12.6 C
Vancouver
Tuesday, October 6, 2026

ਵੈਨਕੂਵਰ ਵਿੱਚ ਕ੍ਰਿਕਟ ਅਤੇ ਸੰਗੀਤ ਦਾ ਮਹਾਂਕੁੰਭ, 29 ਸਤੰਬਰ ਤੋਂ ਸਜੇਗਾ ‘ਕੈਨੇਡਾ ਸੁਪਰ 60’ ਦਾ ਪਿੜ

ਬੀਸੀ ਪਲੇਸ ਵਿੱਚ ਉਤਰਨਗੇ ਕੌਮਾਂਤਰੀ ਕ੍ਰਿਕਟ ਸਿਤਾਰੇ, ਛੇ ਦਿਨਾਂ ਦੌਰਾਨ ਹੋਣਗੇ 24 ਰੋਮਾਂਚਕ ਮੁਕਾਬਲੇ
ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਦੇ ਇਤਿਹਾਸਕ ਬੀਸੀ ਪਲੇਸ ਸਟੇਡੀਅਮ ਵਿੱਚ ਇਸ ਵਾਰ ਕ੍ਰਿਕਟ ਅਤੇ ਮਨੋਰੰਜਨ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲੇਗਾ। ‘ਕੈਨੇਡਾ ਸੁਪਰ 60’ ਦਾ ਦੂਜਾ ਸੀਜ਼ਨ 29 ਸਤੰਬਰ ਤੋਂ 4 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਕ੍ਰਿਕਟਰ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ। ਛੇ ਦਿਨਾਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੌਰਾਨ ਕੁੱਲ 24 ਮੁਕਾਬਲੇ ਖੇਡੇ ਜਾਣਗੇ, ਜਿਨ੍ਹਾਂ ਵਿੱਚ ਕਾਇਰਨ ਪੋਲਾਰਡ, ਨਿਕੋਲਸ ਪੂਰਨ, ਆਂਦਰੇ ਰਸਲ, ਜੌਨੀ ਬੇਅਰਸਟੋ, ਕ੍ਰਿਸ ਲਿਨ, ਸੈਮ ਬਿਲਿੰਗਜ਼, ਕ੍ਰਿਸ ਜੌਰਡਨ ਅਤੇ ਮੁਸਤਫ਼ਿਜ਼ੁਰ ਰਹਿਮਾਨ ਵਰਗੇ ਨਾਮੀ ਅੰਤਰਰਾਸ਼ਟਰੀ ਖਿਡਾਰੀ ਮੈਦਾਨ ਵਿੱਚ ਨਿੱਤਰਨਗੇ। ਇਨ੍ਹਾਂ ਸਿਤਾਰਿਆਂ ਨਾਲ ਕੈਨੇਡਾ ਦੀ ਰਾਸ਼ਟਰੀ ਟੀਮ ਦੇ ਖਿਡਾਰੀ ਅਤੇ ਉੱਭਰਦੇ ਨੌਜਵਾਨ ਵੀ ਮੋਢੇ ਨਾਲ ਮੋਢਾ ਜੋੜ ਕੇ ਖੇਡਣਗੇ।
ਇਹ ਟੂਰਨਾਮੈਂਟ ਟੀ10 ਫਾਰਮੈਟ ਅਧੀਨ ਖੇਡਿਆ ਜਾਵੇਗਾ, ਜਿਸ ਵਿੱਚ ਹਰੇਕ ਟੀਮ ਨੂੰ ਸਿਰਫ਼ 10 ਓਵਰ ਭਾਵ 60 ਗੇਂਦਾਂ ਖੇਡਣ ਦਾ ਮੌਕਾ ਮਿਲੇਗਾ। ਲਗਭਗ 90 ਮਿੰਟਾਂ ਵਿੱਚ ਸਮਾਪਤ ਹੋਣ ਵਾਲਾ ਇਹ ਤੇਜ਼-ਤਰਾਰ ਮੁਕਾਬਲਾ ਉਨ੍ਹਾਂ ਸਥਾਨਕ ਦਰਸ਼ਕਾਂ ਲਈ ਬੇਹੱਦ ਖਿੱਚ ਦਾ ਕੇਂਦਰ ਬਣੇਗਾ, ਜਿਨ੍ਹਾਂ ਨੇ ਪਹਿਲਾਂ ਕਦੇ ਕ੍ਰਿਕਟ ਮੈਚ ਨਹੀਂ ਦੇਖਿਆ। ਪ੍ਰਬੰਧਕਾਂ ਵੱਲੋਂ ਖੇਡ ਦੇ ਨਾਲ-ਨਾਲ ਲਾਈਵ ਸੰਗੀਤ, ਜਾਦੂ ਦੇ ਪ੍ਰਦਰਸ਼ਨ ਅਤੇ ਮਨੋਰੰਜਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪੂਰਾ ਪਰਿਵਾਰ ਇਸ ਮਾਹੌਲ ਦਾ ਆਨੰਦ ਮਾਣ ਸਕੇ। ਟਿਕਟਾਂ ਦੀ ਵਿਕਰੀ ਟਿਕਟਮਾਸਟਰ ਰਾਹੀਂ ਸ਼ੁਰੂ ਕੀਤੀ ਜਾ ਚੁੱਕੀ ਹੈ।
ਮੈਦਾਨ ਤੋਂ ਬਾਹਰ ਸੰਗੀਤ ਦਾ ਰੰਗ ਵੀ ਖ਼ੂਬ ਜਮੇਗਾ। ਪੰਜਾਬੀ ਗਾਇਕੀ ਦੇ ਸਿਤਾਰੇ ਅਮਰਿੰਦਰ ਗਿੱਲ ਦੇ ਦੋਵੇਂ ਪੁੱਤਰ ਅਰਮਾਨ ਗਿੱਲ ਅਤੇ ਅਰਨਾਜ਼ ਗਿੱਲ 3 ਅਕਤੂਬਰ ਨੂੰ ਇਕੱਠੇ ਪਹਿਲੀ ਵਾਰ ਲਾਈਵ ਸਟੇਜ ਪੇਸ਼ਕਾਰੀ ਦੇਣਗੇ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਹੈ। ਇਸ ਤੋਂ ਇਲਾਵਾ ਜੋਸ਼ ਬਰਾੜ, ਕ੍ਰੈਸ਼ ਐਡਮਜ਼, ਅਨਮੋਲ ਮੈਜਿਕ, ਤੇਜੀ ਪੰਨੂ ਅਤੇ ਦਿ ਪ੍ਰੋਫੈਕ ਵੀ ਵੱਖ-ਵੱਖ ਦਿਨਾਂ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕੈਨੇਡਾ ਸੁਪਰ 60 ਦੇ ਚੇਅਰਮੈਨ ਅਭਿਸ਼ੇਕ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮਕਸਦ ਕ੍ਰਿਕਟ, ਕਲਾ ਅਤੇ ਭਾਈਚਾਰੇ ਨੂੰ ਇੱਕੋ ਛੱਤ ਹੇਠ ਇਕੱਠਾ ਕਰਨਾ ਹੈ ਤਾਂ ਜੋ ਹਰ ਵਰਗ ਇਸ ਖੇਡ ਦਾ ਹਿੱਸਾ ਬਣ ਸਕੇ।
ਸੀਜ਼ਨ 2 ਵਿੱਚ ਪੁਰਸ਼ਾਂ ਦੀਆਂ ਛੇ ਫ੍ਰੈਂਚਾਇਜ਼ੀ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਬਰੈਂਪਟਨ ਬਲਿਟਜ਼, ਮਿਸੀਸਾਗਾ ਮਾਸਟਰਜ਼, ਮਾਂਟਰੀਅਲ ਰਾਇਲ ਟਾਈਗਰਜ਼, ਵੈਨਕੂਵਰ ਐਂਕਰਜ਼, ਟੋਰਾਂਟੋ ਸਿਕਸਰਜ਼ ਅਤੇ ਵ੍ਹਾਈਟਰੌਕ ਵਾਰੀਅਰਜ਼ ਸ਼ਾਮਲ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਕੈਨੇਡਾ ਦੇ ਤਜਰਬੇਕਾਰ ਆਲਰਾਊਂਡਰ ਸਾਦ ਬਿਨ ਜ਼ਫ਼ਰ, ਕਲੀਮ ਸਨਾ, ਨਿਕੋਲਸ ਕਿਰਟਨ, ਯੁਵਰਾਜ ਸਮਰਾ, ਦਿਲਰਾਜ ਦਿਓਲ ਅਤੇ ਅਲੀ ਨਦੀਮ ਵੀ ਜੌਹਰ ਦਿਖਾਉਣਗੇ। ਸਾਦ ਬਿਨ ਜ਼ਫ਼ਰ ਨੇ ਕਿਹਾ ਕਿ ਅਜਿਹੇ ਵੱਡੇ ਮੰਚ ਉੱਤੇ ਕੌਮਾਂਤਰੀ ਖਿਡਾਰੀਆਂ ਨਾਲ ਖੇਡਣਾ ਕੈਨੇਡੀਅਨ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਨਵੀਂ ਪੀੜ੍ਹੀ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ।
ਇਸ ਵਾਰ ਮਹਿਲਾ ਕ੍ਰਿਕਟ ਮੁਕਾਬਲਿਆਂ ਦਾ ਵੀ ਵਿਸਥਾਰ ਕੀਤਾ ਗਿਆ ਹੈ, ਜਿਸ ਵਿੱਚ ਟੋਰਾਂਟੋ ਸਿਕਸਰਜ਼, ਵੈਨਕੂਵਰ ਵਾਰੀਅਰਜ਼ ਅਤੇ ਵੈਨਕੂਵਰ ਐਂਕਰਜ਼ ਦੀਆਂ ਟੀਮਾਂ ਭਿੜਨਗੀਆਂ। ਕੈਨੇਡੀਅਨ ਖਿਡਾਰਨ ਅਮਰਪਾਲ ਕੌਰ ਸਮੇਤ ਮਰੀਜ਼ਾਨ ਕੈਪ, ਫ਼ਾਤਿਮਾ ਸਨਾ, ਬੇਸ ਹੀਥ ਅਤੇ ਇੰਦੂ ਬਰਮਾ ਵਰਗੀਆਂ ਪ੍ਰਸਿੱਧ ਮਹਿਲਾ ਕ੍ਰਿਕਟਰ ਵੀ ਇਸ ਟੂਰਨਾਮੈਂਟ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੀਆਂ। ਉੱਤਰੀ ਅਮਰੀਕਾ ਵਿੱਚ ਕ੍ਰਿਕਟ ਦੇ ਵਧ ਰਹੇ ਪਸਾਰੇ ਦੇ ਮੱਦੇਨਜ਼ਰ ਇਹ ਟੂਰਨਾਮੈਂਟ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਟੀਮ ਨੇ 2024 ਵਿੱਚ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਵਿੱਚ ਪਹਿਲੀ ਵਾਰ ਸ਼ਮੂਲੀਅਤ ਕੀਤੀ ਸੀ ਅਤੇ 2026 ਦੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕੀਤਾ ਹੈ, ਜਦਕਿ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਵੀ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਸੰਸਥਾ ਵੱਲੋਂ ‘ਫਿਊਚਰ ਸੁਪਰ ਸਟਾਰਜ਼ ਪ੍ਰੋਗਰਾਮ’ ਤਹਿਤ ਦੇਸ਼ ਦੇ ਸੱਤ ਸ਼ਹਿਰਾਂ ਵਿੱਚ ਅੰਡਰ-19 ਟ੍ਰਾਇਲ ਕਰਵਾ ਕੇ 400 ਤੋਂ ਵੱਧ ਨੌਜਵਾਨਾਂ ਦੀ ਪ੍ਰਤਿਭਾ ਦੀ ਪਰਖ ਕੀਤੀ ਗਈ ਹੈ, ਤਾਂ ਜੋ ਭਵਿੱਖ ਦੇ ਸਿਤਾਰਿਆਂ ਨੂੰ ਮੁੱਖ ਲੀਗ ਵਿੱਚ ਮੌਕਾ ਦਿੱਤਾ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ