12.6 C
Vancouver
Tuesday, October 6, 2026

ਡੈਲਟਾ ਵਿੱਚ ਫੋਰਟਿਸ ਬੀ.ਸੀ. ਦੇ ਟਿਲਬਰੀ ਐਲਐਨਜੀ ਪ੍ਰੋਜੈਕਟ ਨੂੰ ਵਾਤਾਵਰਣ ਪ੍ਰਵਾਨਗੀ ਸਰਟੀਫਿਕੇਟ ਜਾਰੀ

ਫਰੇਜ਼ਰ ਰਿਵਰ ਕੰਢੇ ਕੁਦਰਤੀ ਗੈਸ ਸੁਵਿਧਾ ਦੇ ਵਿਸਥਾਰ ਨੂੰ ਹਰੀ ਝੰਡੀ, ਸਖ਼ਤ ਸ਼ਰਤਾਂ ਲਾਗੂ
ਵੈਨਕੂਵਰ (ਏਕਜੋਤ ਸਿੰਘ): ਸੂਬਾ ਸਰਕਾਰ ਨੇ ਡੈਲਟਾ ਵਿੱਚ ਹੇਠਲੇ ਫਰੇਜ਼ਰ ਰਿਵਰ ਦੇ ਟਿਲਬਰੀ ਆਈਲੈਂਡ ‘ਤੇ ਸਥਿਤ ਫੋਰਟਿਸਬੀਸੀ ਦੀ ਤਰਲ ਕੁਦਰਤੀ ਗੈਸ (ਐਲਐਨਜੀ) ਸਹੂਲਤ ਦੇ ਵਿਸਥਾਰ ਲਈ ਵਾਤਾਵਰਣ ਮੁਲਾਂਕਣ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਵਾਤਾਵਰਣ ਅਤੇ ਪਾਰਕਸ ਮੰਤਰੀ ਤਾਮਾਰਾ ਡੇਵਿਡਸਨ ਅਤੇ ਊਰਜਾ ਤੇ ਜਲਵਾਯੂ ਹੱਲ ਮੰਤਰੀ ਐਡਰੀਅਨ ਡਿਕਸ ਨੇ ਵਾਤਾਵਰਣ ਮੁਲਾਂਕਣ ਦਫ਼ਤਰ (ਈਏਓ) ਦੀ ਰਿਪੋਰਟ, ਮੂਲ ਨਿਵਾਸੀ ਕੌਮਾਂ, ਤਕਨੀਕੀ ਮਾਹਿਰਾਂ ਅਤੇ ਆਮ ਜਨਤਾ ਦੇ ਸੁਝਾਵਾਂ ਦੀ ਸਮੀਖਿਆ ਤੋਂ ਬਾਅਦ ਇਹ ਪ੍ਰਵਾਨਗੀ ਦਿੱਤੀ ਹੈ।
ਮੰਤਰੀਆਂ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ ਟਿਲਬਰੀ ਫੇਜ਼ 2 ਵਿਸਥਾਰ ਪ੍ਰੋਜੈਕਟ ਨਾਲ ਉਸਾਰੀ ਅਤੇ ਸੰਚਾਲਨ ਦੌਰਾਨ ਰੁਜ਼ਗਾਰ, ਠੇਕੇਦਾਰੀ ਅਤੇ ਸਿਖਲਾਈ ਦੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਆਰਥਿਕ ਗਤੀਵਿਧੀਆਂ ਅਤੇ ਟੈਕਸ ਮਾਲੀਏ ਵਿੱਚ ਵਾਧਾ ਹੋਵੇਗਾ ਅਤੇ ਕੁਦਰਤੀ ਗੈਸ ਭੰਡਾਰਨ ਸਮਰੱਥਾ ਵਧਣ ਨਾਲ ਲੋਅਰ ਮੇਨਲੈਂਡ ਵਿੱਚ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਮਿਲੇਗੀ। ਇਹ ਪ੍ਰੋਜੈਕਟ ਸਥਾਨਕ ਕਮਿਊਨਿਟੀਆਂ ਅਤੇ ਮੂਲ ਨਿਵਾਸੀਆਂ ਨੂੰ ਆਰਥਿਕ ਵਿਕਾਸ ਵਿੱਚ ਹਿੱਸੇਦਾਰ ਬਣਨ ਦਾ ਮੌਕਾ ਵੀ ਦੇਵੇਗਾ।
ਵਾਤਾਵਰਣ ਮੁਲਾਂਕਣ ਦਫ਼ਤਰ ਅਨੁਸਾਰ ਜੇਕਰ ਤਜਵੀਜ਼ਸ਼ੁਦਾ ਸ਼ਰਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਪ੍ਰੋਜੈਕਟ ਦਾ ਕੋਈ ਗੰਭੀਰ ਮਾੜਾ ਪ੍ਰਭਾਵ ਨਹੀਂ ਪਵੇਗਾ। ਜਾਰੀ ਕੀਤੇ ਗਏ ਸਰਟੀਫਿਕੇਟ ਵਿੱਚ 18 ਕਾਨੂੰਨੀ ਤੌਰ ‘ਤੇ ਲਾਜ਼ਮੀ ਸ਼ਰਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ, ਜੰਗਲੀ ਜੀਵਾਂ ਅਤੇ ਬਨਸਪਤੀ ਦੀ ਸੁਰੱਖਿਆ, ਗ੍ਰੀਨਹਾਊਸ ਗੈਸਾਂ ਵਿੱਚ ਕਟੌਤੀ, ਐਮਰਜੈਂਸੀ ਯੋਜਨਾਬੰਦੀ ਅਤੇ ਸਥਾਨਕ ਭਰਤੀ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।
ਇਸ ਮੁਲਾਂਕਣ ਦੌਰਾਨ 12 ਮੂਲ ਨਿਵਾਸੀ ਕੌਮਾਂ ਨਾਲ ਸਹਿਮਤੀ ਬਣਾਈ ਗਈ ਅਤੇ ਹੋਰ 13 ਸਮੂਹਾਂ ਨੂੰ ਸੂਚਿਤ ਕੀਤਾ ਗਿਆ ਸੀ। ਇਹ ਮੁਲਾਂਕਣ ਸੂਬਾਈ ਅਤੇ ਫੈਡਰਲ ਸਰਕਾਰ ਦੋਵਾਂ ਵੱਲੋਂ ਸਾਂਝੇ ਤੌਰ ‘ਤੇ ਵਰਤਿਆ ਗਿਆ ਹੈ, ਹਾਲਾਂਕਿ ਫੈਡਰਲ ਪੱਧਰ ‘ਤੇ ਅੰਤਿਮ ਫੈਸਲਾ ਅਜੇ ਬਾਕੀ ਹੈ। ਇਹ ਪ੍ਰੋਜੈਕਟ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਕੋਵਿਡ ਮਹਾਂਮਾਰੀ ਕਾਰਨ ਕੰਪਨੀ ਨੇ ਸਮਾਂ ਵਧਾਉਣ ਦੀ ਮੰਗ ਕੀਤੀ ਸੀ। ਹੁਣ ਨਿਗਰਾਨ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਨਿਰਮਾਣ ਦੌਰਾਨ ਵਾਤਾਵਰਣ ਸ਼ਰਤਾਂ ਦੀ ਪੂਰੀ ਪਾਲਣਾ ਹੋਵੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ