12.6 C
Vancouver
Tuesday, October 6, 2026

ਅਮਰੀਕੀ ਟੈਰਿਫਾਂ ਦਾ ਅਸਰ ਅਗਲੀਆਂ ਤਿਮਾਹੀਆਂ ਵਿੱਚ ਦਿਸਣ ਦਾ ਖਦਸ਼ਾ: ਅਰਥ ਸ਼ਾਸਤਰੀ

ਜੁਲਾਈ ਮਹੀਨੇ ਕੈਨੇਡਾ ਦੀ ਆਰਥਿਕ ਵਿਕਾਸ ਦਰ ਸਥਿਰ
ਵੈਨਕੂਵਰ (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ ਦੌਰਾਨ ਦੇਸ਼ ਦੀ ਕੁੱਲ ਘਰੇਲੂ ਉਤਪਾਦ ਯਾਨੀ ਜੀਡੀਪੀ ਦੀ ਵਿਕਾਸ ਦਰ ਲਗਭਗ ਸਥਿਰ ਰਹੀ ਹੈ। ਦੂਜੀ ਤਿਮਾਹੀ ਦੌਰਾਨ 3.3 ਫੀਸਦੀ ਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਤੋਂ ਬਾਅਦ ਤੀਜੀ ਤਿਮਾਹੀ ਦੀ ਸ਼ੁਰੂਆਤ ਮੱਠੀ ਰਹੀ ਹੈ। ਉਸਾਰੀ ਅਤੇ ਬਿਜਲੀ ਖੇਤਰ ਵਿੱਚ ਹੋਏ ਵਾਧੇ ਦੇ ਬਾਵਜੂਦ ਮੈਨੂਫੈਕਚਰਿੰਗ, ਖਣਨ ਅਤੇ ਤੇਲ-ਗੈਸ ਖੇਤਰ ਵਿੱਚ ਆਈ ਗਿਰਾਵਟ ਨੇ ਸਮੁੱਚੀ ਆਰਥਿਕਤਾ ਦੀ ਰਫ਼ਤਾਰ ਨੂੰ ਰੋਕ ਦਿੱਤਾ ਹੈ। ਏਜੰਸੀ ਦੀ ਰਿਪੋਰਟ ਦਰਸਾਉਂਦੀ ਹੈ ਕਿ ਉਸਾਰੀ ਖੇਤਰ ਵਿੱਚ ਜੁਲਾਈ ਦੌਰਾਨ 1.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਲਗਾਤਾਰ ਚੌਥੇ ਮਹੀਨੇ ਦਾ ਸੁਧਾਰ ਹੈ। ਖਾਸ ਤੌਰ ਉੱਤੇ ਟੋਰਾਂਟੋ ਵਿੱਚ ਨਵੇਂ ਹਸਪਤਾਲ ਦੀ ਉਸਾਰੀ ਕਾਰਨ ਗੈਰ-ਰਿਹਾਇਸ਼ੀ ਇਮਾਰਤਸਾਜ਼ੀ ਵਿੱਚ ਸਾਲ 2022 ਤੋਂ ਬਾਅਦ ਦਾ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਪਈ ਭਾਰੀ ਗਰਮੀ ਕਾਰਨ ਕੂਲਿੰਗ ਲਈ ਬਿਜਲੀ ਦੀ ਖਪਤ ਵਧੀ, ਜਿਸ ਸਦਕਾ ਊਰਜਾ ਅਤੇ ਉਪਯੋਗਤਾ ਖੇਤਰ ਨੇ 1.7 ਫੀਸਦੀ ਦੀ ਮਜ਼ਬੂਤ ਵਿਕਾਸ ਦਰ ਦਿਖਾਈ। ਮੈਨੂਫੈਕਚਰਿੰਗ ਸੈਕਟਰ ਵਿੱਚ 0.9 ਫੀਸਦੀ ਦੀ ਕਮੀ ਆਈ, ਜੋ ਪਿਛਲੇ ਚਾਰ ਮਹੀਨਿਆਂ ਵਿੱਚ ਇਸ ਦੀ ਪਹਿਲੀ ਗਿਰਾਵਟ ਹੈ। ਪੋਟਾਸ਼ ਖਣਨ ਵਿੱਚ 6.4 ਫੀਸਦੀ ਦੀ ਭਾਰੀ ਕਟੌਤੀ ਕਾਰਨ ਸਮੁੱਚੇ ਮਾਈਨਿੰਗ ਸੈਕਟਰ ਨੂੰ ਵੱਡੀ ਸੱਟ ਵੱਜੀ ਹੈ। ਪੈਟਰੋਲ ਦੀਆਂ ਵਧਦੀਆਂ ਕੀਮਤਾਂ ਕਾਰਨ ਗੈਸ ਸਟੇਸ਼ਨਾਂ ਉੱਤੇ ਪ੍ਰਚੂਨ ਵਿਕਰੀ ਵੀ ਪ੍ਰਭਾਵਿਤ ਹੋਈ। ਸਟੈਟਕੈਨ ਦਾ ਅਨੁਮਾਨ ਹੈ ਕਿ ਅਗਸਤ ਵਿੱਚ ਜੀਡੀਪੀ 0.2 ਫੀਸਦੀ ਵਧ ਸਕਦੀ ਹੈ, ਪਰ ਅਸਲ ਅੰਕੜੇ ਅਗਲੇ ਮਹੀਨੇ ਸੋਧੇ ਜਾਣਗੇ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਅਗਸਤ ਮਹੀਨੇ ਦੇ ਅੰਕੜਿਆਂ ਵਿੱਚ 22 ਅਗਸਤ ਤੋਂ ਅਮਰੀਕਾ ਵੱਲੋਂ ਲਗਾਏ ਗਏ 50 ਫੀਸਦੀ ਟੈਰਿਫਾਂ ਦਾ ਅੰਸ਼ਕ ਅਸਰ ਦਿਖਾਈ ਦੇਵੇਗਾ। ਕੇਪੀਐਮਜੀ ਦੇ ਸੀਨੀਅਰ ਅਰਥ ਸ਼ਾਸਤਰੀ ਪੀਟਰ ਸ਼ੈਨਨ ਅਨੁਸਾਰ ਅਮਰੀਕੀ ਟੈਰਿਫਾਂ ਦੀ ਅਸਲ ਮਾਰ ਸਤੰਬਰ ਅਤੇ ਚੌਥੀ ਤਿਮਾਹੀ ਵਿੱਚ ਸਾਹਮਣੇ ਆਵੇਗੀ, ਜਿਸ ਨਾਲ ਆਰਥਿਕਤਾ ਅੱਧਾ ਫੀਸਦੀ ਤੱਕ ਕਮਜ਼ੋਰ ਹੋ ਸਕਦੀ ਹੈ। ਬੈਂਕ ਆਫ ਕੈਨੇਡਾ 28 ਅਕਤੂਬਰ ਨੂੰ ਵਿਆਜ ਦਰਾਂ ਬਾਰੇ ਆਪਣਾ ਅਗਲਾ ਫੈਸਲਾ ਲੈਣ ਤੋਂ ਪਹਿਲਾਂ ਨੌਕਰੀਆਂ ਅਤੇ ਮਹਿੰਗਾਈ ਦੇ ਨਵੇਂ ਅੰਕੜਿਆਂ ਦੀ ਬਾਰੀਕੀ ਨਾਲ ਸਮੀਖਿਆ ਕਰੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ