ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ 24 ਅਕਤੂਬਰ ਨੂੰ ਹੋਣ ਜਾ ਰਹੀ ਸੂਬਾਈ ਚੋਣ ਤੋਂ ਪਹਿਲਾਂ ਸਿਆਸੀ ਮੈਦਾਨ ਵਿੱਚ ਵੱਡਾ ਬਦਲਾਅ ਸਾਹਮਣੇ ਆਇਆ ਹੈ। 24 ਸਤੰਬਰ ਤੱਕ ਘੱਟੋ-ਘੱਟ ਸੱਤ ਮੌਜੂਦਾ ਵਿਧਾਇਕਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਵਾਰ ਮੁੜ ਚੋਣ ਨਹੀਂ ਲੜਨਗੇ। ਇਨ੍ਹਾਂ ਵਿੱਚ ਡੇਵਿਡ ਈਬੀ ਦੀ ਐਨਡੀਪੀ ਸਰਕਾਰ ਦੇ ਚਾਰ ਕੈਬਨਿਟ ਮੰਤਰੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਬੀ.ਸੀ. ਕੰਜ਼ਰਵੇਟਿਵ ਆਗੂ ਜੌਨ ਰਸਟੈਡ, ਸਰੀ-ਸਰਪੈਂਟਾਈਨ ਰਿਵਰ ਤੋਂ ਲਿੰਡਾ ਹੈਪਨਰ ਅਤੇ ਗ੍ਰੀਨ ਪਾਰਟੀ ਦੇ ਰੌਬ ਬੋਟਰੈਲ ਵੀ ਇਸ ਵਾਰ ਚੋਣ ਮੈਦਾਨ ਵਿੱਚ ਨਹੀਂ ਹੋਣਗੇ।
ਸੂਚੀ ਵਿੱਚ ਸਭ ਤੋਂ ਪਹਿਲਾ ਨਾਮ ਜੌਨ ਰਸਟੈਡ ਦਾ ਹੈ। ਰਸਟੈਡ ਨੇਚਾਕੋ ਲੇਕਸ ਹਲਕੇ ਦੀ 2005 ਤੋਂ ਨੁਮਾਇੰਦਗੀ ਕਰਦੇ ਆ ਰਹੇ ਸਨ। ਉਹ ਪਹਿਲਾਂ ਬੀ.ਸੀ. ਲਿਬਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਅਤੇ ਬਾਅਦ ਵਿੱਚ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਆਗੂ ਬਣੇ। 2024 ਦੀਆਂ ਸੂਬਾਈ ਚੋਣਾਂ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਨੇ 44 ਸੀਟਾਂ ਜਿੱਤ ਕੇ ਵਿਧਾਨ ਸਭਾ ਵਿੱਚ ਅਧਿਕਾਰਤ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ ਸੀ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਰਸਟੈਡ ਦੇ ਸਿਆਸੀ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ।
ਐਨਡੀਪੀ ਸਰਕਾਰ ਦੇ ਚਾਰ ਮੰਤਰੀਆਂ ਵੱਲੋਂ ਮੁੜ ਚੋਣ ਨਾ ਲੜਨ ਦਾ ਫੈਸਲਾ ਵੀ ਖਾਸ ਧਿਆਨ ਖਿੱਚ ਰਿਹਾ ਹੈ। ਸਾਨਿਚ ਸਾਊਥ ਤੋਂ ਲਾਨਾ ਪੋਫਮ ਨੇ 21 ਸਤੰਬਰ ਨੂੰ ਐਲਾਨ ਕੀਤਾ ਕਿ ਉਹ ਛੇਵੀਂ ਵਾਰ ਚੋਣ ਨਹੀਂ ਲੜਨਗੇ। ਪੋਫਮ ਲਗਭਗ 17 ਸਾਲਾਂ ਤੋਂ ਚੁਣੇ ਹੋਏ ਅਹੁਦੇ ’ਤੇ ਰਹੇ ਹਨ ਅਤੇ ਸਰਕਾਰ ਵਿੱਚ ਖੇਤੀਬਾੜੀ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਮੌਜੂਦਾ ਸਿਆਸੀ ਅਹੁਦੇ ਤੋਂ ਅੱਗੇ ਵਧਣ ਦਾ ਸਮਾਂ ਸਮਝਦੇ ਹਨ।
ਰਿਚਮੰਡ-ਸਟੀਵੈਸਟਨ ਤੋਂ ਐਨਡੀਪੀ MLA ਕੈਲੀ ਗਰੀਨ ਨੇ ਵੀ ਮੁੜ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਗਰੀਨ ਸਰਕਾਰ ਵਿੱਚ ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮੇਟ ਰੈਡੀਨੈੱਸ ਮੰਤਰੀ ਰਹੇ ਹਨ। ਆਪਣੇ ਫੈਸਲੇ ਨਾਲ ਜੁੜੇ ਬਿਆਨ ਵਿੱਚ ਉਨ੍ਹਾਂ ਨੇ ਆਪਣੇ ਹਲਕੇ ਨਾਲ ਸਬੰਧਤ ਟਿਲਬਰੀ ਐਲਐਨਜੀ ਪ੍ਰਾਜੈਕਟ ਦੇ ਵਿਸਥਾਰ ਬਾਰੇ ਆਪਣੀ ਚਿੰਤਾ ਦਾ ਵੀ ਜ਼ਿਕਰ ਕੀਤਾ ਸੀ।
ਡੈਲਟਾ ਨੌਰਥ ਤੋਂ ਸਿਹਤ ਮੰਤਰੀ ਰਹੇ ਰਵੀ ਕਾਹਲੋਂ ਨੇ 22 ਸਤੰਬਰ ਨੂੰ ਐਲਾਨ ਕੀਤਾ ਕਿ ਉਹ ਵੀ ਮੁੜ ਚੋਣ ਨਹੀਂ ਲੜਨਗੇ। ਕਾਹਲੋਂ ਨੇ ਕਿਹਾ ਕਿ ਉਹ ਤਿੰਨ ਚੋਣ ਚੱਕਰਾਂ ਤੋਂ ਬਾਅਦ ਹੁਣ ਆਪਣੇ ਹਲਕੇ ਦੀ ਨੁਮਾਇੰਦਗੀ ਕਿਸੇ ਅਗਲੇ ਵਿਅਕਤੀ ਨੂੰ ਸੌਂਪਣ ਦਾ ਸਮਾਂ ਸਮਝਦੇ ਹਨ। ਉਨ੍ਹਾਂ ਦੇ ਫੈਸਲੇ ਤੋਂ ਬਾਅਦ ਈਬੀ ਸਰਕਾਰ ਵਿੱਚ ਚਾਰ ਕੈਬਨਿਟ ਅਹੁਦਿਆਂ ਲਈ ਨਵੇਂ ਉਮੀਦਵਾਰਾਂ ਦੀ ਲੋੜ ਪੈ ਗਈ ਹੈ।
ਵੈਨਕੂਵਰ-ਸਾਊਥ ਗ੍ਰੈਨਵਿਲ ਤੋਂ ਬ੍ਰੈਂਡਾ ਬੇਲੀ ਨੇ 23 ਸਤੰਬਰ ਨੂੰ ਮੁੜ ਚੋਣ ਨਾ ਲੜਨ ਦਾ ਐਲਾਨ ਕੀਤਾ। ਬੇਲੀ 2020 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ ਅਤੇ ਉਨ੍ਹਾਂ ਨੇ ਵਿੱਤ ਮੰਤਰੀ ਸਮੇਤ ਕਈ ਅਹਿਮ ਸਰਕਾਰੀ ਜ਼ਿੰਮੇਵਾਰੀਆਂ ਨਿਭਾਈਆਂ। ਹਾਲ ਹੀ ਵਿੱਚ ਉਹ ਨੌਕਰੀਆਂ, ਆਰਥਿਕ ਵਿਕਾਸ ਅਤੇ ਨਵੀਨਤਾ ਮੰਤਰੀ ਸਨ। ਆਪਣੇ ਬਿਆਨ ਵਿੱਚ ਬੇਲੀ ਨੇ ਦੱਸਿਆ ਕਿ ਉਹ ਇਲਾਜ ਤੋਂ ਬਾਅਦ ਸਿਹਤਯਾਬ ਹੋ ਰਹੇ ਹਨ ਅਤੇ ਕਿਹਾ ਕਿ ਉਹ ਚੋਣ ਮੁਹਿੰਮ ਦੌਰਾਨ ਐਨਡੀਪੀ ਦੀ ਮਦਦ ਕਰਦੇ ਰਹਿਣਗੇ।
ਸਰੀ-ਸਰਪੈਂਟਾਈਨ ਰਿਵਰ ਤੋਂ ਲਿੰਡਾ ਹੈਪਨਰ ਨੇ ਵੀ ਮੁੜ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਹੈਪਨਰ ਪਹਿਲਾਂ ਬੀ.ਸੀ. ਕੰਜ਼ਰਵੇਟਿਵ ਕਾਕਸ ਤੋਂ ਵੱਖ ਹੋਏ ਸਨ ਅਤੇ ਬਾਅਦ ਵਿੱਚ ਪਾਰਟੀ ਨਾਲ ਮੁੜ ਜੁੜ ਗਏ। ਹੁਣ ਪਾਰਟੀ ਵੱਲੋਂ ਉਨ੍ਹਾਂ ਦਾ ਨਾਮ ਆਉਣ ਵਾਲੀ ਚੋਣ ਲਈ ਉਮੀਦਵਾਰਾਂ ਦੀ ਸੂਚੀ ਵਿੱਚ ਨਹੀਂ ਹੈ।
ਸਾਨਿਚ ਨੌਰਥ ਐਂਡ ਦ ਆਈਲੈਂਡਜ਼ ਤੋਂ ਗ੍ਰੀਨ MLA ਰੌਬ ਬੋਟਰੈਲ ਨੇ ਵੀ 2026 ਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਉਹ 2024 ਵਿੱਚ ਗ੍ਰੀਨ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਇਕ ਚੁਣੇ ਗਏ ਸਨ। ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ ਨੇ ਹੁਣ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਬੋਟਰੈਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਇੱਕ ਟਰਮ ਤੱਕ ਸੇਵਾ ਕਰਨ ਦੀ ਯੋਜਨਾ ਬਣਾਈ ਸੀ ਅਤੇ ਸਮੇਂ ਤੋਂ ਪਹਿਲਾਂ ਚੋਣ ਹੋਣ ਕਾਰਨ ਉਨ੍ਹਾਂ ਦਾ ਕਾਰਜਕਾਲ ਉਮੀਦ ਨਾਲੋਂ ਛੋਟਾ ਹੋ ਗਿਆ।
ਇਨ੍ਹਾਂ ਤਬਦੀਲੀਆਂ ਨਾਲ ਸੱਤ ਹਲਕਿਆਂ ਵਿੱਚ ਨਵੇਂ ਉਮੀਦਵਾਰਾਂ ਲਈ ਮੌਕਾ ਬਣਿਆ ਹੈ। ਹਾਲਾਂਕਿ ਅੰਤਿਮ ਤਸਵੀਰ ਅਜੇ ਸਪੱਸ਼ਟ ਨਹੀਂ ਹੈ, ਕਿਉਂਕਿ ਐਲਾਨ ਕੀਤੇ ਉਮੀਦਵਾਰਾਂ ਅਤੇ ਅਧਿਕਾਰਤ ਤੌਰ ’ਤੇ ਨਾਮਜ਼ਦ ਹੋ ਚੁੱਕੇ ਉਮੀਦਵਾਰਾਂ ਵਿੱਚ ਫਰਕ ਹੁੰਦਾ ਹੈ। Elections BC ਮੁਤਾਬਕ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 3 ਅਕਤੂਬਰ ਨੂੰ ਦੁਪਹਿਰ 1 ਵਜੇ ਬੰਦ ਹੋਣਗੀਆਂ ਅਤੇ ਇਸ ਤੋਂ ਬਾਅਦ ਅੰਤਿਮ ਉਮੀਦਵਾਰ ਸੂਚੀ ਜਾਰੀ ਕੀਤੀ ਜਾਵੇਗੀ। ਸੂਬੇ ਦੇ 93 ਹਲਕਿਆਂ ਵਿੱਚ 24 ਅਕਤੂਬਰ ਨੂੰ ਵੋਟਿੰਗ ਹੋਵੇਗੀ। This report was written by Ekjot Singh as part of the Local Journalism Initiative.
ਬੀ.ਸੀ. ਚੋਣ ਤੋਂ ਪਹਿਲਾਂ 7 ਮੌਜੂਦਾ MLA ਮੈਦਾਨ ਤੋਂ ਬਾਹਰ, ਚਾਰ ਈਬੀ ਸਰਕਾਰ ਦੇ ਮੰਤਰੀ

