ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ ਆਗਾਮੀ ਮਿਊਂਸਪਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਪੂਰੇ ਜ਼ੋਰਾਂ ‘ਤੇ ਪਹੁੰਚ ਗਈਆਂ ਹਨ। ਸਥਾਨਕ ਸ਼ਹਿਰੀ ਸਰਕਾਰਾਂ ਦੀ ਚੋਣ ਲਈ ਵੱਖ-ਵੱਖ ਸਿਆਸੀ ਸਲੇਟਾਂ ਅਤੇ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਕੇ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਸੂਬੇ ਦੇ ਸਭ ਤੋਂ ਵੱਧ ਚਰਚਿਤ ਅਤੇ ਆਬਾਦੀ ਪੱਖੋਂ ਤੇਜ਼ੀ ਨਾਲ ਵਧ ਰਹੇ ਸ਼ਹਿਰ ਸਰੀ ਦੇ ਨਾਲ-ਨਾਲ ਵੈਨਕੂਵਰ ਵਿੱਚ ਮੇਅਰ ਦੇ ਅਹੁਦੇ ਲਈ ਜ਼ਬਰਦਸਤ ਸਿਆਸੀ ਟੱਕਰ ਹੋਣ ਦੇ ਆਸਾਰ ਬਣ ਗਏ ਹਨ। ਸਰੀ ਸ਼ਹਿਰ ਵਿੱਚ ਮੇਅਰ ਦੀ ਸੀਟ ਲਈ ਬਹੁ-ਕੋਣਾ ਅਤੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਮੇਅਰ ਬਰੈਂਡਾ ਲੌਕ ਆਪਣੀ ਪਾਰਟੀ ‘ਸਰ੍ਹੀ ਕਨੈਕਟ’ (Surrey Connect) ਵੱਲੋਂ ਮੁੜ ਚੋਣ ਮੈਦਾਨ ਵਿੱਚ ਉਤਰੇ ਹਨ, ਜਿਨ੍ਹਾਂ ਨੂੰ ਸਾਬਕਾ ਮੇਅਰ ਡੱਗ ਮੈਕਕਾਲਮ ਵੱਲੋਂ ਸਿੱਧੀ ਚੁਣੌਤੀ ਮਿਲ ਰਹੀ ਹੈ। ਡੱਗ ਮੈਕਕਾਲਮ ਆਪਣੀ ਪੁਰਾਣੀ ਸਲੇਟ ‘ਸੇਫ਼ ਸਰ੍ਹੀ ਕੋਲੀਸ਼ਨ’ (Safe Surrey Coalition) ਦੀ ਅਗਵਾਈ ਕਰਦਿਆਂ ਮੇਅਰ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਸ ਦੇ ਨਾਲ ਹੀ ‘ਸਰ੍ਹੀ ਫ਼ਰਸਟ’ (Surrey First) ਦੀ ਨੁਮਾਇੰਦਗੀ ਕਰਦਿਆਂ ਲਿੰਡਾ ਐਨਿਸ ਨੇ ਵੀ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ, ਜਿਸ ਨਾਲ ਮੁਕਾਬਲਾ ਹੋਰ ਤਿਕੋਣਾ ਹੋ ਗਿਆ ਹੈ। ਇਸ ਵਾਰ ਸਰੀ ਦੇ ਮੇਅਰ ਦੀ ਦੌੜ ਵਿੱਚ ਪੰਜਾਬੀ ਅਤੇ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਵੀ ਖ਼ਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ‘ਕੰਜ਼ਰਵੇਟਿਵ ਇਲੈਕਟਰਜ਼ ਐਸੋਸੀਏਸ਼ਨ’ ਵੱਲੋਂ ਹੋਨਵੀਰ ਸਿੰਘ ਰੰਧਾਵਾ ਨੂੰ ਮੇਅਰ ਦੇ ਅਹੁਦੇ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਸ ਨਾਲ ਭਾਈਚਾਰਕ ਵੋਟਾਂ ਦੇ ਸਮੀਕਰਨ ਕਾਫ਼ੀ ਦਿਲਚਸਪ ਬਣ ਗਏ ਹਨ। ਇਸ ਤੋਂ ਇਲਾਵਾ ‘ਇਮੈਜਿਨ ਸਰ੍ਹੀ’ (Imagine Surrey) ਵੱਲੋਂ ਮਾਈਕ ਸਟਾਰਚੁਕ ਅਤੇ ‘ਸਰ੍ਹੀ ਨਾਓ’ (SurreyNow) ਵੱਲੋਂ ਟਰੌਏ ਵੈਨ ਵਲੀਏਟ ਵੀ ਮੇਅਰ ਦੀ ਕੁਰਸੀ ਲਈ ਕਿਸਮਤ ਅਜ਼ਮਾ ਰਹੇ ਹਨ। ਇੰਨੇ ਪ੍ਰਮੁੱਖ ਦਾਅਵੇਦਾਰਾਂ ਦੇ ਸਾਹਮਣੇ ਆਉਣ ਨਾਲ ਵੋਟਾਂ ਦੀ ਵੰਡ ਕਾਫ਼ੀ ਅਹਿਮ ਸਾਬਤ ਹੋਵੇਗੀ। ਦੂਜੇ ਪਾਸੇ ਵੈਨਕੂਵਰ ਸ਼ਹਿਰ ਵਿੱਚ ਵੀ ਮਿਊਂਸਪਲ ਚੋਣਾਂ ਦਾ ਪਿੜ ਪੂਰੀ ਤਰ੍ਹਾਂ ਭਖ ਚੁੱਕਾ ਹੈ। ਮੌਜੂਦਾ ਮੇਅਰ ਕੇਨ ਸਿਮ ਆਪਣੀ ਪਾਰਟੀ ‘ਏਬੀਸੀ ਵੈਨਕੂਵਰ’ (ABC Vancouver) ਵੱਲੋਂ ਦੂਜੀ ਵਾਰ ਜਿੱਤ ਦਰਜ ਕਰਨ ਲਈ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ‘ਫ਼ਾਰਵਰਡ ਟੂਗੈਦਰ’ (Forward Together) ਪਾਰਟੀ ਵੱਲੋਂ ਮਾਰਕ ਮਾਰਿਸਨ ਅਤੇ ਉਨ੍ਹਾਂ ਦੀ ਟੀਮ ਮੇਅਰ ਦੇ ਅਹੁਦੇ ਲਈ ਸਰਗਰਮ ਹੋ ਚੁੱਕੀ ਹੈ। ਵੈਨਕੂਵਰ ਵਿੱਚ ਜਨਤਕ ਸੁਰੱਖਿਆ, ਸਥਾਨਕ ਕਾਰੋਬਾਰਾਂ ਦੀ ਸਹਾਇਤਾ ਅਤੇ ਘਰਾਂ ਦੀ ਕਿਫ਼ਾਇਤੀ ਉਪਲਬਧਤਾ ਨੂੰ ਲੈ ਕੇ ਵੱਖ-ਵੱਖ ਧਿਰਾਂ ਵੋਟਰਾਂ ਸਾਹਮਣੇ ਆਪਣੇ ਦਾਅਵੇ ਪੇਸ਼ ਕਰ ਰਹੀਆਂ ਹਨ। ਸਰੀ ਅਤੇ ਹੋਰ ਸ਼ਹਿਰਾਂ ਵਿੱਚ ਵੋਟਰਾਂ ਲਈ ਪੁਲਿਸਿੰਗ ਪ੍ਰਬੰਧ, ਬੁਨਿਆਦੀ ਢਾਂਚੇ ਦਾ ਵਿਕਾਸ, ਆਵਾਜਾਈ ਸਹੂਲਤਾਂ ਅਤੇ ਸਥਾਨਕ ਪ੍ਰਾਪਰਟੀ ਟੈਕਸਾਂ ਦਾ ਮਸਲਾ ਸਭ ਤੋਂ ਅਹਿਮ ਮੁੱਦੇ ਬਣੇ ਹੋਏ ਹਨ। ਮੇਅਰ ਦੇ ਅਹੁਦੇ ਦੇ ਉਮੀਦਵਾਰ ਆਪਣੇ ਪੱਧਰ ‘ਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸ਼ਹਿਰੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਦੇ ਵਾਅਦੇ ਕਰ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਮੀਦਵਾਰਾਂ ਵਿਚਕਾਰ ਬਹਿਸਾਂ ਅਤੇ ਰੈਲੀਆਂ ਦਾ ਦੌਰ ਸ਼ੁਰੂ ਹੋਣ ਨਾਲ ਚੋਣ ਪ੍ਰਚਾਰ ਸਿਖ਼ਰਾਂ ‘ਤੇ ਪਹੁੰਚ ਜਾਵੇਗਾ ਅਤੇ ਵੋਟਰਾਂ ਦਾ ਫ਼ੈਸਲਾ ਸ਼ਹਿਰਾਂ ਦੇ ਭਵਿੱਖੀ ਵਿਕਾਸ ਦੀ ਦਿਸ਼ਾ ਤੈਅ ਕਰੇਗਾ। This report was written by Ekjot Singh as part of the Local Journalism Initiative.

