ਬੀ.ਸੀ. ਚੋਣਾਂ ‘ਚ ਕੰਜ਼ਰਵੇਟਿਵਾਂ ਨੇ ਕੀਤਾ ਵਾਅਦਾ : ਸਰਕਾਰ ਬਣਨ ‘ਤੇ ਨਾ ਕੋਈ ਨਵਾਂ ਟੈਕਸ ਲੱਗੇਗਾ ਅਤੇ ਨਾ ਹੀ ਮੌਜੂਦਾ ਟੈਕਸ ਵਧਣਗੇ
ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਐਨਡੀਪੀ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਆਗੂ ਲੋਰਨ ਡੋਰਕਸਨ ਦੇ ਉਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਜਿਨ੍ਹਾਂ ਵਿੱਚ ਉਨ੍ਹਾਂ ਦੋਸ਼ ਲਾਇਆ ਸੀ ਕਿ ਸਰਕਾਰ ਨੇ ਗ਼ਰੀਬ ਅਤੇ ਕਮਜ਼ੋਰ ਵਰਗਾਂ ‘ਤੇ 40 ਤੋਂ ਵੱਧ ਵਾਰ ਟੈਕਸ ਵਧਾਏ ਹਨ। ਐਨਡੀਪੀ ਨੇ ਸਪੱਸ਼ਟ ਕੀਤਾ ਕਿ ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਤੱਥ ਪੇਸ਼ ਕਰਦਿਆਂ ਕਿਹਾ ਕਿ ਸੂਬੇ ਵਿੱਚ 100,000 ਡਾਲਰ ਸਾਲਾਨਾ ਕਮਾਉਣ ਵਾਲਾ ਇੱਕ ਆਮ ਮਿਹਨਤਕਸ਼ ਪਰਿਵਾਰ ਪਿਛਲੀ ਬੀ.ਸੀ. ਲਿਬਰਲ ਸਰਕਾਰ ਦੇ ਮੁਕਾਬਲੇ ਹੁਣ ਹਰ ਸਾਲ ਲਗਭਗ 3,000 ਡਾਲਰ ਘੱਟ ਟੈਕਸ ਅਦਾ ਕਰ ਰਿਹਾ ਹੈ।
ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਆਗੂ ਲੋਰਨ ਡੋਰਕਸਨ ਨੇ ਸਰੀ ਵਿਖੇ ਐਲਾਨ ਕੀਤਾ ਹੈ ਕਿ ਜੇਕਰ ਅਕਤੂਬਰ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਨਾ ਤਾਂ ਕੋਈ ਨਵਾਂ ਟੈਕਸ ਲਗਾਉਣਗੇ ਅਤੇ ਨਾ ਹੀ ਮੌਜੂਦਾ ਟੈਕਸਾਂ ਵਿੱਚ ਵਾਧਾ ਕਰਨਗੇ। ਡੋਰਕਸਨ ਨੂੰ 21 ਸਤੰਬਰ ਨੂੰ ਪਾਰਟੀ ਦਾ ਅੰਤਰਿਮ ਆਗੂ ਚੁਣਿਆ ਗਿਆ ਸੀ, ਜਦੋਂ ਕੈਰੀ-ਲਿਨ ਫਿੰਡਲੇ ਨੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਸ ਤੋਂ ਅਗਲੇ ਹੀ ਦਿਨ ਐਨਡੀਪੀ ਆਗੂ ਡੇਵਿਡ ਈਬੀ ਨੇ 24 ਅਕਤੂਬਰ ਲਈ ਅਗੇਤੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਸੀ। ਉਧਰ ਸੱਤਾਧਾਰੀ ਪਾਰਟੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਮੱਧ ਵਰਗੀ ਲੋਕ ਪੂਰੇ ਦੇਸ਼ ਵਿੱਚ ਸਭ ਤੋਂ ਘੱਟ ਟੈਕਸ ਭਰਦੇ ਹਨ। ਸਰਕਾਰ ਨੇ ਆਮ ਪਰਿਵਾਰਾਂ ‘ਤੇ ਬੋਝ ਪਾਉਣ ਦੀ ਬਜਾਏ ਉੱਚ ਆਮਦਨ ਵਾਲੇ ਸਿਖਰਲੇ 2% ਅਮੀਰਾਂ, ਸੱਟੇਬਾਜ਼ਾਂ ਅਤੇ 3 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਘਰਾਂ ਦੇ ਮਾਲਕਾਂ ‘ਤੇ ਮਾਮੂਲੀ ਟੈਕਸ ਲਗਾਇਆ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਰਾਹਤ ਦਿੱਤੀ ਜਾ ਸਕੇ। ਐਨਡੀਪੀ ਦਾ ਦੋਸ਼ ਹੈ ਕਿ ਕੰਜ਼ਰਵੇਟਿਵ ਪਾਰਟੀ ਦਾ ਟੈਕਸ ਏਜੰਡਾ ਇਹ ਸਾਬਤ ਕਰਦਾ ਹੈ ਕਿ ਬਜਟ ਸੰਤੁਲਿਤ ਕਰਨ ਲਈ ਉਹ ਸਿਹਤ ਸੇਵਾਵਾਂ ਵਿੱਚ ਭਾਰੀ ਕਟੌਤੀਆਂ ਕਰਨ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਘਾਟਾ ਘਟਾਉਣ ਲਈ ਜਾਂ ਤਾਂ ਨਵਾਂ ਮਾਲੀਆ ਚਾਹੀਦਾ ਹੈ ਜਾਂ ਫਿਰ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। ਪ੍ਰੀਮੀਅਰ ਡੇਵਿਡ ਈਬੀ ਨੇ ਬਰਨਬੀ ਵਿੱਚ ਪ੍ਰਚਾਰ ਦੌਰਾਨ ਕਿਹਾ ਸੀ ਕਿ ਰੀਅਲ ਪ੍ਰਾਪਰਟੀ ਡਾਟਾ ਅਨੁਸਾਰ ਮੈਟਰੋ ਵੈਨਕੂਵਰ ਵਿੱਚ 4.4 ਬਿਲੀਅਨ ਡਾਲਰ ਦੇ ਹਜ਼ਾਰਾਂ ਬਿਲਕੁਲ ਨਵੇਂ ਕੰਡੋ ਬਣ ਕੇ ਤਿਆਰ ਹਨ ਪਰ ਖ਼ਾਲੀ ਪਏ ਹਨ। ਇਸ ਲਈ ਇੱਕ ਸਾਲ ਤੋਂ ਵੱਧ ਸਮੇਂ ਤੱਕ ਖ਼ਾਲੀ ਰੱਖੇ ਗਏ ਕੰਡੋਜ਼ ‘ਤੇ ਟੈਕਸ ਲਗਾਇਆ ਜਾਵੇਗਾ ਤਾਂ ਜੋ ਲੋਕਾਂ ਲਈ ਕਿਫ਼ਾਇਤੀ ਘਰ ਉਪਲਬਧ ਹੋ ਸਕਣ। ਜਦੋਂ ਡੋਰਕਸਨ ਤੋਂ ਪੁੱਛਿਆ ਗਿਆ ਕਿ ਬਿਨਾਂ ਟੈਕਸ ਵਧਾਏ ਆਰਥਿਕ ਮੰਦੀ ਨਾਲ ਕਿਵੇਂ ਨਜਿੱਠਿਆ ਜਾਵੇਗਾ, ਤਾਂ ਉਨ੍ਹਾਂ ਫਰੇਜ਼ਰ ਰਿਵਰ ਦੇ ਆਸ-ਪਾਸ ਦੇ ਕੁਦਰਤੀ ਵਸੀਲਿਆਂ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਦੀ ਦਲੀਲ ਦਿੱਤੀ।
ਐਨਡੀਪੀ ਨੇ ਕੰਜ਼ਰਵੇਟਿਵਾਂ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਉਨ੍ਹਾਂ ਮੰਨਿਆ ਸੀ ਕਿ ਬਜਟ ਦੇ ਵੱਡੇ ਹਿੱਸੇ ਹੋਣ ਕਾਰਨ ਸਿੱਖਿਆ ਅਤੇ ਸਿਹਤ ਖੇਤਰ ਨੂੰ ਹੀ ਸਭ ਤੋਂ ਵੱਧ ਕਟੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਡੋਰਕਸਨ ਦੇ ਵਾਅਦਿਆਂ ਵਿੱਚ ਕਾਰ ਬੀਮਾ ਜਾਂ ਮਕਾਨਾਂ ਦੀਆਂ ਲਾਗਤਾਂ ਨੂੰ ਕੰਟਰੋਲ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਐਨਡੀਪੀ ਨੇ ਚਿਤਾਵਨੀ ਦਿੱਤੀ ਕਿ ਆਈਸੀਬੀਸੀ ਵਿੱਚ ਡੇਵਿਡ ਈਬੀ ਵੱਲੋਂ ਕੀਤੇ ਗਏ ਸੁਧਾਰਾਂ ਨੂੰ ਰੱਦ ਕਰਨ ਨਾਲ ਕਾਰ ਬੀਮੇ ਦੀਆਂ ਦਰਾਂ ਦੁੱਗਣੀਆਂ ਹੋ ਜਾਣਗੀਆਂ ਅਤੇ ਸੱਟੇਬਾਜ਼ੀ ਟੈਕਸ ਹਟਾਉਣ ਨਾਲ ਕੰਡੋ ਅਤੇ ਘਰਾਂ ਦੀਆਂ ਕੀਮਤਾਂ ਮੁੜ ਅਸਮਾਨ ਛੂਹਣ ਲੱਗ ਜਾਣਗੀਆਂ। ਉਨ੍ਹਾਂ ਕਿਹਾ ਕਿ ਈਬੀ ਸਰਕਾਰ ਮੱਧ ਵਰਗ ਦੇ ਖ਼ਰਚੇ ਘਟਾਉਣ ਅਤੇ ਸਿਹਤ ਖੇਤਰ ਨੂੰ ਮਜ਼ਬੂਤ ਰੱਖਣ ਲਈ ਲਗਾਤਾਰ ਵਚਨਬੱਧ ਹੈ। This report was written by Ekjot Singh as part of the Local Journalism Initiative.
ਬੀ.ਸੀ. ਚੋਣਾਂ ‘ਚ ਟੈਕਸਾਂ ਨੂੰ ਲੈ ਭਖਿਆ ਚੋਣ ਦੰਗਲ, ਐਨ.ਡੀ.ਪੀ. ਨੇ ਕੰਜ਼ਰਵੇਟਿਵਾਂ ਦੇ ਦਾਅਵਿਆਂ ਨੂੰ ਦੱਸਿਆ ਝੂਠਾ

