12.6 C
Vancouver
Tuesday, October 6, 2026

ਬਰਨਬੀ ਹਸਪਤਾਲ ਪ੍ਰੋਜੈਕਟ ਲਈ ਨਵੀਂ ਯੋਜਨਾ ਤਿਆਰ, ਐਮਰਜੈਂਸੀ ਅਤੇ ਸਰਜੀਕਲ ਸੇਵਾਵਾਂ ਦਾ ਹੋਵੇਗਾ ਵਿਸਥਾਰ

ਸੂਬਾ ਸਰਕਾਰ ਵੱਲੋਂ 210 ਮਿਲੀਅਨ ਡਾਲਰ ਦੀ ਲਾਗਤ ਨਾਲ ਹਸਪਤਾਲ ਦੇ ਅਗਲੇ ਪੜਾਅ ਨੂੰ ਮਨਜ਼ੂਰੀ
ਵੈਨਕੂਵਰ (ਏਕਜੋਤ ਸਿੰਘ): ਬਰਨਬੀ ਅਤੇ ਆਸ-ਪਾਸ ਦੇ ਖੇਤਰਾਂ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਬਰਨਬੀ ਹਸਪਤਾਲ ਪੁਨਰ-ਵਿਕਾਸ ਪ੍ਰੋਜੈਕਟ ਨੂੰ ਨਵੀਂ ਰੂਪ-ਰੇਖਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸੂਬਾ ਸਰਕਾਰ ਨੇ ਐਮਰਜੈਂਸੀ ਸੇਵਾਵਾਂ ਅਤੇ ਸਰਜੀਕਲ ਕੇਅਰ ਵਿੱਚ ਤੁਰੰਤ ਸੁਧਾਰ ਕਰਨ ਦਾ ਫੈਸਲਾ ਕੀਤਾ ਹੈ, ਜਦਕਿ ਕੈਂਸਰ ਕੇਅਰ ਅਤੇ ਗੰਭੀਰ ਮਰੀਜ਼ਾਂ ਦੀ ਦੇਖਭਾਲ ਨਾਲ ਸਬੰਧਤ ਵਿਸਥਾਰ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ।
ਬੁਨਿਆਦੀ ਢਾਂਚਾ ਮੰਤਰੀ ਬੋਵਿਨ ਮਾ ਨੇ ਸੋਮਵਾਰ ਨੂੰ ਕਿਹਾ ਕਿ ਬਰਨਬੀ ਦੇ ਲੋਕਾਂ ਲਈ ਇਹ ਹਸਪਤਾਲ ਬਹੁਤ ਅਹਿਮ ਹੈ ਅਤੇ ਉਹ ਸਮੇਂ ਸਿਰ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਕੰਮ ਕਰਨ ਦੇ ਢੰਗ ਵਿੱਚ ਲੋੜੀਂਦੇ ਬਦਲਾਅ ਕਰਕੇ ਪ੍ਰੋਜੈਕਟ ਨੂੰ ਮੁੜ ਪਟੜੀ ‘ਤੇ ਲਿਆਂਦਾ ਗਿਆ ਹੈ। ਇਹ ਯੋਜਨਾ ਹਸਪਤਾਲ ਦੇ ਪਹਿਲੇ ਪੜਾਅ ਦੀ ਸਫ਼ਲਤਾ ‘ਤੇ ਆਧਾਰਿਤ ਹੈ, ਜੋ ਸਾਲ 2026 ਦੇ ਸ਼ੁਰੂ ਵਿੱਚ ਖੋਲ੍ਹਿਆ ਗਿਆ ਸੀ। ਪਹਿਲੇ ਪੜਾਅ ਵਿੱਚ 83 ਬਿਸਤਰਿਆਂ ਵਾਲਾ ਨਵਾਂ ਛੇ-ਮੰਜ਼ਿਲਾ ਹੈਲਥ-ਕੇਅਰ ਪਵੇਲੀਅਨ, ਜਣੇਪਾ ਵਾਰਡ, ਨਵਜੰਮੇ ਬੱਚਿਆਂ ਦੀ ਦੇਖਭਾਲ ਯੂਨਿਟ, ਛੇ ਓਪਰੇਸ਼ਨ ਥੀਏਟਰ ਅਤੇ ਇੱਕ ਆਧੁਨਿਕ ਊਰਜਾ ਕੇਂਦਰ ਸ਼ਾਮਲ ਸਨ।
ਅਗਲੇ ਪੜਾਅ ਲਈ ਸੂਬਾ ਸਰਕਾਰ ਵੱਲੋਂ 210 ਮਿਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ, ਜਿਸ ਨਾਲ ਐਮਰਜੈਂਸੀ ਵਿਭਾਗ ਅਤੇ ਸਰਜੀਕਲ ਯੂਨਿਟ ਦਾ ਵਿਸਥਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਨਵਾਂ ਐਕਿਊਟ-ਕੇਅਰ ਟਾਵਰ ਬਣਾਉਣ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਬਜਟ 2026 ਦੌਰਾਨ ਵਧਦੀਆਂ ਲਾਗਤਾਂ ਕਾਰਨ ਪ੍ਰੋਜੈਕਟ ਦੀ ਸਮਾਂ-ਸੀਮਾ ਵਿੱਚ ਬਦਲਾਅ ਕੀਤੇ ਗਏ ਸਨ, ਕਿਉਂਕਿ ਮੁੱਢਲੇ ਅੰਦਾਜ਼ੇ ਮੁਤਾਬਕ ਖ਼ਰਚੇ ਬਜਟ ਤੋਂ ਬਾਹਰ ਜਾ ਰਹੇ ਸਨ। ਇੱਕ ਸੁਤੰਤਰ ਰਿਪੋਰਟ ਦੀਆਂ 25 ਸਿਫ਼ਾਰਸ਼ਾਂ ਦੇ ਆਧਾਰ ‘ਤੇ ਹੁਣ ਬਜਟ ਨੂੰ ਕਾਬੂ ਵਿੱਚ ਰੱਖ ਕੇ ਕੰਮ ਮੁਕੰਮਲ ਕੀਤਾ ਜਾਵੇਗਾ।
ਸਿਹਤ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਬਰਨਬੀ ਨਿਵਾਸੀਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸਿਹਤ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਜਾਣਗੀਆਂ। ਐਮਰਜੈਂਸੀ ਅਤੇ ਸਰਜੀਕਲ ਯੂਨਿਟ ਵਿੱਚ ਸੁਧਾਰ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾ ਰਿਹਾ ਹੈ, ਜਦਕਿ ਕੈਂਸਰ ਸੇਵਾਵਾਂ ਲਈ ਯੋਜਨਾਬੰਦੀ ਨਿਰੰਤਰ ਜਾਰੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ