12.6 C
Vancouver
Tuesday, October 6, 2026

ਮੈਟਰੋ ਵੈਨਕੂਵਰ ਵਿੱਚ ਟ੍ਰਾਂਜ਼ਿਟ ਹੜ੍ਹਤਾਲ ਟਲੀ, ਕੋਸਟ ਮਾਊਂਟੇਨ ਬੱਸ ਕੰਪਨੀ ਅਤੇ ਯੂਨੀਅਨ ਵਿਚਾਲੇ ਸਮਝੌਤਾ ਪ੍ਰਵਾਨ

ਯੂਨੀਫੋਰ ਦੇ ਮੈਂਬਰਾਂ ਨੇ ਨਵੇਂ ਸਮਝੌਤੇ ‘ਤੇ ਲਗਾਈ ਮੋਹਰ, ਬੱਸ ਅਤੇ ਸੀ-ਬੱਸ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ
ਵੈਨਕੂਵਰ (ਏਕਜੋਤ ਸਿੰਘ): ਮੈਟਰੋ ਵੈਨਕੂਵਰ ਵਿੱਚ ਜਨਤਕ ਆਵਾਜਾਈ ਠੱਪ ਹੋਣ ਦਾ ਖ਼ਤਰਾ ਆਖ਼ਰਕਾਰ ਟਲ ਗਿਆ ਹੈ। ਕੋਸਟ ਮਾਊਂਟੇਨ ਬੱਸ ਕੰਪਨੀ ਨੇ ਸੋਮਵਾਰ ਰਾਤ ਨੂੰ ਐਲਾਨ ਕੀਤਾ ਹੈ ਕਿ ਯੂਨੀਫੋਰ ਲੋਕਲ 111 ਅਤੇ ਲੋਕਲ 2200 ਨੇ ਪੇਸ਼ ਕੀਤੇ ਗਏ ਸਮੂਹਿਕ ਸਮਝੌਤੇ ਦੀ ਪੁਸ਼ਟੀ ਦੇ ਹੱਕ ਵਿੱਚ ਵੋਟ ਪਾਈ ਹੈ। ਇਸ ਫੈਸਲੇ ਨਾਲ ਮੈਟਰੋ ਵੈਨਕੂਵਰ ਭਰ ਵਿੱਚ ਬੱਸ ਅਤੇ ਸੀ-ਬੱਸ ਸੇਵਾਵਾਂ ਦੇ ਮੁਕੰਮਲ ਬੰਦ ਹੋਣ ਦਾ ਖ਼ਤਰਾ ਪੂਰੀ ਤਰ੍ਹਾਂ ਟਲ ਗਿਆ ਹੈ। ਕੰਪਨੀ ਦੇ ਡਾਇਰੈਕਟਰ ਬੋਰਡ ਵੱਲੋਂ ਅੰਤਿਮ ਪ੍ਰਵਾਨਗੀ ਮਿਲਣ ਉਪਰੰਤ ਇਹ ਸਮਝੌਤਾ ਅਧਿਕਾਰਤ ਤੌਰ ‘ਤੇ ਲਾਗੂ ਮੰਨਿਆ ਜਾਵੇਗਾ।
ਕੰਪਨੀ ਪ੍ਰਬੰਧਕਾਂ ਨੇ ਇਸ ਪੂਰੀ ਪ੍ਰਕਿਰਿਆ ਦੌਰਾਨ ਨਿਰਪੱਖ ਭੂਮਿਕਾ ਨਿਭਾਉਣ ਲਈ ਵਿਚੋਲੇ ਟ੍ਰੇਵਰ ਸੋਨਸ, ਦੋਵਾਂ ਧਿਰਾਂ ਦੀਆਂ ਸੌਦੇਬਾਜ਼ੀ ਕਮੇਟੀਆਂ, ਯੂਨੀਫੋਰ ਮੈਂਬਰਾਂ ਅਤੇ ਸਮੁੱਚੇ ਕਰਮਚਾਰੀਆਂ ਦੇ ਯਤਨਾਂ ਦਾ ਧੰਨਵਾਦ ਕੀਤਾ ਹੈ। ਯੂਨੀਫੋਰ ਦੀ ਕੌਮੀ ਪ੍ਰਧਾਨ ਲਾਨਾ ਪੇਨ ਨੇ ਜਥੇਬੰਦੀ ਦੀਆਂ ਸੌਦੇਬਾਜ਼ੀ ਕਮੇਟੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਂਬਰਾਂ ਲਈ ਇੱਕ ਠੋਸ ਸਮਝੌਤਾ ਹਾਸਲ ਕਰਨਾ ਉਨ੍ਹਾਂ ਦੀ ਦ੍ਰਿੜ੍ਹਤਾ ਦਾ ਨਤੀਜਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਨਤਕ ਆਵਾਜਾਈ ਇੱਕ ਅਹਿਮ ਸੇਵਾ ਹੈ ਅਤੇ ਇਸ ਨੂੰ ਲੋੜੀਂਦਾ ਫੰਡ ਮਿਲਣਾ ਚਾਹੀਦਾ ਹੈ ਤਾਂ ਜੋ ਮੁਲਾਜ਼ਮ ਬਿਹਤਰੀਨ ਸੇਵਾਵਾਂ ਜਾਰੀ ਰੱਖ ਸਕਣ।
ਯੂਨੀਅਨ ਮੈਂਬਰਾਂ ਨੇ ਇਸ ਸਮਝੌਤੇ ਦੇ ਹੱਕ ਵਿੱਚ 68 ਫੀਸਦੀ ਵੋਟਾਂ ਪਾਈਆਂ। ਇਸ ਨਵੇਂ ਸਮਝੌਤੇ ਵਿੱਚ ਬੱਸਾਂ ਦੇ ਚੱਲਣ ਦੇ ਸਮੇਂ, ਰਿਕਵਰੀ ਸਮੇਂ ਅਤੇ ਇਲੈਕਟ੍ਰਾਨਿਕ ਸਰਵਿਸ ਸ਼ੀਟਾਂ ਬਾਰੇ ਇੱਕ ਨਵੀਂ ਸਹਿਮਤੀ ਸ਼ਾਮਲ ਕੀਤੀ ਗਈ ਹੈ, ਜੋ ਕਿ ਗੱਲਬਾਤ ਦੌਰਾਨ ਟ੍ਰਾਂਜ਼ਿਟ ਅਪਰੇਟਰਾਂ ਦਾ ਮੁੱਖ ਮੁੱਦਾ ਸੀ। ਇਸ ਨਵੇਂ ਨੇਮ ਤਹਿਤ ਜੇਕਰ ਕੋਈ ਵੀ ਧਿਰ ਸ਼ਰਤਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਮਾਮਲਾ ਹੱਲ ਲਈ ਸਿੱਧਾ ਵਿਚੋਲੇ ਕੋਲ ਜਾਵੇਗਾ।
ਯੂਨੀਫੋਰ ਵੈਸਟਰਨ ਰੀਜਨਲ ਡਾਇਰੈਕਟਰ ਗੇਵਿਨ ਮੈਕਗੈਰੀਗਲ ਨੇ ਕਿਹਾ ਕਿ ਟ੍ਰਾਂਜ਼ਿਟ ਅਪਰੇਟਰ ਚੱਲਣ ਅਤੇ ਆਰਾਮ ਦੇ ਸਮੇਂ ਵਿੱਚ ਸੁਧਾਰ ਚਾਹੁੰਦੇ ਸਨ ਅਤੇ ਇਸ ਸਮਝੌਤੇ ਨੇ ਉਨ੍ਹਾਂ ਮੰਗਾਂ ਨੂੰ ਪੂਰਾ ਕੀਤਾ ਹੈ। ਹੁਣ ਮੈਟਰੋ ਵੈਨਕੂਵਰ ਦੇ ਮੁਸਾਫ਼ਰ ਬਿਨਾਂ ਕਿਸੇ ਰੁਕਾਵਟ ਦੇ ਸਫ਼ਰ ਕਰ ਸਕਦੇ ਹਨ ਅਤੇ ਮੁਲਾਜ਼ਮ ਆਪਣੇ ਕੰਮ ‘ਤੇ ਵਾਪਸ ਪਰਤ ਰਹੇ ਹਨ। ਸਮਝੌਤੇ ਦੀ ਪੁਸ਼ਟੀ ਦੇ ਨਾਲ ਹੀ ਕੰਪਨੀ ਵਿੱਚ ਸਾਰੀਆਂ ਸੰਭਾਵੀ ਹੜਤਾਲੀ ਕਾਰਵਾਈਆਂ ਰੱਦ ਹੋ ਗਈਆਂ ਹਨ ਅਤੇ 23 ਸਤੰਬਰ ਦੀ ਹੜਤਾਲ ਦੀ ਮਿਆਦ ਵੀ ਖ਼ਤਮ ਹੋ ਗਈ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ