ਵੈਨਕੂਵਰ (ਏਕਜੋਤ ਸਿੰਘ): ਨੌਰਥਵੈਸਟ ਟੈਰੀਟਰੀਜ਼ ਦੀ ਸਰਕਾਰ ਨੇ ਸਾਲ ਵਿੱਚ ਦੋ ਵਾਰ ਮੌਸਮ ਅਨੁਸਾਰ ਘੜੀਆਂ ਦਾ ਸਮਾਂ ਬਦਲਣ ਦੀ ਪੁਰਾਣੀ ਪ੍ਰਥਾ ਨੂੰ ਅਧਿਕਾਰਤ ਤੌਰ ‘ਤੇ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਖੇਤਰ ਵਿੱਚ ਹੁਣ ਇੱਕ ਸਥਾਈ ਸਮਾਂ ਮਿਆਰ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ ‘ਨੌਰਥਵੈਸਟ ਟੈਰੀਟਰੀਜ਼ ਟਾਈਮ’ ਵਜੋਂ ਜਾਣਿਆ ਜਾਵੇਗਾ ਅਤੇ ਇਹ ਪੂਰਾ ਸਾਲ ਇਕਸਾਰ ਲਾਗੂ ਰਹੇਗਾ।
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਉਂਦੀ 1 ਨਵੰਬਰ ਨੂੰ ਜਦੋਂ ਸਮਾਂ ਬਦਲਣ ਦੀ ਰਵਾਇਤ ਹੁੰਦੀ ਸੀ, ਉਦੋਂ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਪਿੱਛੇ ਕਰਨ ਦੀ ਲੋੜ ਨਹੀਂ ਪਵੇਗੀ। ਇਸ ਨਵੇਂ ਫੈਸਲੇ ਨਾਲ ਨੌਰਥਵੈਸਟ ਟੈਰੀਟਰੀਜ਼ ਦਾ ਸਮਾਂ ਹੁਣ ਗੁਆਂਢੀ ਸੂਬਿਆਂ ਅਲਬਰਟਾ ਅਤੇ ਸਸਕੈਚਵਨ ਦੇ ਬਿਲਕੁਲ ਬਰਾਬਰ ਹੋ ਜਾਵੇਗਾ, ਜਿਸ ਨਾਲ ਆਪਸੀ ਤਾਲਮੇਲ ਵਿੱਚ ਸੁਧਾਰ ਹੋਵੇਗਾ।
ਪ੍ਰਸ਼ਾਸਨ ਨੇ ਦੱਸਿਆ ਕਿ ਜ਼ਿਆਦਾਤਰ ਨਾਗਰਿਕਾਂ ਲਈ ਇਹ ਤਬਦੀਲੀ ਬਹੁਤ ਆਸਾਨ ਰਹੇਗੀ ਕਿਉਂਕਿ ਨਵੇਂ ਸਾਫਟਵੇਅਰ ‘ਤੇ ਚੱਲਣ ਵਾਲੇ ਮੋਬਾਈਲ ਫ਼ੋਨਾਂ ਅਤੇ ਡਿਜੀਟਲ ਉਪਕਰਣਾਂ ਵਿੱਚ ਸਿਸਟਮ ਪ੍ਰੋਵਾਈਡਰਾਂ ਵੱਲੋਂ ਸਮਾਂ ਆਪਣੇ ਆਪ ਅੱਪਡੇਟ ਕਰ ਦਿੱਤਾ ਜਾਵੇਗਾ। ਇਹ ਇਤਿਹਾਸਕ ਫੈਸਲਾ ਸਾਲ 2022 ਵਿੱਚ ਕਰਵਾਏ ਗਏ ਇੱਕ ਜਨਤਕ ਸਰਵੇਖਣ ਦੇ ਆਧਾਰ ‘ਤੇ ਲਿਆ ਗਿਆ ਹੈ, ਜਿਸ ਵਿੱਚ 3,500 ਤੋਂ ਵੱਧ ਵਸਨੀਕਾਂ ਨੇ ਹਿੱਸਾ ਲਿਆ ਸੀ ਅਤੇ 87 ਫੀਸਦੀ ਤੋਂ ਵੱਧ ਲੋਕਾਂ ਨੇ ਘੜੀਆਂ ਬਦਲਣ ਦੀ ਪ੍ਰਕਿਰਿਆ ਨੂੰ ਬੰਦ ਕਰਨ ਦੇ ਹੱਕ ਵਿੱਚ ਰਾਏ ਦਿੱਤੀ ਸੀ।
ਸਰਵੇਖਣ ਵਿੱਚ ਜ਼ਿਆਦਾਤਰ ਲੋਕਾਂ ਨੇ ਪੂਰਾ ਸਾਲ ਮਾਊਂਟੇਨ ਡੇਅ-ਲਾਈਟ ਟਾਈਮ ਬਰਕਰਾਰ ਰੱਖਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਨੂੰ ਹੁਣ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ। ਪ੍ਰੀਮੀਅਰ ਆਰ.ਜੇ. ਸਿੰਪਸਨ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਸਮੀ ਸਮੇਂ ਦੀ ਤਬਦੀਲੀ ਨੂੰ ਖ਼ਤਮ ਕਰਕੇ ਸਰਕਾਰ ਨੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਨਾਲ ਸਮੁੱਚੇ ਖੇਤਰ ਵਿੱਚ ਪਰਿਵਾਰਾਂ, ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਵਧੇਰੇ ਇਕਸਾਰਤਾ ਅਤੇ ਸਹੂਲਤ ਮਿਲੇਗੀ। This report was written by Ekjot Singh as part of the Local Journalism Initiative.
ਨੌਰਥਵੈਸਟ ਟੈਰੀਟਰੀਜ਼ ਵਿੱਚ ਮੌਸਮੀ ਸਮਾਂ ਬਦਲਣ ਦੀ ਪ੍ਰਥਾ ਖ਼ਤਮ, ਸਥਾਈ ਸਮਾਂ ਪ੍ਰਣਾਲੀ ਲਾਗੂ

