ਲੈਂਗਫੋਰਡ, (ਏਕਜੋਤ ਸਿੰਘ): ਬੀ.ਸੀ. ਐਨਡੀਪੀ ਨੇ ‘ਵਨਬੀਸੀ’ ਪਾਰਟੀ ਦੇ ਚੋਣ ਪਲੈਟਫ਼ਾਰਮ ਨੂੰ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ਨੀਤੀਆਂ ਸੂਬੇ ਨੂੰ ਪਿੱਛੇ ਵੱਲ ਧੱਕ ਦੇਣਗੀਆਂ। ਐਨਡੀਪੀ ਅਨੁਸਾਰ ਵਨਬੀਸੀ ਵੱਲੋਂ ਨਿੱਜੀ ਅਤੇ ਕਾਰਪੋਰੇਟ ਇਨਕਮ ਟੈਕਸਾਂ ਵਿੱਚ 25% ਦੀ ਕਟੌਤੀ ਕਰਨ ਅਤੇ ਪੀਐੱਸਟੀ ਘਟਾਉਣ ਦੇ ਵਾਅਦੇ ਨਾਲ ਸੂਬਾਈ ਬਜਟ ਵਿੱਚ 10.6 ਬਿਲੀਅਨ ਡਾਲਰ ਦਾ ਵੱਡਾ ਘਾਟਾ ਪੈ ਜਾਵੇਗਾ। ਪਾਰਟੀ ਦਾ ਕਹਿਣਾ ਹੈ ਕਿ ਵੱਡੀਆਂ ਕਾਰਪੋਰੇਸ਼ਨਾਂ ਅਤੇ ਅਮੀਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਰਿਆਇਤਾਂ ਦਾ ਖ਼ਮਿਆਜ਼ਾ ਆਖ਼ਰਕਾਰ ਆਮ ਕੈਨੇਡੀਅਨ ਨਾਗਰਿਕਾਂ ਨੂੰ ਆਪਣੀਆਂ ਬੁਨਿਆਦੀ ਸਹੂਲਤਾਂ ਗਵਾ ਕੇ ਭੁਗਤਣਾ ਪਵੇਗਾ।
ਐਨਡੀਪੀ ਨੇ ਦੋਸ਼ ਲਾਇਆ ਕਿ ਸੂਬੇ ਦੀਆਂ ਸਾਰੀਆਂ ਕੰਜ਼ਰਵੇਟਿਵ ਸੋਚ ਵਾਲੀਆਂ ਪਾਰਟੀਆਂ ਸਿਹਤ ਪ੍ਰਣਾਲੀ ਵਿੱਚ ਕਟੌਤੀ ਕਰਨ ਦੇ ਰਾਹ ‘ਤੇ ਹਨ। ਖ਼ਾਸ ਤੌਰ ‘ਤੇ ਵਨਬੀਸੀ ਦੀ ਸਿਹਤ ਸੇਵਾਵਾਂ ਦੇ ਨਿੱਜੀਕਰਨ ਦੀ ਯੋਜਨਾ ਸਰਕਾਰੀ ਅਤੇ ਜਨਤਕ ਹਸਪਤਾਲਾਂ ਵਿੱਚੋਂ ਡਾਕਟਰਾਂ ਤੇ ਨਰਸਾਂ ਦੀ ਵੱਡੀ ਘਾਟ ਪੈਦਾ ਕਰ ਦੇਵੇਗੀ। ਇਸ ਨਾਲ ਮਰੀਜ਼ਾਂ ਲਈ ਇਲਾਜ ਦੀ ਉਡੀਕ ਦਾ ਸਮਾਂ ਹੋਰ ਲੰਬਾ ਹੋ ਜਾਵੇਗਾ ਅਤੇ ਆਮ ਲੋਕਾਂ ਲਈ ਮਿਆਰੀ ਇਲਾਜ ਹਾਸਲ ਕਰਨਾ ਹੋਰ ਵੀ ਔਖਾ ਹੋ ਜਾਵੇਗਾ। ਪਾਰਟੀ ਨੇ ਦਾਅਵਾ ਕੀਤਾ ਕਿ ਜਨਤਕ ਸੇਵਾਵਾਂ ਨੂੰ ਕਮਜ਼ੋਰ ਕਰਕੇ ਨਿੱਜੀ ਹਸਪਤਾਲਾਂ ਨੂੰ ਉਤਸ਼ਾਹਿਤ ਕਰਨਾ ਲੋਕ ਹਿੱਤ ਵਿੱਚ ਨਹੀਂ ਹੈ।
ਲੈਂਗਫੋਰਡ-ਹਾਈਲੈਂਡਜ਼ ਹਲਕੇ ਤੋਂ ਐਨਡੀਪੀ ਉਮੀਦਵਾਰ ਰਵੀ ਪਰਮਾਰ ਨੇ ਇਸ ਪਲੈਟਫ਼ਾਰਮ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਸਿਆਸਤ ਤਾਂ ਇਹ ਪਾਰਟੀਆਂ ਪਹਿਲਾਂ ਤੋਂ ਕਰ ਰਹੀਆਂ ਸਨ, ਪਰ ਬਜਟ ਵਿੱਚ 10.6 ਬਿਲੀਅਨ ਡਾਲਰ ਦਾ ਵੱਡਾ ਨੁਕਸਾਨ ਕਰਕੇ ਕਾਰਪੋਰੇਟਾਂ ਦੀਆਂ ਜੇਬਾਂ ਭਰਨ ਦੀ ਯੋਜਨਾ ਬੇਹੱਦ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਧੜਿਆਂ ਦੀ ਇਹ ਪਹੁੰਚ ਸਿੱਧੇ ਤੌਰ ‘ਤੇ ਹਸਪਤਾਲਾਂ ਅਤੇ ਸਕੂਲਾਂ ਦੇ ਬਜਟ ‘ਤੇ ਕੁਹਾੜਾ ਚਲਾਉਣ ਵਾਲੀ ਹੈ। ਪਰਮਾਰ ਨੇ ਵੋਟਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਜਿਹੇ ਕਿਸੇ ਵੀ ਕਦਮ ਦਾ ਸਾਥ ਨਹੀਂ ਦੇਣਗੇ ਜਿਸ ਨਾਲ ਉਨ੍ਹਾਂ ਦੀ ਸਿਹਤ ਸੰਭਾਲ ਪ੍ਰਣਾਲੀ ਖ਼ਤਰੇ ਵਿੱਚ ਪੈਂਦੀ ਹੋਵੇ। This report was written by Ekjot Singh as part of the Local Journalism Initiative.
ਬੀ.ਸੀ. ਐਨਡੀਪੀ ਵੱਲੋਂ ਵਨਬੀਸੀ ਦੇ ਪਲੈਟਫ਼ਾਰਮ ਦੀ ਕੀਤੀ ਨਿਖੇਧੀ

