ਸਰੀ, (ਬੀ.ਸੀ.) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਪਾਵਨ ਸਰੂਪਾਂ ਸਬੰਧੀ ਚੱਲ ਰਹੀ ਚਰਚਾ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਸੰਗਤਾਂ ਲਈ ਬਿਆਨ ਜਾਰੀ ਕੀਤਾ ਗਿਆ ਹੈ। ਪ੍ਰਬੰਧਕਾਂ ਅਨੁਸਾਰ 20 ਸਤੰਬਰ ਨੂੰ ਟੋਰਾਂਟੋ ਤੋਂ ਕੁਝ ਵਿਅਕਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਲੈਣ ਆਏ ਸਨ। ਦਸਤਾਵੇਜ਼ੀ ਕਾਰਵਾਈ ਪੂਰੀ ਹੋਣ ਉਪਰੰਤ ਜਦੋਂ ਸਰੂਪ ਗੱਡੀ ਕੋਲ ਲਿਜਾਏ ਗਏ ਤਾਂ ਉੱਥੇ ਪੂਰਨ ਮਰਿਆਦਾ ਮੁਤਾਬਕ ਯੋਗ ਪ੍ਰਬੰਧ ਨਹੀਂ ਸਨ, ਜਿਸ ਕਾਰਨ ਪਾਵਨ ਬੀੜਾਂ ਤੁਰੰਤ ਵਾਪਸ ਗੁਰਦੁਆਰਾ ਸਾਹਿਬ ਲਿਆ ਕੇ ਸੁਸ਼ੋਭਿਤ ਕਰ ਦਿੱਤੀਆਂ ਗਈਆਂ। ਇਸ ਕੁਤਾਹੀ ਸਬੰਧੀ ਟੋਰਾਂਟੋ ਵਾਲੇ ਵਿਅਕਤੀਆਂ ਨੂੰ ਤਾੜਨਾ ਕੀਤੀ ਗਈ, ਜਿਸ ਮਗਰੋਂ ਉਨ੍ਹਾਂ ਨੇ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਪਾਸੋਂ ਮੁਆਫ਼ੀ ਮੰਗ ਲਈ। ਪ੍ਰਬੰਧਕਾਂ ਨੇ ਮੰਨਿਆ ਕਿ ਭਰੋਸਾ ਕਰਕੇ ਗੱਡੀ ਪਹਿਲਾਂ ਚੈੱਕ ਨਾ ਕਰਨ ਦੀ ਭੁੱਲ ਹੋਈ, ਜਿਸ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਨੇ ਇਸ ਅਣਗਹਿਲੀ ਲਈ ਗੁਰੂ ਸਾਹਿਬ ਅਤੇ ਸਮੂਹ ਸਿੱਖ ਸੰਗਤਾਂ ਪਾਸੋਂ ਖਿਮਾ ਜਾਚਨਾ ਕੀਤੀ ਹੈ।

