ਨੌਜਵਾਨਾਂ ਨੂੰ ਨੌਕਰੀ ਦੇਣ ਵਾਲੀਆਂ ਫ਼ਰਮਾਂ ਨੂੰ ਮਿਲੇਗਾ 5,000 ਡਾਲਰ ਟੈਕਸ ਕ੍ਰੈਡਿਟ
ਵੈਨਕੂਵਰ (ਏਕਜੋਤ ਸਿੰਘ): ਬੀਸੀ ਐਨਡੀਪੀ ਦੇ ਆਗੂ ਡੇਵਿਡ ਈਬੀ ਨੇ ਅਮਰੀਕੀ ਟੈਰਿਫਾਂ ਦੀ ਮਾਰ ਝੱਲ ਰਹੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਸਹਾਇਤਾ ਲਈ ਵਿਆਜ-ਮੁਕਤ ਕਰਜ਼ੇ ਦੇਣ ਦਾ ਐਲਾਨ ਕੀਤਾ ਹੈ। 24 ਅਕਤੂਬਰ ਦੀਆਂ ਸੂਬਾਈ ਚੋਣਾਂ ਦੇ ਮੱਦੇਨਜ਼ਰ ਸਰੀ ਦੇ ਨਿਊਟਨ ਇਲਾਕੇ ਵਿੱਚ ਸਥਿਤ ਇੱਕ ਭਾਰਤੀ ਕਰਿਆਨਾ ਸਟੋਰ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਈਬੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਪਾਰਕ ਜੰਗ ਅਤੇ ਗਲੋਬਲ ਮਹਿੰਗਾਈ ਨੇ ਆਮ ਨਾਗਰਿਕਾਂ ਦੇ ਘਰੇਲੂ ਬਜਟ ਅਤੇ ਸਥਾਨਕ ਕਾਰੋਬਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਾਰੋਬਾਰੀਆਂ ਨੂੰ ਮਾਲ ਢੋਆ-ਢੁਆਈ ਲਈ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਈਬੀ ਨੇ ਦੱਸਿਆ ਕਿ ਯੋਗ ਕਾਰੋਬਾਰਾਂ ਨੂੰ ਸੰਕਟ ਵਿੱਚੋਂ ਕੱਢਣ ਲਈ 72 ਮਹੀਨਿਆਂ ਦੀ ਮਿਆਦ ਵਾਸਤੇ 1 ਮਿਲੀਅਨ ਡਾਲਰ ਤੱਕ ਦੇ ਵਿਆਜ-ਰਹਿਤ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨਾਂ ਦੇ ਰੁਜ਼ਗਾਰ ਨੂੰ ਹੁਲਾਰਾ ਦੇਣ ਲਈ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ, ਜਿਸ ਤਹਿਤ ਕਿਸੇ ਨੌਜਵਾਨ ਨੂੰ ਪਹਿਲੀ ਨੌਕਰੀ ਦੇਣ ਵਾਲੇ ਕਾਰੋਬਾਰੀਆਂ ਨੂੰ 5,000 ਡਾਲਰ ਦਾ ਰਿਫੰਡੇਬਲ ਟੈਕਸ ਕ੍ਰੈਡਿਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੈਨੇਡਾ ਤੋਂ ਬਾਹਰ ਗ਼ੈਰ-ਅਮਰੀਕੀ ਕੌਮਾਂਤਰੀ ਬਾਜ਼ਾਰਾਂ ਵਿੱਚ ਨਿਰਯਾਤ ਕਰਨ ਦੇ ਚਾਹਵਾਨ ਵਪਾਰੀਆਂ ਦੀ ਸਹਾਇਤਾ ਲਈ ਨੇਵੀਗੇਟਰ ਪ੍ਰੋਗਰਾਮ ਦਾ ਦਾਇਰਾ ਹੋਰ ਵਧਾਇਆ ਜਾਵੇਗਾ। ਪ੍ਰੈੱਸ ਕਾਨਫ਼ਰੰਸ ਦੌਰਾਨ ਈਬੀ ਨੇ ਬੀਸੀ ਕੰਜ਼ਰਵੇਟਿਵ ਆਗੂ ਲੋਰਨ ਡੋਰਕਸਨ ਦੇ ਲੀਕ ਹੋਏ ਪੱਤਰ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਨੇ ਨਿੱਜੀ ਬੀਮਾ ਕੰਪਨੀਆਂ ਅਤੇ ਵਕੀਲਾਂ ਨਾਲ ਗੁਪਤ ਸਮਝੌਤਾ ਕਰਕੇ ਮੌਜੂਦਾ ਨੋ-ਫ਼ਾਲਟ ਬੀਮਾ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਹੈ, ਜਿਸ ਨਾਲ ਲੋਕਾਂ ਦਾ ਕਾਰ ਬੀਮਾ ਦੁੱਗਣਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰੀ ਸੂਬੇ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹੈ ਜਿੱਥੇ ਹਰ ਪਰਿਵਾਰ ਕੋਲ ਕਾਰਾਂ ਹਨ, ਇਸ ਲਈ ਬੀਮਾ ਦਰਾਂ ਵਿੱਚ ਵਾਧਾ ਸਿੱਧਾ ਉਨ੍ਹਾਂ ਦੀ ਜੇਬ ‘ਤੇ ਡਾਕਾ ਹੋਵੇਗਾ। ਈਬੀ ਨੇ ਦਾਅਵਾ ਕੀਤਾ ਕਿ ਐਨਡੀਪੀ ਦਾ ਹਰ ਚੋਣ ਵਾਅਦਾ ਪੂਰੀ ਤਰ੍ਹਾਂ ਬਜਟ ਅਨੁਸਾਰ ਤਿਆਰ ਕੀਤਾ ਗਿਆ ਹੈ।
ਅਮਰੀਕੀ ਵਪਾਰਕ ਜੰਗ ਨਾਲ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਨੂੰ ਬਿਨਾਂ ਵਿਆਜ ਕਰਜ਼ੇ ਦੇਵੇਗੀ ਐਨ.ਡੀ.ਪੀ.

