12.6 C
Vancouver
Tuesday, October 6, 2026

ਰੈਜ਼ੀਡੈਂਸ਼ੀਅਲ ਸਕੂਲਾਂ ਦੇ ਦਰਦ ਦੀ ਯਾਦ ’ਚ ਜੁੜਿਆ ਕੈਨੇਡਾ

ਪਾਰਲੀਮੈਂਟ ਹਿੱਲ ‘ਤੇ ਲਹਿਰਾਇਆ ਸਰਵਾਈਵਰਜ਼ ਫਲੈਗ, ਡਾਕ ਟਿਕਟਾਂ ਵੀ ਜਾਰੀ
ਏਕਜੋਤ ਸਿੰਘ
ਕੈਨੇਡਾ ਭਰ ਵਿੱਚ 6ਵਾਂ ਸਾਲਾਨਾ ‘ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ’ ਪੂਰੀ ਸ਼ਰਧਾ ਅਤੇ ਗੰਭੀਰਤਾ ਨਾਲ ਮਨਾਇਆ ਗਿਆ। ਇਸ ਇਤਿਹਾਸਕ ਮੌਕੇ ‘ਤੇ ਦੇਸ਼ ਦੀ ਨਵੀਂ ਗਵਰਨਰ ਜਨਰਲ ਲੁਈਸ ਆਰਬਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਇੱਕ ਬਿਹਤਰ, ਮਜ਼ਬੂਤ ਅਤੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਦੇਸ਼ ਦੇ ਅਤੀਤ ਦੇ ਉਨ੍ਹਾਂ ਪਹਿਲੂਆਂ ਦਾ ਸਾਹਮਣਾ ਕਰਨਾ ਬੇਹੱਦ ਜ਼ਰੂਰੀ ਹੈ, ਜੋ ਦੁਖਦਾਈ, ਪਰੇਸ਼ਾਨ ਕਰਨ ਵਾਲੇ ਅਤੇ ਕਾਲੇ ਰਹੇ ਹਨ। ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ‘ਤੇ ਬਿਰਾਜਮਾਨ ਹੋਣ ਤੋਂ ਬਾਅਦ ਲੁਈਸ ਆਰਬਰ ਵੱਲੋਂ ਇਸ ਦਿਨ ਨੂੰ ਮਨਾਉਣ ਦਾ ਇਹ ਪਹਿਲਾ ਮੌਕਾ ਸੀ। ਉਨ੍ਹਾਂ ਨੇ ਇਸ ਸਾਲ ਗਰਮੀਆਂ ਦੇ ਮੌਸਮ ਵਿੱਚ ਆਪਣੇ ਨਵੇਂ ਅਹੁਦੇ ਦਾ ਹਲਫ਼ ਲਿਆ ਸੀ। ਉਹ ਮੈਰੀ ਸਾਈਮਨ ਦੀ ਥਾਂ ਗਵਰਨਰ ਜਨਰਲ ਬਣੇ ਹਨ, ਜੋ ਕੈਨੇਡਾ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਮੂਲਨਿਵਾਸੀ ਸ਼ਖ਼ਸੀਅਤ ਸਨ।
ਦੇਸ਼ ਦੀ ਰਾਜਧਾਨੀ ਓਟਾਵਾ ਵਿਖੇ ਪਾਰਲੀਮੈਂਟ ਹਿੱਲ ‘ਤੇ ਮੁੱਖ ਯਾਦਗਾਰੀ ਸਮਾਗਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਜਾਰੀ ਕੀਤੇ ਇੱਕ ਅਧਿਕਾਰਤ ਬਿਆਨ ਵਿੱਚ ਗਵਰਨਰ ਜਨਰਲ ਆਰਬਰ ਨੇ ਸਪੱਸ਼ਟ ਕੀਤਾ ਕਿ ਆਪਣੇ ਹੀ ਅਤੀਤ ਦੀਆਂ ਭੁੱਲਾਂ ਅਤੇ ਅਪਰਾਧਾਂ ਦਾ ਸਾਹਮਣਾ ਕਰਨਾ ਮਨ ਨੂੰ ਦੁਖੀ ਅਤੇ ਬੇਚੈਨ ਕਰਨ ਵਾਲਾ ਹੋ ਸਕਦਾ ਹੈ, ਪਰ ਸੱਚ ਨੂੰ ਸਮਝਣਾ ਅਤੇ ਕਬੂਲਣਾ ਹੀ ਇੱਕ ਨਿਆਂਪੂਰਨ ਭਵਿੱਖ ਦੀ ਨੀਂਹ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕੋਈ ਮੁਲਕ ਆਪਣੇ ਅਸਲ ਇਤਿਹਾਸ ਨੂੰ ਪੂਰੀ ਇਮਾਨਦਾਰੀ ਨਾਲ ਸਵੀਕਾਰ ਨਹੀਂ ਕਰਦਾ, ਓਨਾ ਚਿਰ ਸੁਲ੍ਹਾ-ਸਫ਼ਾਈ ਦੇ ਯਤਨ ਕਦੇ ਵੀ ਜ਼ਮੀਨੀ ਹਕੀਕਤ ਨਹੀਂ ਬਣ ਸਕਦੇ। ਸੱਚ ਨੂੰ ਸਾਹਮਣੇ ਲਿਆਉਣਾ ਅਤੇ ਉਸ ਨੂੰ ਸੁਣਨਾ ਹੀ ਅਸਲ ਸ਼ਰਧਾਂਜਲੀ ਹੈ। ਬਾਅਦ ਵਿੱਚ ਦਿਨ ਚੜ੍ਹਦੇ ਹੀ ਵੈਸਟ ਬਲੌਕ ਦੇ ਸਾਹਮਣੇ ਸਰਵਾਈਵਰਜ਼ ਫਲੈਗ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਜਿੱਥੇ ਆਰਬਰ ਨੇ ਦੇਸ਼ ਵਾਸੀਆਂ ਨੂੰ ਇੱਕ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸੱਚ ਨੂੰ ਸਵੀਕਾਰ ਕਰ ਲੈਣ ਨਾਲ ਬੀਤਿਆ ਹੋਇਆ ਸਮਾਂ ਜਾਂ ਵਾਪਰਿਆ ਭਾਣਾ ਤਾਂ ਨਹੀਂ ਬਦਲ ਸਕਦਾ, ਪਰ ਇਹ ਹਰ ਨਾਗਰਿਕ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਇਤਿਹਾਸਕ ਯਾਦਾਂ ਆਪਣੇ ਨਾਲ ਇੱਕ ਵੱਡੀ ਨੈਤਿਕ ਜ਼ਿੰਮੇਵਾਰੀ ਲੈ ਕੇ ਆਉਂਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਜ਼ਿੰਮੇਵਾਰੀ ਅਤੀਤ ਵਿੱਚ ਹੋਈਆਂ ਬੇਇਨਸਾਫ਼ੀਆਂ ਨੂੰ ਪਛਾਣਨ, ਉਨ੍ਹਾਂ ਭੁੱਲਾਂ ਤੋਂ ਸਿੱਖਿਆ ਲੈਣ ਅਤੇ ਇਹ ਯਕੀਨੀ ਬਣਾਉਣ ਦੀ ਹੈ ਕਿ ਅਜਿਹਾ ਅਣਮਨੁੱਖੀ ਵਰਤਾਰਾ ਦੇਸ਼ ਦੇ ਇਤਿਹਾਸ ਵਿੱਚ ਮੁੜ ਕਦੇ ਵੀ ਨਾ ਦੁਹਰਾਇਆ ਜਾਵੇ।
ਸਰਵਾਈਵਰਜ਼ ਫਲੈਗ ਲਹਿਰਾਉਣ ਦੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਆਰਬਰ ਨੇ ਸਮੂਹ ਕੈਨੇਡੀਅਨਾਂ ਨੂੰ ਚੇਤੇ ਕਰਵਾਇਆ ਕਿ ਇਹ ਝੰਡਾ ਸਿਰਫ਼ ਇੱਕ ਰਸਮੀ ਪ੍ਰਤੀਕ ਨਹੀਂ, ਸਗੋਂ ਇਹ ਇੱਕੋ ਸਮੇਂ ਚੇਤਾਵਨੀ ਅਤੇ ਉਮੀਦ ਦੋਵਾਂ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇਹ ਝੰਡਾ ਜਿੱਥੇ ਉਸ ਸਭ ਕੁਝ ਦੀ ਯਾਦ ਦਿਵਾਉਂਦਾ ਹੈ ਜੋ ਰੈਜ਼ੀਡੈਂਸ਼ੀਅਲ ਸਕੂਲਾਂ ਰਾਹੀਂ ਬੇਰਹਿਮੀ ਨਾਲ ਤਬਾਹ ਕਰ ਦਿੱਤਾ ਗਿਆ, ਉੱਥੇ ਹੀ ਇਹ ਉਸ ਅਦੁੱਤੀ ਹੌਸਲੇ ਨੂੰ ਵੀ ਦਰਸਾਉਂਦਾ ਹੈ ਜੋ ਮੁਸੀਬਤਾਂ ਦੇ ਬਾਵਜੂਦ ਅੱਜ ਵੀ ਖਿੜ-ਫੁੱਲ ਰਿਹਾ ਹੈ। ਇਹ ਝੰਡਾ ਉਨ੍ਹਾਂ ਮੂਲਵਾਸੀ ਭਾਈਚਾਰਿਆਂ ਦੀ ਰੂਹ, ਸੱਭਿਆਚਾਰ, ਰਵਾਇਤਾਂ ਅਤੇ ਭਾਸ਼ਾਵਾਂ ਦੀ ਜਿਊਂਦੀ-ਜਾਗਦੀ ਮਿਸਾਲ ਹੈ, ਜਿਨ੍ਹਾਂ ਨੇ ਬੇਅੰਤ ਤਸ਼ੱਦਦ ਅਤੇ ਮੁਸ਼ਕਲਾਂ ਦੇ ਬਾਵਜੂਦ ਆਪਣੀ ਪੁਰਖੀ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲ ਕੇ ਅੱਗੇ ਤੋਰਿਆ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਦਗਾਰੀ ਦਿਨ ਮੌਕੇ ਖੁੱਲ੍ਹੇ ਦਿਲ ਨਾਲ ਸਰਵਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਦਰਦਭਰੀਆਂ ਕਹਾਣੀਆਂ ਸੁਣਨ ਅਤੇ ਉਨ੍ਹਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰਨ।
ਕੈਨੇਡਾ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦਾ ਇਤਿਹਾਸ ਬੇਹੱਦ ਦਰਦਨਾਕ ਅਤੇ ਸ਼ਰਮਨਾਕ ਰਿਹਾ ਹੈ। ਸਾਲ 1870 ਤੋਂ ਲੈ ਕੇ 1997 ਦੇ ਵਿਚਕਾਰ ਫੈਡਰਲ ਸਰਕਾਰ ਦੇ ਫ਼ੰਡਾਂ ਰਾਹੀਂ ਅਤੇ ਵੱਖ-ਵੱਖ ਚਰਚਾਂ ਦੇ ਪ੍ਰਬੰਧ ਹੇਠ ਚਲਾਏ ਗਏ ਇਨ੍ਹਾਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੂਇਟ ਭਾਈਚਾਰੇ ਦੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਘਰਾਂ ਤੋਂ ਜਬਰਨ ਖੋਹ ਕੇ ਦਾਖ਼ਲ ਕੀਤਾ ਗਿਆ ਸੀ। ਇਸ ਪ੍ਰਣਾਲੀ ਦਾ ਮੁੱਖ ਮਕਸਦ ਇਨ੍ਹਾਂ ਮਾਸੂਮਾਂ ਦੀ ਮੂਲਵਾਸੀ ਸ਼ਨਾਖ਼ਤ, ਬੋਲੀ ਅਤੇ ਸੱਭਿਆਚਾਰ ਨੂੰ ਮਿਟਾ ਕੇ ਉਨ੍ਹਾਂ ਨੂੰ ਜ਼ਬਰਦਸਤੀ ਮੁੱਖ ਧਾਰਾ ਵਿੱਚ ਰਲਾਉਣਾ ਸੀ। ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦੇ ਅੰਕੜਿਆਂ ਮੁਤਾਬਕ ਖ਼ਰਾਬ ਹਾਲਤਾਂ, ਭੁੱਖਮਰੀ, ਬਿਮਾਰੀਆਂ ਅਤੇ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਾਰਨ ਇਨ੍ਹਾਂ ਸਕੂਲਾਂ ਵਿੱਚ 4100 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ, ਜਦਕਿ ਹੋਰ ਅਧਿਐਨਾਂ ਅਨੁਸਾਰ ਇਹ ਗਿਣਤੀ 6000 ਦੇ ਕਰੀਬ ਪਹੁੰਚਦੀ ਹੈ। ਇਹ ਬੱਚੇ ਕਦੇ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤ ਸਕੇ।
ਲੰਬੀ ਜੱਦੋਜਹਿਦ ਤੋਂ ਬਾਅਦ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਵਿੱਚ ਆਪਣੀ ਵਿਸਥਾਰਤ ਰਿਪੋਰਟ ਜਨਤਕ ਕੀਤੀ ਸੀ। ਇਸ ਰਿਪੋਰਟ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਅੰਦਰ ਬੱਚਿਆਂ ਦੇ ਜਿਨਸੀ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੀ ਦਿਲ-ਕੰਬਾਊ ਦਾਸਤਾਨ ਨੂੰ ਸੰਸਾਰ ਸਾਹਮਣੇ ਲਿਆਂਦਾ ਗਿਆ ਸੀ। ਕਮਿਸ਼ਨ ਵੱਲੋਂ ਸੁਲ੍ਹਾ-ਸਫ਼ਾਈ ਲਈ 94 ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਨ੍ਹਾਂ ਸਿਫ਼ਾਰਸ਼ਾਂ ਵਿੱਚੋਂ ਇੱਕ ਪ੍ਰਮੁੱਖ ਮੰਗ ਇਹ ਸੀ ਕਿ ਫੈਡਰਲ ਪੱਧਰ ‘ਤੇ ਇੱਕ ਸਰਕਾਰੀ ਛੁੱਟੀ ਐਲਾਨੀ ਜਾਵੇ, ਤਾਂ ਜੋ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਮੂਲਵਾਸੀ ਭਾਈਚਾਰਿਆਂ ‘ਤੇ ਪਏ ਡੂੰਘੇ ਜ਼ਖ਼ਮਾਂ ਨੂੰ ਹਰ ਸਾਲ ਰਸਮੀ ਤੌਰ ‘ਤੇ ਯਾਦ ਕੀਤਾ ਜਾ ਸਕੇ। ਇਸ ਸਿਫ਼ਾਰਸ਼ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਪਾਰਲੀਮੈਂਟ ਵਿੱਚ ਬਿਲ ਸੀ-5 ਪੇਸ਼ ਕੀਤਾ ਗਿਆ, ਜਿਸ ਨੂੰ ਸੈਨੇਟ ਵਿੱਚ ਸਰਬਸੰਮਤੀ ਨਾਲ ਮਨਜ਼ੂਰੀ ਮਿਲਣ ਤੋਂ ਬਾਅਦ 3 ਜੂਨ 2021 ਨੂੰ ਸ਼ਾਹੀ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਨੂੰ ਰਾਸ਼ਟਰੀ ਦਿਨ ਵਜੋਂ ਮਾਨਤਾ ਮਿਲੀ।
ਇਸ ਇਤਿਹਾਸਕ ਦਿਨ ਦੀ ਨੀਂਹ ਅਸਲ ਵਿੱਚ ‘ਔਰੇਂਜ ਸ਼ਰਟ ਡੇ’ ਦੇ ਰੂਪ ਵਿੱਚ ਰੱਖੀ ਗਈ ਸੀ, ਜੋ ਸਾਲ 2013 ਤੋਂ ਗ਼ੈਰ-ਰਸਮੀ ਤੌਰ ‘ਤੇ ਮਨਾਇਆ ਜਾਂਦਾ ਆ ਰਿਹਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸੇਂਟ ਸਵੀਸਮੈਕਸ ਐਕਸਗੇਟਮ ਫਸਟ ਨੇਸ਼ਨ ਦੀ ਫ਼ਿਲਿਸ ਵੈਬਸਟੈਡ ਦੇ ਦਰਦਨਾਕ ਨਿੱਜੀ ਤਜਰਬੇ ਤੋਂ ਹੋਈ ਸੀ। ਸਾਲ 1973 ਵਿੱਚ ਜਦੋਂ 6 ਸਾਲ ਦੀ ਫ਼ਿਲਿਸ ਨੂੰ ਪਹਿਲੀ ਵਾਰ ਰੈਜ਼ੀਡੈਂਸ਼ੀਅਲ ਸਕੂਲ ਭੇਜਿਆ ਗਿਆ, ਤਾਂ ਉਸ ਦੀ ਦਾਦੀ ਨੇ ਬੜੇ ਚਾਅ ਨਾਲ ਉਸ ਲਈ ਸੰਤਰੀ ਰੰਗ ਦੀ ਇੱਕ ਨਵੀਂ ਚਮਕਦਾਰ ਕਮੀਜ਼ ਖ਼ਰੀਦੀ ਸੀ। ਪਰ ਸਕੂਲ ਦੀ ਦਹਿਲੀਜ਼ ‘ਤੇ ਪਹੁੰਚਦਿਆਂ ਹੀ ਸਕੂਲ ਪ੍ਰਸ਼ਾਸਨ ਨੇ ਪਹਿਲੇ ਹੀ ਦਿਨ ਉਸ ਤੋਂ ਉਹ ਕਮੀਜ਼ ਖੋਹ ਲਈ ਅਤੇ ਉਸ ਨੂੰ ਸਕੂਲ ਦੀ ਬੇਰੰਗ ਵਰਦੀ ਪਹਿਨਾ ਦਿੱਤੀ। ਉਹ ਸੰਤਰੀ ਕਮੀਜ਼ ਉਸ ਨੂੰ ਮੁੜ ਕਦੇ ਵਾਪਸ ਨਹੀਂ ਮਿਲੀ।
ਫ਼ਿਲਿਸ ਵੈਬਸਟੈਡ ਦਾ ਇਹ ਕੌੜਾ ਤਜਰਬਾ ਅੱਗੇ ਚੱਲ ਕੇ ਇੱਕ ਕੌਮੀ ਲਹਿਰ ਵਿੱਚ ਬਦਲ ਗਿਆ। ਸੰਤਰੀ ਕਮੀਜ਼ ਇਸ ਗੱਲ ਦਾ ਪ੍ਰਤੀਕ ਬਣ ਗਈ ਕਿ ਕਿਵੇਂ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਨੇ ਹਜ਼ਾਰਾਂ ਬੱਚਿਆਂ ਕੋਲੋਂ ਉਨ੍ਹਾਂ ਦੇ ਕੱਪੜੇ, ਪਰਿਵਾਰ, ਸਵੈ-ਮਾਣ ਅਤੇ ਸੱਭਿਆਚਾਰਕ ਸ਼ਨਾਖ਼ਤ ਖੋਹ ਲਈ ਸੀ। ਅੱਜ ਜਦੋਂ ਵੀ ਲੱਖਾਂ ਕੈਨੇਡੀਅਨ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਹਨ, ਤਾਂ ਇਹ ਇਸ ਸੁਨੇਹੇ ਦੀ ਤਰਜਮਾਨੀ ਕਰਦਾ ਹੈ ਕਿ ‘ਹਰ ਬੱਚਾ ਅਹਿਮ ਹੈ’ (ਐਵਰੀ ਚਾਈਲਡ ਮੈਟਰਜ਼)। ਖ਼ੁਦ ਫ਼ਿਲਿਸ ਵੈਬਸਟੈਡ ਨੇ ਇੱਕ ਇੰਟਰਵਿਊ ਵਿੱਚ ਭਾਵੁਕ ਹੋ ਕੇ ਕਿਹਾ ਕਿ ਜਦੋਂ ਉਹ ਅੱਜ ਗਲੀਆਂ ਅਤੇ ਸਕੂਲਾਂ ਵਿੱਚ ਲੋਕਾਂ ਨੂੰ ਸੰਤਰੀ ਕਮੀਜ਼ਾਂ ਪਹਿਨੇ ਦੇਖਦੀ ਹੈ, ਤਾਂ ਇੱਕ ਸਰਵਾਈਵਰ ਵਜੋਂ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਜ ਉਨ੍ਹਾਂ ਦੇ ਦੁੱਖ ਦੀ ਪਰਵਾਹ ਕਰਦਾ ਹੈ ਅਤੇ ਇਹ ਉਨ੍ਹਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਵਾਂਗ ਹੈ।
ਇਸ ਵਾਰ ਦੇ ਸਮਾਗਮਾਂ ਦੌਰਾਨ ਇੱਕ ਬੇਹੱਦ ਵਿਸ਼ੇਸ਼ ਪਹਿਲੂ ਇਹ ਰਿਹਾ ਕਿ ਕੈਨੇਡਾ ਪੋਸਟ ਨੇ ਮੂਲਨਿਵਾਸੀ ਕਲਾਕਾਰਾਂ ਵੱਲੋਂ ਡਿਜ਼ਾਈਨ ਕੀਤੀਆਂ ਚਾਰ ਨਵੀਆਂ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ। ਇਨ੍ਹਾਂ ਡਾਕ ਟਿਕਟਾਂ ਦਾ ਮੁੱਖ ਮਕਸਦ ਔਰੇਂਜ ਸ਼ਰਟ ਡੇ ਨਾਲ ਜੁੜੇ ਉਸ ਸ਼ਾਨਦਾਰ ਪੜਾਅ ਨੂੰ ਸਨਮਾਨ ਦੇਣਾ ਹੈ, ਜਿੱਥੇ ਜਾਗਰੂਕਤਾ ਦੀ ਇੱਕ ਨਵੀਂ ਸਵੇਰ ਦਿਖਾਈ ਦੇ ਰਹੀ ਹੈ। ਇਸ ਵਰ੍ਹੇ ਬ੍ਰਿਟਿਸ਼ ਕੋਲੰਬੀਆ ਦੇ ਹਾਈ ਸਕੂਲਾਂ ਵਿੱਚੋਂ ਉਹ ਵਿਦਿਆਰਥੀ ਗ੍ਰੈਜੂਏਟ ਹੋ ਰਹੇ ਹਨ, ਜਿਨ੍ਹਾਂ ਨੇ ਕਿੰਡਰਗਾਰਟਨ ਵਿੱਚ ਪੈਰ ਰੱਖਣ ਦੇ ਪਹਿਲੇ ਦਿਨ ਤੋਂ ਹੀ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਇਤਿਹਾਸ ਅਤੇ ਪ੍ਰਭਾਵਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ ਸੀ। ਇਹ ਦੇਸ਼ ਦੀ ਉਹ ਪਹਿਲੀ ਪੀੜ੍ਹੀ ਹੈ ਜੋ ਸਕੂਲ ਪੱਧਰ ਤੋਂ ਹੀ ਸੁਲ੍ਹਾ-ਸਫ਼ਾਈ ਅਤੇ ਮੂਲਵਾਸੀ ਇਤਿਹਾਸ ਦੀ ਸੰਵੇਦਨਸ਼ੀਲਤਾ ਨਾਲ ਵੱਡੀ ਹੋਈ ਹੈ।
ਕੈਨੇਡਾ ਪੋਸਟ ਅਨੁਸਾਰ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦੇ ਸਰਵਾਈਵਰਜ਼ ਸਰਕਲ ਨੇ ਸਾਲ 2026 ਦੀਆਂ ਇਨ੍ਹਾਂ ਡਾਕ ਟਿਕਟਾਂ ਲਈ ਸੰਤਰੀ ਕਮੀਜ਼ ਨੂੰ ਮੁੱਖ ਵਿਸ਼ੇ ਵਜੋਂ ਚੁਣਿਆ ਹੈ। ਇਹ ਸਾਰੀਆਂ ਚਾਰ ਡਾਕ ਟਿਕਟਾਂ ਟੀ-ਸ਼ਰਟ ਦੇ ਆਕਾਰ ਵਿੱਚ ਤਿਆਰ ਕੀਤੀਆਂ ਗਈਆਂ ਹਨ। ਚਾਰਾਂ ਵਿੱਚੋਂ ਤਿੰਨ ਟਿਕਟਾਂ ਫਸਟ ਨੇਸ਼ਨਜ਼, ਇਨੂਇਟ ਅਤੇ ਮੈਟਿਸ ਭਾਈਚਾਰਿਆਂ ਦੇ ਵੱਖੋ-ਵੱਖਰੇ ਇਤਿਹਾਸਕ ਤਜਰਬਿਆਂ ਨੂੰ ਪੇਸ਼ ਕਰਦੀਆਂ ਹਨ, ਜਦਕਿ ਚੌਥੀ ਡਾਕ ਟਿਕਟ ਧਰਤੀ ਮਾਂ ਦੇ ਸਤਿਕਾਰ ਅਤੇ ਬੀਤੀਆਂ, ਮੌਜੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਵਿਚਕਾਰ ਅਟੁੱਟ ਰਿਸ਼ਤੇ ਨੂੰ ਦਰਸਾਉਂਦੀ ਹੈ। ਇਸ ਲੜੀ ਦਾ ਸਮੁੱਚਾ ਡਿਜ਼ਾਈਨ ਬਲੇਅਰ ਥੌਮਸਨ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਜੇਸਨ ਸਿਕੋਆਕ, ਐਮਿਲੀ ਕੇਵਾਗੇਸ਼ਿਗ ਅਤੇ ਕ੍ਰਿਸਟੀ ਬੈਲਕੋਰਟ ਵਰਗੇ ਨਾਮਵਰ ਮੂਲਵਾਸੀ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਨੁਨਾਟਸਿਆਵੁਟ ਦੇ ਰਿਗੋਲੇਟ ਭਾਈਚਾਰੇ ਨਾਲ ਸਬੰਧਤ ਇਨੂਕ ਕਲਾਕਾਰ ਜੇਸਨ ਸਿਕੋਆਕ ਨੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਲਾਕ੍ਰਿਤੀ ਦਾ ਵਿਚਾਰ ਬ੍ਰਿਟਿਸ਼ ਕੋਲੰਬੀਆ ਦੇ ਉਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੈ ਜੋ ਔਰੇਂਜ ਸ਼ਰਟ ਡੇ ਬਾਰੇ ਸਿੱਖ ਕੇ ਅੱਜ ਹਾਈ ਸਕੂਲ ਪੂਰਾ ਕਰ ਰਹੇ ਹਨ। ਉਨ੍ਹਾਂ ਦੇ ਡਿਜ਼ਾਈਨ ਦੇ ਕੇਂਦਰ ਵਿੱਚ ਇੱਕ ਗ੍ਰੈਜੂਏਟ ਵਿਦਿਆਰਥੀ ਨੂੰ ਦਿਖਾਇਆ ਗਿਆ ਹੈ, ਜਿਸ ਦੇ ਪਿੱਛੇ ਵੱਖ-ਵੱਖ ਜਮਾਤਾਂ ਦੇ ਛੋਟੇ ਬੱਚੇ ਖੜ੍ਹੇ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਪ੍ਰਤੀਕ ਹਨ। ਸਿਕੋਆਕ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਵੱਡੇ ਭੈਣ-ਭਰਾ ਖ਼ੁਦ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਡਾਕ ਟਿਕਟਾਂ ਲੋਕਾਂ ਅੰਦਰ ਹੋਰ ਜਾਣਨ ਦੀ ਉਤਸੁਕਤਾ ਪੈਦਾ ਕਰਨਗੀਆਂ ਤਾਂ ਜੋ ਆਮ ਨਾਗਰਿਕ ਮੂਲਵਾਸੀਆਂ ਦੇ ਅਸਲ ਹਾਲਾਤ ਨੂੰ ਸਮਝ ਸਕਣ।
ਦੇਸ਼ ਭਰ ਦੇ ਸ਼ਹਿਰਾਂ, ਸਕੂਲਾਂ, ਕਾਲਜਾਂ ਅਤੇ ਜਨਤਕ ਅਦਾਰਿਆਂ ਵਿੱਚ ਇਸ ਮੌਕੇ ਮੌਨ ਧਾਰ ਕੇ ਪੀੜਤ ਬੱਚਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਓਟਾਵਾ ਤੋਂ ਲੈ ਕੇ ਵੈਨਕੂਵਰ ਤੱਕ ਆਯੋਜਿਤ ਕੀਤੇ ਗਏ ਸਮਾਗਮਾਂ ਨੇ ਇਹ ਸਪੱਸ਼ਟ ਸੁਨੇਹਾ ਦਿੱਤਾ ਕਿ ਸੁਲ੍ਹਾ-ਸਫ਼ਾਈ ਦਾ ਸਫ਼ਰ ਸਿਰਫ਼ ਭਾਸ਼ਣਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਮੂਲਵਾਸੀ ਭਾਈਚਾਰਿਆਂ ਨੂੰ ਬਰਾਬਰੀ, ਆਰਥਿਕ ਮੌਕੇ, ਸਵੈ-ਮਾਣ ਅਤੇ ਸੁਰੱਖਿਆ ਪ੍ਰਦਾਨ ਕਰਕੇ ਹੀ ਇੱਕ ਸੱਚਾ ਤੇ ਖੁਸ਼ਹਾਲ ਕੈਨੇਡਾ ਹੋਂਦ ਵਿੱਚ ਆ ਸਕਦਾ ਹੈ। ਕੈਨੇਡੀਅਨ ਨਾਗਰਿਕਾਂ ਨੇ ਸੰਤਰੀ ਰੰਗ ਦੇ ਪਹਿਰਾਵੇ ਪਹਿਨ ਕੇ ਇਹ ਪ੍ਰਣ ਦੁਹਰਾਇਆ ਕਿ ਇਤਿਹਾਸ ਦੇ ਇਸ ਦਰਦ ਨੂੰ ਭੁਲਾਇਆ ਨਹੀਂ ਜਾਵੇਗਾ।

ਰੁਝਾਨ ਖਬਰਾਂ