12.6 C
Vancouver
Tuesday, October 6, 2026

ਨਵੇਂ ਸਰਵੇਖਣ ਅਨੁਸਾਰ ਐਨ.ਡੀ.ਪੀ. ਨੂੰ ਕੰਜ਼ਰਵੇਟਿਵਾਂ ਉੱਤੇ ਪੰਜ ਫ਼ੀਸਦੀ ਦੀ ਲੀਡ

ਅਚਨਚੇਤੀ ਚੋਣਾਂ ਦੇ ਐਲਾਨ ਕਾਰਨ ਬੀ. ਸੀ. ਵਾਸੀ ਨਰਾਜ਼
ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਜਾਰੀ ਹੋਏ ਨਵੇਂ ਸਿਆਸੀ ਸਰਵੇਖਣ ਵਿੱਚ ਬੀਸੀ ਐਨਡੀਪੀ ਆਪਣੇ ਮੁੱਖ ਵਿਰੋਧੀ ਬੀਸੀ ਕੰਜ਼ਰਵੇਟਿਵਾਂ ਨਾਲੋਂ ਮੋਹਰੀ ਨਜ਼ਰ ਆ ਰਹੀ ਹੈ। ਲਿਏਜ਼ਨ ਸਟ੍ਰੈਟਿਜੀਜ਼ ਵੱਲੋਂ ਕਰਵਾਏ ਗਏ ਤਾਜ਼ਾ ਪੋਲ ਅਨੁਸਾਰ ਫੈਸਲਾ ਕਰ ਚੁੱਕੇ ਅਤੇ ਝੁਕਾਅ ਰੱਖਣ ਵਾਲੇ ਵੋਟਰਾਂ ਵਿੱਚ ਐਨਡੀਪੀ ਨੂੰ 41% ਅਤੇ ਬੀਸੀ ਕੰਜ਼ਰਵੇਟਿਵ ਪਾਰਟੀ ਨੂੰ 36% ਲੋਕਾਂ ਦਾ ਸਮਰਥਨ ਹਾਸਲ ਹੈ। ਇਸ ਸਰਵੇਖਣ ਵਿੱਚ ਬੀਸੀ ਗ੍ਰੀਨ ਪਾਰਟੀ ਨੂੰ 12%, ਜਦਕਿ ਸੈਂਟਰਬੀਸੀ ਅਤੇ ਵਨਬੀਸੀ ਨੂੰ 4-4% ਵੋਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਅਤੇ ਹੋਰ ਪਾਰਟੀਆਂ ਨੂੰ 3% ਹਮਾਇਤ ਮਿਲੀ ਹੈ। ਇਹ ਸਰਵੇਖਣ 21 ਅਤੇ 22 ਸਤੰਬਰ ਨੂੰ ਚੋਣਾਂ ਦੇ ਐਲਾਨ ਅਤੇ ਵਿਰੋਧੀ ਧਿਰਾਂ ਵਿੱਚ ਹੋਏ ਹਾਲੀਆ ਬਦਲਾਵਾਂ ਦਰਮਿਆਨ ਕੀਤਾ ਗਿਆ।
ਲਿਏਜ਼ਨ ਸਟ੍ਰੈਟਿਜੀਜ਼ ਦੇ ਪ੍ਰਮੁੱਖ ਡੇਵਿਡ ਵੈਲੇਨਟਿਨ ਅਨੁਸਾਰ ਐਨਡੀਪੀ ਭਾਵੇਂ ਪੰਜ ਅੰਕਾਂ ਨਾਲ ਅੱਗੇ ਚੱਲ ਰਹੀ ਹੈ, ਪਰ ਮੌਜੂਦਾ ਸਰਕਾਰ ਪ੍ਰਤੀ ਜਨਤਾ ਵਿੱਚ ਕੋਈ ਭਾਰੀ ਉਤਸ਼ਾਹ ਨਹੀਂ ਦੇਖਿਆ ਜਾ ਰਿਹਾ। ਸਰਵੇਖਣ ਅਨੁਸਾਰ ਸੂਬੇ ਦੇ 50% ਲੋਕਾਂ ਦਾ ਮੰਨਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਗ਼ਲਤ ਦਿਸ਼ਾ ਵੱਲ ਜਾ ਰਿਹਾ ਹੈ, ਜਦਕਿ ਸਿਰਫ਼ 36% ਲੋਕਾਂ ਨੇ ਮੰਨਿਆ ਕਿ ਸੂਬਾ ਸਹੀ ਰਸਤੇ ‘ਤੇ ਹੈ ਅਤੇ 15% ਲੋਕ ਅਨਿਸ਼ਚਿਤ ਸਨ। ਪ੍ਰੀਮੀਅਰ ਡੇਵਿਡ ਈਬੀ ਦੇ ਕੰਮਕਾਜ ਨੂੰ ਲੈ ਕੇ ਵੀ ਲੋਕਾਂ ਦੇ ਵਿਚਾਰ ਲਗਭਗ ਬਰਾਬਰ ਵੰਡੇ ਹੋਏ ਹਨ, ਜਿੱਥੇ 42% ਨੇ ਉਨ੍ਹਾਂ ਦੇ ਕੰਮ ਨੂੰ ਸਹੀ ਠਹਿਰਾਇਆ ਅਤੇ 43% ਨੇ ਅਸੰਤੁਸ਼ਟੀ ਜਤਾਈ।
ਸਰਵੇਖਣ ਵਿੱਚ ਕੰਜ਼ਰਵੇਟਿਵਾਂ ਦੇ ਅੰਤਰਿਮ ਆਗੂ ਲੋਰਨ ਡੋਰਕਸਨ ਬਾਰੇ ਅੱਧੀ ਆਬਾਦੀ ਵੱਲੋਂ ਕੋਈ ਪੱਕੀ ਰਾਇ ਨਾ ਬਣਾਉਣ ਦੀ ਗੱਲ ਸਾਹਮਣੇ ਆਈ ਹੈ। ਲਗਭਗ 21% ਲੋਕ ਉਨ੍ਹਾਂ ਦੇ ਹੱਕ ਵਿੱਚ ਹਨ, 29% ਵਿਰੋਧ ਵਿੱਚ ਹਨ, 23% ਅਨਿਸ਼ਚਿਤ ਹਨ ਅਤੇ 27% ਉਨ੍ਹਾਂ ਬਾਰੇ ਬਿਲਕੁਲ ਨਹੀਂ ਜਾਣਦੇ। ਇਸੇ ਤਰ੍ਹਾਂ ਗ੍ਰੀਨ ਪਾਰਟੀ ਦੀ ਨਵੀਂ ਆਗੂ ਐਮਿਲੀ ਲੋਵਨ ਨੂੰ 20% ਲੋਕ ਪਸੰਦ ਕਰਦੇ ਹਨ ਅਤੇ 20% ਨਾਪਸੰਦ ਕਰਦੇ ਹਨ, ਜਦਕਿ 34% ਲੋਕ ਉਨ੍ਹਾਂ ਤੋਂ ਜਾਣੂ ਨਹੀਂ ਹਨ।
ਵੋਟਰਾਂ ਦਾ ਰੁਝਾਨ ਖੇਤਰੀ ਅਤੇ ਲਿੰਗ ਆਧਾਰ ‘ਤੇ ਵੀ ਵੱਖਰਾ ਨਜ਼ਰ ਆ ਰਿਹਾ ਹੈ। ਵੈਨਕੂਵਰ ਮੈਟਰੋਪੋਲੀਟਨ ਖੇਤਰ ਵਿੱਚ ਐਨਡੀਪੀ 43% ਦੇ ਮੁਕਾਬਲੇ 34% ਨਾਲ ਅਤੇ ਵੈਨਕੂਵਰ ਆਈਲੈਂਡ ਉੱਤੇ 45% ਦੇ ਮੁਕਾਬਲੇ 32% ਨਾਲ ਅੱਗੇ ਹੈ। ਇਸ ਦੇ ਉਲਟ ਬਾਕੀ ਸੂਬੇ ਵਿੱਚ ਕੰਜ਼ਰਵੇਟਿਵ ਪਾਰਟੀ 42% ਦੇ ਮੁਕਾਬਲੇ 35% ਨਾਲ ਮੋਹਰੀ ਚੱਲ ਰਹੀ ਹੈ। ਮਹਿਲਾ ਵੋਟਰਾਂ ਵਿੱਚੋਂ 45% ਐਨਡੀਪੀ ਅਤੇ 33% ਕੰਜ਼ਰਵੇਟਿਵਾਂ ਦੇ ਪੱਖ ਵਿੱਚ ਹਨ, ਜਦਕਿ ਮਰਦ ਵੋਟਰਾਂ ਵਿੱਚ ਕੰਜ਼ਰਵੇਟਿਵ ਪਾਰਟੀ 41% ਦੇ ਮੁਕਾਬਲੇ 37% ਨਾਲ ਅੱਗੇ ਹੈ। ਮਹਿਲਾਵਾਂ ਵਿੱਚ ਅਜੇ ਵੀ 29% ਵੋਟਰ ਅਨਿਸ਼ਚਿਤ ਹਨ। ਇਹ ਸਰਵੇਖਣ 1,000 ਵਿਅਕਤੀਆਂ ਦੇ ਵਿਚਾਰਾਂ ‘ਤੇ ਆਧਾਰਿਤ ਹੈ, ਜਿਸ ਵਿੱਚ 3.1% ਦਾ ਮਾਰਜਿਨ ਆਫ਼ ਐਰਰ ਮੰਨਿਆ ਗਿਆ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ