ਵੱਖ-ਵੱਖ ਸੂਬਿਆਂ ਵਿੱਚ ਯੋਗਤਾ ਦੇ ਵੱਖਰੇ ਨਿਯਮ, ਅਲਬਰਟਾ ਅਤੇ ਕਿਊਬੈਕ ਵਿੱਚ ਕੁਝ ਸ਼੍ਰੇਣੀਆਂ ਲਈ ਲੱਗੇਗੀ ਫੀਸ
ਵੈਨਕੂਵਰ (ਏਕਜੋਤ ਸਿੰਘ): ਕੈਨੇਡਾ ਦੇ ਸੂਬਿਆਂ ਅਤੇ ਖੇਤਰਾਂ ਨੇ ਪਤਝੜ 2026 ਦੇ ਸੀਜ਼ਨ ਲਈ ਫਲੂ ਅਤੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ। ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਨਾਕੀ) ਨੇ ਸਿਫਾਰਸ਼ ਕੀਤੀ ਹੈ ਕਿ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ, ਹੈਲਥ ਕੇਅਰ ਵਰਕਰਾਂ ਅਤੇ ਲੌਂਗ ਟਰਮ ਕੇਅਰ ਹੋਮਾਂ ਵਿੱਚ ਰਹਿਣ ਵਾਲੇ ਉੱਚ-ਜੋਖਮ ਵਾਲੇ ਵਿਅਕਤੀਆਂ ਨੂੰ ਇਹ ਟੀਕੇ ਪਹਿਲ ਦੇ ਆਧਾਰ ਉੱਤੇ ਲਗਾਏ ਜਾਣੇ ਚਾਹੀਦੇ ਹਨ। ਕਮੇਟੀ ਨੇ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਵੀ ਆਪਣੀ ਸਿਹਤ ਦੇ ਮੁਲਾਂਕਣ ਅਨੁਸਾਰ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਹੈ ਅਤੇ ਯਾਦ ਦਿਵਾਇਆ ਹੈ ਕਿ ਪਿਛਲੀ ਖੁਰਾਕ ਤੋਂ ਬਾਅਦ ਘੱਟੋ-ਘੱਟ 6 ਮਹੀਨਿਆਂ ਦਾ ਵਕਫਾ ਹੋਣਾ ਲਾਜ਼ਮੀ ਹੈ।
ਓਂਟਾਰੀਓ ਵਿੱਚ ਉੱਚ-ਜੋਖਮ ਵਾਲੇ ਗਰੁੱਪਾਂ ਲਈ ਟੀਕਾਕਰਨ 28 ਸਤੰਬਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜਦਕਿ 26 ਅਕਤੂਬਰ ਤੋਂ ਇਹ ਸਾਰੇ ਆਮ ਲੋਕਾਂ ਲਈ ਫਾਰਮੇਸੀਆਂ ਅਤੇ ਪਬਲਿਕ ਹੈਲਥ ਕਲੀਨਿਕਾਂ ਉੱਤੇ ਬਿਲਕੁਲ ਮੁਫਤ ਉਪਲਬਧ ਹੋਵੇਗਾ। ਸੂਬੇ ਵਿੱਚ ਐਮਆਰਐਨਏ ਟੀਕਿਆਂ ਦੇ ਨਾਲ-ਨਾਲ ਸਨੋਫੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਨੋਵਾਵੈਕਸ ਗੈਰ-ਐਮਆਰਐਨਏ ਵੈਕਸੀਨ ਵੀ ਮੁਹੱਈਆ ਕਰਵਾਈ ਜਾਵੇਗੀ। ਕਿਊਬੈਕ ਨੇ ਵੀ ਪਤਝੜ ਦੀ ਸ਼ੁਰੂਆਤ ਵਿੱਚ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਲਈ ਮੁਫਤ ਟੀਕੇ ਰੱਖੇ ਹਨ, ਪਰ ਯੋਗਤਾ ਸੂਚੀ ਤੋਂ ਬਾਹਰ ਆਉਣ ਵਾਲੇ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਦੀ ਕੀਮਤ ਖੁਦ ਚੁਕਾਉਣੀ ਪਵੇਗੀ।
ਬ੍ਰਿਟਿਸ਼ ਕੋਲੰਬੀਆ ਨੇ ਵਸਨੀਕਾਂ ਨੂੰ ਆਪਣੀ ‘ਗੈੱਟ ਵੈਕਸੀਨੇਟਿਡ’ ਪ੍ਰਣਾਲੀ ਉੱਤੇ ਰਜਿਸਟਰ ਕਰਨ ਲਈ ਕਿਹਾ ਹੈ ਤਾਂ ਜੋ ਅਪਾਇੰਟਮੈਂਟਾਂ ਬਾਰੇ ਸੂਚਨਾ ਦਿੱਤੀ ਜਾ ਸਕੇ। ਅਲਬਰਟਾ ਵਿੱਚ ਫਲੂ ਦਾ ਟੀਕਾ ਸਾਰੇ ਨਾਗਰਿਕਾਂ ਲਈ ਮੁਫਤ ਹੋਵੇਗਾ, ਪਰ ਕੋਵਿਡ-19 ਟੀਕਾ ਸਿਰਫ ਨਿਰਧਾਰਤ ਸ਼੍ਰੇਣੀਆਂ ਨੂੰ ਹੀ ਮੁਫਤ ਮਿਲੇਗਾ। ਜਿਹੜੇ ਬੱਚੇ ਜਾਂ ਬਾਲਗ ਯੋਗਤਾ ਦੇ ਦਾਇਰੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਕਲੀਨਿਕਾਂ ਜਾਂ ਫਾਰਮੇਸੀਆਂ ਤੋਂ $100 ਫੀਸ ਅਦਾ ਕਰਕੇ ਇਹ ਖੁਰਾਕ ਲੈਣੀ ਪਵੇਗੀ। ਸਸਕੈਚਵਨ, ਮੈਨੀਟੋਬਾ, ਨਿਊ ਬਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ ਅਤੇ ਯੂਕੌਨ ਵਰਗੇ ਖੇਤਰਾਂ ਵਿੱਚ ਅਕਤੂਬਰ ਮਹੀਨੇ ਦੌਰਾਨ ਮੁਫਤ ਟੀਕਾਕਰਨ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹਨ। This report was written by Ekjot Singh as part of the Local Journalism Initiative.
ਕੈਨੇਡਾ ਵਿੱਚ ਫਲੂ ਅਤੇ ਕੋਵਿਡ-19 ਟੀਕਾਕਰਨ ਮੁਹਿੰਮ ਸ਼ੁਰੂ, ਸੂਬਿਆਂ ਵੱਲੋਂ ਯੋਜਨਾਵਾਂ ਦਾ ਐਲਾਨ

