹ ਕਦਮ ਦਰਸਾਉਂਦਾ ਹੈ ਕਿ ਫੈਡਰਲ ਸਰਕਾਰ ਅਲਬਰਟਾ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਰੱਖਿਆ ਮੰਤਰੀ ਮੈਕਗਿੰਟੀ ਨੇ ਯੂਕਰੇਨ ਯੁੱਧ ਅਤੇ ਆਲਮੀ ਅਸਥਿਰਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਸਾਰੇ ਦੇਸ਼ ਨੂੰ ਇਕਜੁੱਟ ਹੋ ਕੇ ਆਪਣੀਆਂ ਫੌਜੀ ਤਾਕਤਾਂ ਨੂੰ ਮਜ਼ਬੂਤ ਕਰਨਾ ਪਵੇਗਾ।

ਰੁਝਾਨ ਖਬਰਾਂ