14.1 C
Vancouver
Friday, October 9, 2026

ਪਰਵਾਸ ਤੋਂ ਕਾਮਯਾਬੀ ਤੱਕ ਦਾ ਸਫ਼ਰ: ਸਿਟੀ ਸੈਂਟਰ ਲਾਇਬ੍ਰੇਰੀ ’ਚ ਪ੍ਰਭਾਵਸ਼ਾਲੀ ਪੰਜਾਬੀ ਔਰਤਾਂ ਨੇ ਸਾਂਝੇ ਕੀਤੇ ਤਜਰਬੇ

ਸਰੀ, (ਏਕਜੋਤ ਸਿੰਘ): ਸਰੀ ਸਿਟੀ ਸੈਂਟਰ ਲਾਇਬ੍ਰੇਰੀ ਵਿਖੇ ਆਯੋਜਿਤ ਕੀਤੇ ਗਏ ‘ਰੂਟਿਡ ਐਂਡ ਰਾਈਜ਼ਿੰਗ – ਸੀਜ਼ਨ 2’ ਸਮਾਗਮ ਦੌਰਾਨ ਪਰਵਾਸੀ ਪੰਜਾਬੀ ਔਰਤਾਂ ਦੇ ਜੀਵਨ ਸੰਘਰਸ਼ਾਂ, ਪ੍ਰਾਪਤੀਆਂ ਅਤੇ ਉਨ੍ਹਾਂ ਦੀ ਪਛਾਣ ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ। ਇਹ ਸਮਾਗਮ ‘ਪੰਜਾਬੀ ਵੂਮੈਨ ਸਟੋਰੀਟੈਲਿੰਗ ਵੀਕ’ ਦੇ ਹਿੱਸੇ ਵਜੋਂ ਕਰਵਾਇਆ ਗਿਆ, ਜਿਸ ਨੂੰ ਸਰੀ ਸ਼ਹਿਰ ਵੱਲੋਂ 13 ਤੋਂ 19 ਸਤੰਬਰ ਤੱਕ ਮਨਾਉਣ ਦਾ ਅਧਿਕਾਰਤ ਐਲਾਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਸੰਚਾਲਨ ਅਤੇ ਪ੍ਰਬੰਧ ਯੂਬੀਸੀ ਕਿਡਨੀ ਟਰਾਂਸਪਲਾਂਟ ਰਿਸਰਚ ਪ੍ਰੋਗਰਾਮ ਦੀ ਪ੍ਰੋਜੈਕਟ ਡਾਇਰੈਕਟਰ ਅਤੇ ਐੱਸਐੱਫਯੂ ਦੇ ਭਾਸ਼ਾ ਵਿਭਾਗ ਦੀ ਇੰਸਟ੍ਰਕਟਰ ਡਾ. ਰੀਤਇੰਦਰ ਕੌਰ ਵੱਲੋਂ ਕੀਤਾ ਗਿਆ।
ਇਸ ਦੂਜੇ ਸੀਜ਼ਨ ਦਾ ਮੁੱਖ ਉਦੇਸ਼ ਪੰਜਾਬੀ ਔਰਤਾਂ ਦੇ ਤਜਰਬਿਆਂ ਨੂੰ ਇੱਕ ਜਨਤਕ ਮੰਚ ‘ਤੇ ਲਿਆਉਣਾ ਸੀ ਤਾਂ ਜੋ ਉਨ੍ਹਾਂ ਦੀਆਂ ਕਹਾਣੀਆਂ ਨੂੰ ਸੁਣਿਆ ਜਾ ਸਕੇ, ਸਤਿਕਾਰਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਇਸ ਪਹਿਲਕਦਮੀ ਦਾ ਮਕਸਦ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੌਰਾਨ ਆਉਂਦੀਆਂ ਪਰਵਾਸ ਦੀਆਂ ਚੁਣੌਤੀਆਂ ਦੇ ਨਾਲ-ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਨਾ ਸੀ। ਸਮਾਗਮ ਵਿੱਚ ਬੈਂਕਿੰਗ ਪੇਸ਼ੇਵਰ ਮਨਿੰਦਰ ਗਰੇਵਾਲ, ਬੀ.ਸੀ. ਟਰਾਂਸਪਲਾਂਟ ਦੀ ਡਾਟਾ ਸਿਸਟਮ ਡਾਇਰੈਕਟਰ ਪਰਵਿੰਦ ਗਰੇਵਾਲ, ਮੀਡੀਆ ਸ਼ਖ਼ਸੀਅਤ ਬਲਜਿੰਦਰ ਕੌਰ, ਰੇਡੀਓ ਹੋਸਟ ਜਸਪ੍ਰੀਤ ਸਿੱਧੂ ਅਤੇ ਮਨੋਵਿਗਿਆਨੀ ਸੁਖਜੀਵਨ ਸੰਧੂ ਨੇ ਪੈਨਲਿਸਟ ਵਜੋਂ ਸ਼ਿਰਕਤ ਕੀਤੀ। ਪੈਨਲਿਸਟਾਂ ਨੇ ਆਪਣੀਆਂ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀਆਂ ਦੇ ਉਹ ਪਹਿਲੂ ਸਾਂਝੇ ਕੀਤੇ ਜੋ ਕੈਨੇਡਾ ਵਿੱਚ ਸਫ਼ਲਤਾ ਹਾਸਲ ਕਰਨ ਦੇ ਵੱਖੋ-ਵੱਖਰੇ ਮਾਰਗਾਂ ਨੂੰ ਦਰਸਾਉਂਦੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਆਪਣੇ ਟੀਚੇ ‘ਤੇ ਧਿਆਨ ਕੇਂਦਰਿਤ ਰੱਖਣਾ, ਲੋੜ ਪੈਣ ‘ਤੇ ਮਦਦ ਮੰਗਣ ਤੋਂ ਨਾ ਝਿਜਕਣਾ, ਨਵੇਂ ਹੁਨਰ ਸਿੱਖਣਾ ਅਤੇ ਆਪਸੀ ਸੰਪਰਕਾਂ ਦਾ ਦਾਇਰਾ ਵਧਾਉਣਾ ਬੇਹੱਦ ਜ਼ਰੂਰੀ ਹੈ। ਬੁਲਾਰਿਆਂ ਨੇ ਕਿਹਾ ਕਿ ਵਿਭਿੰਨਤਾ ਭਰੇ ਮਾਹੌਲ ਵਿੱਚ ਵਿਚਰ ਕੇ ਹੀ ਸਾਧਾਰਨ ਤੋਂ ਅਸਾਧਾਰਨ ਬਣਿਆ ਜਾ ਸਕਦਾ ਹੈ। ਇਹ ਸਮਾਗਮ ਸਰੀ ਦੇ ਸਮਾਜਿਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਪੰਜਾਬੀ ਔਰਤਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲਾ ਇੱਕ ਯਾਦਗਾਰੀ ਮੰਚ ਸਾਬਤ ਹੋਇਆ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ