ਵੈਨਕੂਵਰ (ਏਕਜੋਤ ਸਿੰਘ): ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਨਵੀਂ ਇਮਾਰਤ ਦੀ ਉਸਾਰੀ ਦਾ ਕਾਰਜ 20 ਸਤੰਬਰ ਨੂੰ ਗੁਰਮਤਿ ਮਰਿਆਦਾ ਅਨੁਸਾਰ ਰਸਮੀ ਤੌਰ ’ਤੇ ਆਰੰਭ ਹੋ ਗਿਆ ਹੈ। ਇਸ ਇਤਿਹਾਸਕ ਮੌਕੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜਿਕ ਖੇਤਰ ਨਾਲ ਜੁੜੇ ਪਤਵੰਤੇ ਸੱਜਣ ਹਾਜ਼ਰ ਹੋਏ। ਨਵੀਂ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਵੱਲੋਂ ਸਰਬੱਤ ਦੇ ਭਲੇ ਅਤੇ ਪ੍ਰੋਜੈਕਟ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਸੰਗਤਾਂ ਵੱਲੋਂ ਗਜਾਏ ਗਏ ਜੈਕਾਰਿਆਂ ਨਾਲ ਸਮੁੱਚਾ ਵਾਤਾਵਰਣ ਗੂੰਜ ਉੱਠਿਆ।
ਇਸ ਸਮਾਗਮ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਕੈਬਨਿਟ ਸਾਥੀਆਂ ਸਮੇਤ ਸ਼ਮੂਲੀਅਤ ਕਰਕੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸਰੀ ਦੀ ਮੇਅਰ ਬਰੈਂਡਾ ਲੌਕ, ਸਿਟੀ ਕੌਂਸਲ ਮੈਂਬਰ, ਕੈਨੇਡਾ ਦੇ ਸੈਨੇਟਰ ਤੇਜ ਸਿੰਘ ਢਿੱਲੋਂ, ਫੈਡਰਲ ਸੰਸਦ ਮੈਂਬਰ ਸੁਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਸਮੇਤ ਪ੍ਰਮੁੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉਚੇਚੇ ਤੌਰ ’ਤੇ ਪਹੁੰਚੇ।
ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਨਵੀਂ ਇਮਾਰਤ ਦਾ ਨੀਂਹ ਪੱਥਰ 20 ਸਤੰਬਰ ਨੂੰ ਦੁਪਹਿਰ 12 ਵਜੇ ਮਿੱਥੇ ਪ੍ਰੋਗਰਾਮ ਮੁਤਾਬਕ ਰੱਖਿਆ ਗਿਆ, ਜਿਸ ਦੌਰਾਨ ਸ੍ਰੀ ਦਰਬਾਰ ਸਾਹਿਬ ਤੋਂ ਪਹੁੰਚੇ ਰਾਗੀ ਜਥਿਆਂ ਨੇ ਰੱਬੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੌਰਾਨ ਸੰਗਤਾਂ ਵਿੱਚ ਇਸ ਕਾਰਜ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਨੇ ਇਸ ਨਿਰਮਾਣ ਕਾਰਜ ਨੂੰ ਕੈਨੇਡਾ ਵਿੱਚ ਸਿੱਖ ਵਿਰਾਸਤ ਦੇ ਪਸਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਧਾਰਮਿਕ ਤੇ ਭਾਈਚਾਰਕ ਲੋੜਾਂ ਦੀ ਪੂਰਤੀ ਲਈ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕਾਰਜ ਸ਼ੁਰੂ

