ਸਰੀ, (ਏਕਜੋਤ ਸਿੰਘ): ਫੈਡਰਲ ਸਰਕਾਰ ਵੱਲੋਂ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਅਹਿਮ ਬਦਲਾਅ ਕਰਦਿਆਂ ਮਨਜੀਤ ਸਿੰਘ ਵਿਨਿੰਗ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਨਵਾਂ ਡਾਇਰੈਕਟਰ ਆਫ਼ ਆਪ੍ਰੇਸ਼ਨਜ਼ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਇਸ ਅਹੁਦੇ ਉੱਤੇ ਅੰਗਦ ਸਿੰਘ ਦੀ ਥਾਂ ਲਈ ਹੈ ਜੋ ਇਸ ਤੋਂ ਪਹਿਲਾਂ ਇਸ ਅਹਿਮ ਵਿਭਾਗ ਨੂੰ ਸੰਭਾਲ ਰਹੇ ਸਨ। ਨਵੀਂ ਨਿਯੁਕਤੀ ਨਾਲ ਸਰਕਾਰੀ ਕੰਮਕਾਜ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਮਨਜੀਤ ਸਿੰਘ ਵਿਨਿੰਗ ਦਾ ਸਿਆਸੀ ਅਤੇ ਪ੍ਰਬੰਧਕੀ ਤਜਰਬਾ ਕਾਫ਼ੀ ਸ਼ਾਨਦਾਰ ਰਿਹਾ ਹੈ। ਉਹ ਇਸ ਤੋਂ ਪਹਿਲਾਂ ਮਾਰਕ ਕਾਰਨੀ ਦੀ ਕੌਮੀ ਚੋਣ ਮੁਹਿੰਮ ਅਤੇ ਲੀਡਰਸ਼ਿਪ ਮੁਹਿੰਮ ਲਈ ਬ੍ਰਿਟਿਸ਼ ਕੋਲੰਬੀਆ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਚੋਣ ਮੁਹਿੰਮਾਂ ਦੌਰਾਨ ਉਹਨਾਂ ਵੱਲੋਂ ਦਿਖਾਈ ਗਈ ਰਣਨੀਤਕ ਸੂਝ ਅਤੇ ਬਿਹਤਰੀਨ ਪ੍ਰਬੰਧਨ ਨੂੰ ਦੇਖਦਿਆਂ ਹੀ ਉਹਨਾਂ ਨੂੰ ਫੈਡਰਲ ਪੱਧਰ ਉੱਤੇ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।

