12.6 C
Vancouver
Tuesday, October 6, 2026

ਇਮੀਗ੍ਰੇਸ਼ਨ ਪ੍ਰਣਾਲੀ ਕਾਬੂ ਹੇਠ ਆਉਣ ਮਗਰੋਂ ਆਬਾਦੀ ਵਿੱਚ ‘ਨਿਯੰਤਰਿਤ ਵਾਧੇ’ ਦੀ ਤਿਆਰੀ: ਮਾਰਕ ਕਾਰਨੀ

ਆਬਾਦੀ ਸੰਤੁਲਨ ਬਣਾਉਣ ਲਈ ਅਗਲੇ 3 ਸਾਲਾਂ ਦੀ ਇਮੀਗ੍ਰੇਸ਼ਨ ਯੋਜਨਾ ਤੋਂ ਪਹਿਲਾਂ ਨਵੇਂ ਨਿਯਮਾਂ ਉੱਤੇ ਹੋਵੇਗਾ ਵਿਚਾਰ
ਵੈਨਕੂਵਰ (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਸੰਪੂਰਨ ਕੰਟਰੋਲ ਹੇਠ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ ਮੁੱਖ ਸਵਾਲ ਇਹ ਹੈ ਕਿ ਕੈਨੇਡਾ ਦੀ ਆਬਾਦੀ ਵਿੱਚ ‘ਨਿਯੰਤਰਿਤ ਵਾਧਾ’ ਕਦੋਂ ਸ਼ੁਰੂ ਕੀਤਾ ਜਾਵੇ। ਨਿਊਯਾਰਕ ਟਾਈਮਜ਼ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਫੈਡਰਲ ਸਰਕਾਰ ਕਾਨੂੰਨੀ ਤੌਰ ਉੱਤੇ ਅਗਲੇ ਮਹੀਨੇ ਆਉਣ ਵਾਲੇ 3 ਸਾਲਾਂ ਲਈ ਆਪਣੀ ਨਵੀਂ ਇਮੀਗ੍ਰੇਸ਼ਨ ਪੱਧਰ ਯੋਜਨਾ ਸੰਸਦ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਕੈਨੇਡਾ ਵਿੱਚ ਆਬਾਦੀ ਦੇ ਤੇਜ਼ੀ ਨਾਲ ਵਧਣ ਕਾਰਨ ਹਾਊਸਿੰਗ, ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਉੱਤੇ ਭਾਰੀ ਦਬਾਅ ਪੈ ਗਿਆ ਸੀ। ਇਸ ਸਥਿਤੀ ਨੂੰ ਠੱਲ੍ਹ ਪਾਉਣ ਲਈ ਪਿਛਲੀਆਂ 3 ਫੈਡਰਲ ਇਮੀਗ੍ਰੇਸ਼ਨ ਯੋਜਨਾਵਾਂ ਵਿੱਚ ਦੇਸ਼ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਉਣ ਉੱਤੇ ਜ਼ੋਰ ਦਿੱਤਾ ਗਿਆ ਸੀ। ਸਰਕਾਰ ਨੇ ਸਾਲਾਨਾ ਆਰਜ਼ੀ ਨਿਵਾਸੀਆਂ, ਜਿਨ੍ਹਾਂ ਵਿੱਚ ਵਿਦੇਸ਼ੀ ਵਿਦਿਆਰਥੀ ਅਤੇ ਅਸਥਾਈ ਕਾਮੇ ਸ਼ਾਮਲ ਹਨ, ਦੀ ਆਬਾਦੀ ਵਿੱਚ ਹਿੱਸੇਦਾਰੀ ਨੂੰ ਘਟਾ ਕੇ 5 ਫੀਸਦੀ ਤੱਕ ਸੀਮਤ ਕਰਨ ਦਾ ਟੀਚਾ ਤੈਅ ਕੀਤਾ ਸੀ, ਕਿਉਂਕਿ ਅਕਤੂਬਰ 2024 ਵਿੱਚ ਇਹ ਅੰਕੜਾ 7 ਫੀਸਦੀ ਨੂੰ ਪਾਰ ਕਰ ਗਿਆ ਸੀ। ਕੈਨੇਡਾ ਦੇ ਪ੍ਰਮੁੱਖ ਥਿੰਕ ਟੈਂਕ ਸੀ.ਡੀ. ਹਾਓ ਇੰਸਟੀਚਿਊਟ ਦੀ ਇਮੀਗ੍ਰੇਸ਼ਨ ਟੀਚਾ ਕੌਂਸਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਅਗਲੇ 3 ਸਾਲਾਂ ਦੌਰਾਨ ਵੀ ਨਵੇਂ ਆਉਣ ਵਾਲਿਆਂ ਦੀ ਗਿਣਤੀ ਵਿੱਚ ਕਟੌਤੀ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ। ਇਸ ਕੌਂਸਲ ਵਿੱਚ ਇਮੀਗ੍ਰੇਸ਼ਨ ਨੀਤੀਆਂ ਦੇ ਮੋਹਰੀ ਵਿਦਵਾਨ, ਸਾਬਕਾ ਡਿਪਟੀ ਮੰਤਰੀ ਅਤੇ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਸ਼ਾਮਲ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਰਿਹਾਇਸ਼ੀ ਸੰਕਟ ਅਤੇ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਲੀਹ ਉੱਤੇ ਨਹੀਂ ਆਉਂਦੀਆਂ, ਉਦੋਂ ਤੱਕ ਆਬਾਦੀ ਦੇ ਵਾਧੇ ਨੂੰ ਸੀਮਤ ਰੱਖਣਾ ਹੀ ਬਿਹਤਰ ਹੋਵੇਗਾ। ਪ੍ਰਧਾਨ ਮੰਤਰੀ ਦੇ ਇਸ ਤਾਜ਼ਾ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਫੈਡਰਲ ਸਰਕਾਰ ਭਵਿੱਖ ਵਿੱਚ ਕਿਰਤ ਮੰਡੀ ਦੀਆਂ ਲੋੜਾਂ ਅਤੇ ਆਰਥਿਕ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸੰਤੁਲਿਤ ਅਤੇ ਯੋਜਨਾਬੱਧ ਤਰੀਕੇ ਨਾਲ ਇਮੀਗ੍ਰੇਸ਼ਨ ਕੋਟੇ ਵਿੱਚ ਵਾਧਾ ਕਰਨ ਬਾਰੇ ਸੋਚ ਰਹੀ ਹੈ। ਆਉਣ ਵਾਲੀ ਨਵੀਂ ਯੋਜਨਾ ਵਿੱਚ ਇਹ ਦੇਖਣਾ ਅਹਿਮ ਹੋਵੇਗਾ ਕਿ ਸਰਕਾਰ ਆਰਥਿਕ ਸੁਧਾਰਾਂ ਅਤੇ ਆਬਾਦੀ ਵਾਧੇ ਵਿਚਾਲੇ ਕਿਸ ਤਰ੍ਹਾਂ ਦਾ ਸੰਤੁਲਨ ਕਾਇਮ ਕਰਦੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ