12.6 C
Vancouver
Tuesday, October 6, 2026

ਅਮਰੀਕਾ ਅਤੇ ਚੀਨ ਵਿਚਾਲੇ ਹੋਇਆ ਵਪਾਰਕ ਸਮਝੌਤਾ, ਦੋਵਾਂ ਦੇਸ਼ਾਂ ਨੇ $30 ਬਿਲੀਅਨ ਦੀਆਂ ਵਸਤਾਂ ’ਤੇ ਟੈਰਿਫ ਘਟਾਏ

ਟਰੰਪ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਮਗਰੋਂ ਵਪਾਰਕ ਤਣਾਅ ਘਟਿਆ, ਰਣਨੀਤਕ ਖੇਤਰ ਸਮਝੌਤੇ ਤੋਂ ਬਾਹਰ
ਵੈਨਕੂਵਰ (ਏਕਜੋਤ ਸਿੰਘ): ਵਾਸ਼ਿੰਗਟਨ: ਦੁਨੀਆ ਦੀਆਂ ਦੋ ਪ੍ਰਮੁੱਖ ਆਰਥਿਕ ਮਹਾਂਸ਼ਕਤੀਆਂ ਅਮਰੀਕਾ ਅਤੇ ਚੀਨ ਨੇ ਆਪਸੀ ਵਪਾਰਕ ਸਬੰਧਾਂ ਵਿੱਚ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਦੋਵਾਂ ਮੁਲਕਾਂ ਨੇ ਆਪਸੀ ਸਹਿਮਤੀ ਨਾਲ ਇੱਕ-ਦੂਜੇ ਦੇ ਲਗਭਗ 30 ਬਿਲੀਅਨ ਡਾਲਰ ਮੁੱਲ ਦੇ ਉਤਪਾਦਾਂ ‘ਤੇ ਟੈਰਿਫ਼ ਘਟਾਉਣ ਲਈ ਵਿਸਥਾਰਤ ਸੂਚੀਆਂ ਜਾਰੀ ਕਰ ਦਿੱਤੀਆਂ ਹਨ। ਇਹ ਵੱਡਾ ਫ਼ੈਸਲਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਵਾਸ਼ਿੰਗਟਨ ਵਿਖੇ ਹੋਈ ਇੱਕ ਇਤਿਹਾਸਕ ਸਿਖ਼ਰ ਬੈਠਕ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸਾਲ 2015 ਤੋਂ ਬਾਅਦ ਚੀਨੀ ਰਾਸ਼ਟਰਪਤੀ ਦਾ ਇਹ ਪਹਿਲਾ ਅਮਰੀਕਾ ਦੌਰਾ ਸੀ, ਜਿਸ ਨੇ ਦੋਵਾਂ ਮੁਲਕਾਂ ਦੇ ਤਲਖ਼ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਵਰ੍ਹੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਟਕਰਾਅ ਕਾਰਨ ਟੈਰਿਫ਼ 145 ਫ਼ੀਸਦੀ ਦੇ ਉੱਚੇ ਪੱਧਰ ‘ਤੇ ਪਹੁੰਚ ਗਏ ਸਨ, ਪਰ ਹੁਣ ਕੂਟਨੀਤਕ ਗੱਲਬਾਤ ਰਾਹੀਂ ਆਈ ਨਰਮੀ ਤੋਂ ਬਾਅਦ ਇਹ ਵੱਡੀਆਂ ਰਿਆਇਤਾਂ ਦੇਣ ਦਾ ਰਾਹ ਪੱਧਰਾ ਹੋਇਆ ਹੈ। ਚੀਨ ਦੇ ਵਣਜ ਮੰਤਰਾਲੇ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਇਸ ਨਵੇਂ ਸਮਝੌਤੇ ਤਹਿਤ ਅਮਰੀਕਾ ਤੋਂ ਚੀਨ ਦਰਾਮਦ ਹੋਣ ਵਾਲੀਆਂ 1,619 ਵਸਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਖੇਤੀਬਾੜੀ ਉਤਪਾਦ, ਵਾਲਾਂ ਅਤੇ ਨਿੱਜੀ ਦੇਖਭਾਲ ਦੇ ਸਾਮਾਨ, ਲੱਕੜ, ਮੈਡੀਕਲ ਉਪਕਰਣ ਅਤੇ ਕੋਲਾ ਸ਼ਾਮਲ ਹਨ, ਜਿਸ ਨਾਲ ਅਮਰੀਕੀ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਚੀਨ ਦੀ ਵਿਸ਼ਾਲ ਮੰਡੀ ਵਿੱਚ ਸਿੱਧਾ ਲਾਭ ਮਿਲੇਗਾ। ਦੂਜੇ ਪਾਸੇ, ਚੀਨ ਤੋਂ ਅਮਰੀਕਾ ਨਿਰਯਾਤ ਕੀਤੀਆਂ ਜਾਣ ਵਾਲੀਆਂ 77 ਵੱਖ-ਵੱਖ ਸ਼੍ਰੇਣੀਆਂ ਨੂੰ ਇਸ ਰਿਆਇਤੀ ਘੇਰੇ ਵਿੱਚ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚ ਰੋਜ਼ਾਨਾ ਵਰਤੋਂ ਦੇ ਭਾਂਡੇ, ਬੱਚਿਆਂ ਦੇ ਖਿਡੌਣੇ, ਪਹੇਲੀਆਂ, ਫੁੱਟਬਾਲ, ਪਟਾਕੇ ਅਤੇ ਕ੍ਰਿਸਮਸ ਦੇ ਤਿਉਹਾਰ ਨਾਲ ਸਬੰਧਤ ਸਜਾਵਟੀ ਸਾਮਾਨ ਸ਼ਾਮਲ ਹਨ। ਸਮਝੌਤੇ ਅਨੁਸਾਰ ਲਗਭਗ 90 ਫ਼ੀਸਦੀ ਉਤਪਾਦਾਂ ‘ਤੇ ਹੁਣ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਨਿਯਮਾਂ ਅਧੀਨ ਮੋਸਟ-ਫੇਵਰਡ-ਨੇਸ਼ਨ (ਐੱਮਐੱਫਐੱਨ) ਦਰਾਂ ਲਾਗੂ ਹੋਣਗੀਆਂ, ਜਿਸ ਦੇ ਸਿੱਟੇ ਵਜੋਂ ਪਿਛਲੇ ਸਮੇਂ ਦੌਰਾਨ ਥੋਪੇ ਗਏ ਵਾਧੂ ਦੇਸ਼-ਵਿਸ਼ੇਸ਼ ਟੈਰਿਫ਼ ਲਗਭਗ ਖ਼ਤਮ ਹੋ ਜਾਣਗੇ।
ਅਮਰੀਕੀ ਵਪਾਰ ਪ੍ਰਤੀਨਿਧੀ ਜੇਮੀਸਨ ਗਰੀਰ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਸਮਝੌਤਾ ਮੁੱਖ ਤੌਰ ‘ਤੇ ਗ਼ੈਰ-ਸੰਵੇਦਨਸ਼ੀਲ ਵਸਤਾਂ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਮਰੀਕੀ ਕਾਮਿਆਂ, ਉਤਪਾਦਕਾਂ ਅਤੇ ਕਿਸਾਨਾਂ ਲਈ ਚੀਨੀ ਬਾਜ਼ਾਰ ਦੇ ਦਰਵਾਜ਼ੇ ਖੁੱਲ੍ਹਣਗੇ ਅਤੇ ਨਾਲ ਹੀ ਘਰੇਲੂ ਪੱਧਰ ‘ਤੇ ਆਮ ਅਮਰੀਕੀ ਖ਼ਪਤਕਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਸਸਤੇ ਭਾਅ ਉਪਲਬਧ ਹੋ ਸਕਣਗੀਆਂ। ਹਾਲਾਂਕਿ, ਕੌਮੀ ਸੁਰੱਖਿਆ ਅਤੇ ਤਕਨੀਕੀ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਸੈਮੀਕੰਡਕਟਰ ਚਿੱਪਾਂ, ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਵਰਗੇ ਅਤਿ-ਸੰਵੇਦਨਸ਼ੀਲ ਤੇ ਰਣਨੀਤਕ ਖੇਤਰਾਂ ਨੂੰ ਇਨ੍ਹਾਂ ਰਿਆਇਤਾਂ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। ਦੋਵਾਂ ਦੇਸ਼ਾਂ ਨੇ ਇੱਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਆਪਣੇ ਮੌਜੂਦਾ ਵਪਾਰਕ ਸਮਝੌਤੇ ਦੀ ਮਿਆਦ ਨੂੰ ਜਨਵਰੀ ਤੱਕ ਵਧਾਉਣ ‘ਤੇ ਵੀ ਸਹਿਮਤੀ ਪ੍ਰਗਟਾਈ ਹੈ। ਚੀਨ ਦਾ ਕੁੱਲ ਵਪਾਰਕ ਸਰਪਲੱਸ ਇਸ ਸਾਲ ਅਗਸਤ ਮਹੀਨੇ ਤੱਕ ਹੀ 800 ਬਿਲੀਅਨ ਡਾਲਰ ਦੇ ਵੱਡੇ ਅੰਕੜੇ ਤੱਕ ਪਹੁੰਚ ਚੁੱਕਾ ਹੈ। ਆਰਥਿਕ ਅਤੇ ਕੂਟਨੀਤਕ ਮਾਹਿਰਾਂ ਅਨੁਸਾਰ ਆਉਣ ਵਾਲੇ ਮਹੀਨਿਆਂ ਦੌਰਾਨ ਏਪੇਕ ਅਤੇ ਜੀ-20 ਵਰਗੇ ਕੌਮਾਂਤਰੀ ਸੰਮੇਲਨਾਂ ਵਿੱਚ ਦੋਵਾਂ ਦੇਸ਼ਾਂ ਦੇ ਮੁਖੀਆਂ ਵਿਚਕਾਰ ਸੰਭਾਵੀ ਮੁਲਾਕਾਤਾਂ ਹੋਣੀਆਂ ਤੈਅ ਹਨ, ਜਿਸ ਕਾਰਨ ਸਾਲ ਦੇ ਅੰਤ ਤੱਕ ਕਿਸੇ ਨਵੇਂ ਵਪਾਰਕ ਵਿਵਾਦ ਦੇ ਖੜ੍ਹੇ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਇਹ ਨਵਾਂ ਸਮਝੌਤਾ ਆਲਮੀ ਮੰਦੀ ਦੇ ਦੌਰ ਵਿੱਚ ਅੰਤਰਰਾਸ਼ਟਰੀ ਵਪਾਰ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ