12.6 C
Vancouver
Tuesday, October 6, 2026

ਚੱਲ ਰਹੇ ਵਿਵਾਦ ਬਾਰੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੇ ਪ੍ਰਬੰਧਕਾਂ ਨੇ ਦਿੱਤਾ ਸ਼ਪੱਸ਼ਟੀਕਰਨ

ਸਰੀ : ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ (ਸਰੀ) ਦੇ ਬਾਹਰ ਚੱਲ ਰਹੇ ਰੋਸ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਚਰਚਾਵਾਂ ਦੇ ਮੱਦੇਨਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਮਿਲਣੀ ਕੀਤੀ ਗਈ ਇਸ ਦੌਰਾਨ ਪ੍ਰਬੰਧਕਾ ਨੇ ਆਪਣਾ ਪੱਖ ਸੰਗਤ ਸਾਹਮਣੇ ਰੱਖਿਆ ਹੈ। ਪ੍ਰਬੰਧਕਾਂ ਨੇ ਸਮੁੱਚੇ ਘਟਨਾਕ੍ਰਮ ਦਾ ਵੇਰਵਾ ਸਾਂਝਾ ਕਰਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਏ ਜਾ ਰਹੇ ਮੋਰਚਿਆਂ ਦੇ ਮਨੋਰਥ ‘ਤੇ ਹੈਰਾਨੀ ਪ੍ਰਗਟਾਈ ਹੈ। ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਐਤਵਾਰ, 20 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਪੰਜ ਪਿਆਰਿਆਂ ਵੱਲੋਂ ਟੱਕ ਲਗਾਉਣ ਦਾ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ, ਜਿਸ ਕਾਰਨ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਵਾਲਾ ਮਾਹੌਲ ਸੀ।
ਕਮੇਟੀ ਅਨੁਸਾਰ ਇਸੇ ਦੌਰਾਨ ਟੋਰਾਂਟੋ ਖੇਤਰ ਤੋਂ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈਣ ਲਈ ਪਹੁੰਚੇ। ਹਾਲਾਂਕਿ ਐਤਵਾਰ ਨੂੰ ਭਾਰੀ ਰੁਝੇਵਿਆਂ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਕਰਕੇ ਪਾਵਨ ਸਰੂਪ ਭੇਟ ਕਰਨ ਦੀ ਪ੍ਰਕਿਰਿਆ ਆਮ ਤੌਰ ‘ਤੇ ਨਹੀਂ ਕੀਤੀ ਜਾਂਦੀ, ਪਰ ਸੰਬੰਧਤ ਸਿੰਘਾਂ ਦੇ ਦੂਰੋਂ ਆਉਣ ਕਰਕੇ ਉਨ੍ਹਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਲੋੜੀਂਦੇ ਦਸਤਾਵੇਜ਼ ਤਿਆਰ ਕਰ ਦਿੱਤੇ ਗਏ।
ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਪਾਵਨ ਸਰੂਪ ਲੈ ਕੇ ਜਾਣ ਵਾਸਤੇ ਗੱਡੀ ਕੋਲ ਪਹੁੰਚਿਆ ਗਿਆ ਤਾਂ ਦੇਖਿਆ ਗਿਆ ਕਿ ਗੱਡੀ ਵਿੱਚ ਪਾਵਨ ਸਰੂਪਾਂ ਦੀ ਸੇਵਾ-ਸੰਭਾਲ ਅਤੇ ਮਰਿਆਦਾ ਅਨੁਸਾਰ ਲੋੜੀਂਦੇ ਪ੍ਰਬੰਧ ਮੁਕੰਮਲ ਨਹੀਂ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪਾਵਨ ਸਰੂਪਾਂ ਨੂੰ ਤੁਰੰਤ ਵਾਪਸ ਗੁਰਦੁਆਰਾ ਸਾਹਿਬ ਲਿਆ ਕੇ ਪੂਰੇ ਸਤਿਕਾਰ ਸਹਿਤ ਸੁਸ਼ੋਭਿਤ ਕਰ ਦਿੱਤਾ ਗਿਆ।
ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਬਦਨਾਮ ਕਰਨ ਲਈ ਉਪਰਕੋਤ ਸਾਰੀ ਘਟਨਾ ਲਈ ਯੋਜਨਾਬਧ ਤਰੀਕੇ ਨਾਲ ਘੜ੍ਹੀ ਗਈ ਸੀ ਅਤੇ ਜਿਸ ਦੀ ਸੀ.ਸੀ.ਟੀ.ਵੀ. ਫੁਟੇਜ਼ ਵੀ ਪ੍ਰੈੱਸ ਕਾਨਫਰੰਸ ਦੌਰਾਨ ਦਿਖਾਈ ਗਈ। ਕਮੇਟੀ ਨੇ ਸਪਸ਼ਟ ਸ਼ਬਦਾਂ ਵਿੱਚ ਮੰਨਿਆ ਕਿ ਗੱਡੀ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਚੈੱਕ ਨਾ ਕਰਨਾ ਉਨ੍ਹਾਂ ਦੀ ਭੁੱਲ ਸੀ, ਜਿਸ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਤੇ ਸਮੁੱਚੀ ਸੰਗਤ ਪਾਸੋਂ ਪਹਿਲਾਂ ਹੀ ਨਿਮਰਤਾ ਸਹਿਤ ਮੁਆਫ਼ੀ ਮੰਗੀ ਜਾ ਚੁੱਕੀ ਹੈ। ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਇਸ ਭੁੱਲ ਦੀ ਖ਼ਿਮਾ-ਯਾਚਨਾ ਕਰ ਲਈ ਗਈ ਹੈ ਅਤੇ ਇਸ ਸਬੰਧੀ ਆਉਂਦੇ ਸੋਮਵਾਰ ਨੂੰ ਪਸ਼ਚਾਤਾਪ ਲਈ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ, ਜਿਨ੍ਹਾਂ ਦੇ ਭੋਗ ਬੁੱਧਵਾਰ ਨੂੰ ਪਾਏ ਜਾਣਗੇ। ਪਾਵਨ ਸਰੂਪਾਂ ਦਾ ਪੂਰਾ ਸਤਿਕਾਰ ਬਰਕਰਾਰ ਰੱਖਿਆ ਗਿਆ ਹੈ, ਤਾਂ ਹੁਣ ਗੁਰਦੁਆਰਾ ਸਾਹਿਬ ਦੇ ਬਾਹਰ ਧਰਨੇ-ਪ੍ਰਦਰਸ਼ਨ ਅਤੇ ਮੋਰਚੇ ਲਗਾਉਣ ਦਾ ਅਸਲ ਮਕਸਦ ਸਮਝ ਤੋਂ ਬਾਹਰ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵਲੋਂ ਥਾਂ-ਥਾਂ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਮਾਨਸਿਕ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਜਿਸ ਲਈ ਪ੍ਰਦਰਸ਼ਨਕਾਰੀਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਰੁਝਾਨ ਖਬਰਾਂ