12.6 C
Vancouver
Tuesday, October 6, 2026

ਟੈਰਿਫ ਵਿਵਾਦ ਕਾਰਨ ਸਰਹੱਦ ਦੇ ਦੋਵੇਂ ਪਾਸੇ ਵਪਾਰੀ ਨਿਰਾਸ਼, ਸਿਆਸੀ ਦਖਲ ਦੀ ਥਾਂ ਗੱਲਬਾਤ ਦੀ ਅਪੀਲ

ਵੈਨਕੂਵਰ (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ਉੱਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੇ ਅਮਰੀਕਾ ਦੇ ਆਪਣੇ ਘਰੇਲੂ ਬਾਜ਼ਾਰ ਅੰਦਰ ਭਾਰੀ ਬੇਚੈਨੀ ਪੈਦਾ ਕਰ ਦਿੱਤੀ ਹੈ। ਅਮਰੀਕੀ ਸ਼ਰਾਬ ਖੇਤਰ ਨਾਲ ਜੁੜੀਆਂ 59 ਸੰਸਥਾਵਾਂ ਦੇ ਗੱਠਜੋੜ ‘ਟੋਸਟਸ ਨੌਟ ਟੈਰਿਫਸ ਕੋਲੀਸ਼ਨ’ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਨੇਡੀਅਨ ਅਲਕੋਹਲ ਦੀ ਦਰਾਮਦ ਰੋਕਣ ਨਾਲ ਦੇਸ਼ ਦੇ ਰੈਸਟੋਰੈਂਟਾਂ, ਬਾਰਾਂ ਅਤੇ ਹੋਟਲਾਂ ਨੂੰ ਭਾਰੀ ਆਰਥਿਕ ਸੱਟ ਵੱਜੇਗੀ। ਮੰਗਲਵਾਰ ਤੋਂ ਲਾਗੂ ਹੋਏ ਇਹ ਨਿਯਮ ਅਜਿਹੇ ਸਮੇਂ ਆਏ ਹਨ ਜਦੋਂ ਕਾਰੋਬਾਰੀ ਸਾਲ ਦੇ ਸਭ ਤੋਂ ਵੱਧ ਵਿਕਰੀ ਵਾਲੇ ਤਿਉਹਾਰੀ ਸੀਜ਼ਨ ਦੀ ਤਿਆਰੀ ਕਰ ਰਹੇ ਸਨ।
ਸੰਸਥਾ ਨੇ ਆਪਣੇ ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਖ਼ਿਲਾਫ਼ ਛੇੜੀ ਗਈ ਵਪਾਰਕ ਜੰਗ ਨੇ ਅਮਰੀਕਾ ਦੇ ਆਪਣੇ ਵਾਈਨ ਅਤੇ ਸਪਿਰਿਟਸ ਉਤਪਾਦਕਾਂ ਦਾ ਪਹਿਲਾਂ ਹੀ ਭਾਰੀ ਨੁਕਸਾਨ ਕੀਤਾ ਹੈ। ਜਦੋਂ ਅਮਰੀਕਾ ਨੇ ਕੈਨੇਡਾ ਉੱਤੇ ਟੈਰਿਫ ਲਗਾਏ ਤਾਂ ਜਵਾਬ ਵਿੱਚ ਕੈਨੇਡਾ ਨੇ ਵੀ ਅਮਰੀਕੀ ਸ਼ਰਾਬ ਉੱਤੇ ਰੋਕਾਂ ਲਗਾ ਦਿੱਤੀਆਂ ਸਨ, ਜਿਸ ਨਾਲ ਕੈਨੇਡੀਅਨ ਬਾਜ਼ਾਰ ਵਿੱਚ ਅਮਰੀਕੀ ਬ੍ਰਾਂਡਾਂ ਦੀ ਵਿਕਰੀ ਠੱਪ ਹੋ ਗਈ ਸੀ। ਹੁਣ ਨਵੀਂ ਪਾਬੰਦੀ ਕਾਰਨ ਅਮਰੀਕਾ ਅੰਦਰ ਕੈਨੇਡੀਅਨ ਸ਼ਰਾਬ ਦੀ ਸਪਲਾਈ ਰੁਕ ਜਾਵੇਗੀ, ਜਿਸ ਨਾਲ ਗਾਹਕਾਂ ਦੀ ਪਸੰਦ ਪ੍ਰਭਾਵਿਤ ਹੋਵੇਗੀ।
ਗੱਠਜੋੜ ਨੇ ਦੋਵਾਂ ਦੇਸ਼ਾਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਗੱਲਬਾਤ ਰਾਹੀਂ ਕੋਈ ਸਾਰਥਕ ਹੱਲ ਕੱਢਣ। ਉਹਨਾਂ ਦਾ ਕਹਿਣਾ ਹੈ ਕਿ ਸਰਹੱਦ ਦੇ ਦੋਵੇਂ ਪਾਸੇ ਕਾਰੋਬਾਰਾਂ ਨੂੰ ਨਿਰਵਿਘਨ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਸਿਆਸੀ ਟਕਰਾਅ ਦੀ ਬਲੀ ਚੜ੍ਹਨ ਦੀ ਬਜਾਏ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਣ। ਪਿਛਲੇ ਮਹੀਨੇ ਦੋਵਾਂ ਮੁਲਕਾਂ ਵਿਚਾਲੇ ਵਪਾਰਕ ਵਾਰਤਾ ਟੁੱਟਣ ਮਗਰੋਂ ਟਰੰਪ ਪ੍ਰਸ਼ਾਸਨ ਨੇ ਦਬਾਅ ਵਧਾਉਣ ਲਈ ਇਹ ਕਦਮ ਚੁੱਕਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਕੈਨੇਡਾ ਦੀ ਕੁੱਲ ਜੀਡੀਪੀ ਉੱਤੇ ਇਸ ਪਾਬੰਦੀ ਦਾ ਅਸਰ ਬਹੁਤ ਵੱਡਾ ਨਹੀਂ ਹੋਵੇਗਾ, ਪਰ ਖਾਸ ਤੌਰ ਉੱਤੇ ਅਲਕੋਹਲ, ਡੇਅਰੀ ਅਤੇ ਮੋਟਰਸਾਈਕਲ ਖੇਤਰ ਨਾਲ ਜੁੜੀਆਂ ਕੰਪਨੀਆਂ ਅਤੇ ਅਮਰੀਕਾ ਦੇ ਸੇਵਾ ਖੇਤਰ ਦੇ ਕਾਮੇ ਇਸ ਦਾ ਸਿੱਧਾ ਨੁਕਸਾਨ ਝੱਲਣਗੇ। ਕਾਰੋਬਾਰੀ ਵਰਗ ਚਾਹੁੰਦਾ ਹੈ ਕਿ ਸਿਆਸੀ ਜ਼ਿੱਦ ਛੱਡ ਕੇ ਦੋਵੇਂ ਮੁਲਕ ਮੁੜ ਆਮ ਵਪਾਰਕ ਸਬੰਧਾਂ ਵੱਲ ਪਰਤਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ