ਕੈਨੇਡਾ-ਅਮਰੀਕਾ ਸਬੰਧਾਂ ਅਤੇ ਵਿਸ਼ਵ ਸੁਰੱਖਿਆ ਦੇ ਵਿਗੜਦੇ ਹਾਲਾਤ ‘ਤੇ ਹੋਵੇਗੀ ਗੰਭੀਰ ਚਰਚਾ
ਵੈਨਕੂਵਰ (ਏਕਜੋਤ ਸਿੰਘ): ਕੈਲਗਰੀ ਦੇ ਪੱਛਮ ਵੱਲ ਰੌਕੀ ਪਹਾੜਾਂ ਦੀ ਗੋਦ ਵਿੱਚ ਸਥਿਤ ਇਤਿਹਾਸਕ ਬੈਂਫ਼ ਸਪ੍ਰਿੰਗਜ਼ ਹੋਟਲ ਵਿਖੇ 27ਵਾਂ ਸਾਲਾਨਾ ਗਲੋਬਲ ਬਿਜ਼ਨਸ ਫੋਰਮ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਪਹਾੜਾਂ ਦਾ ਇਹ ਸ਼ਾਂਤਮਈ ਮਾਹੌਲ ਇਸ ਸਾਲ ਦੇ ਮੁੱਖ ਵਿਸ਼ੇ ‘ਥ੍ਰਾਈਵਿੰਗ ਇਨ ਕੇਓਸ’ (ਹਲਚਲ ਅਤੇ ਅਰਾਜਕਤਾ ਦਰਮਿਆਨ ਵਿਕਾਸ) ਨਾਲ ਬਿਲਕੁਲ ਵੱਖਰਾ ਨਜ਼ਰ ਆ ਰਿਹਾ ਹੈ। ਇਸ ਸੰਮੇਲਨ ਵਿੱਚ ਵਿਸ਼ਵ ਪੱਧਰ ‘ਤੇ ਆ ਰਹੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਬਦਲਾਵਾਂ ‘ਤੇ ਡੂੰਘੀ ਚਰਚਾ ਕੀਤੀ ਜਾਵੇਗੀ। ਇਸ ਫੋਰਮ ਦੀ ਸਹਿ-ਪ੍ਰਧਾਨਗੀ ਕਰ ਰਹੇ ਅਲਬਰਟਾ ਦੇ ਸਾਬਕਾ ਲੈਫਟੀਨੈਂਟ ਗਵਰਨਰ ਲੋਇਸ ਮਿਸ਼ੇਲ ਨੇ ਕਿਹਾ ਕਿ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਸ਼ਾਇਦ ਹੀ ਕਦੇ ਅਜਿਹੀ ਬੇਚੈਨੀ ਅਤੇ ਟੁੱਟ-ਭੱਜ ਦੇਖਣ ਨੂੰ ਮਿਲੀ ਹੋਵੇ ਜੋ ਅੱਜ ਦੇ ਦੌਰ ਵਿੱਚ ਵੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਅਤੇ ਕਾਰੋਬਾਰੀ ਅਦਾਰੇ ਅਜਿਹੇ ਗੁੰਝਲਦਾਰ ਦੌਰ ਵਿੱਚੋਂ ਲੰਘ ਰਹੇ ਹਨ ਜਿੱਥੇ ਆਮ ਵਰਤਾਰੇ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਇਸ ਸੰਮੇਲਨ ਦੇ ਸੈਸ਼ਨਾਂ ਦੌਰਾਨ ਵਿਸ਼ਵ ਸੁਰੱਖਿਆ, ਕੈਨੇਡਾ ਅਤੇ ਅਮਰੀਕਾ ਦਰਮਿਆਨ ਪੈਦਾ ਹੋਏ ਤਣਾਅਪੂਰਨ ਸਬੰਧਾਂ, ਪੁਲਾੜ ਯਾਤਰਾ ਦੇ ਖੇਤਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਅਹਿਮ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਉੱਚ-ਪੱਧਰੀ ਕਾਨਫਰੰਸ ਵਿੱਚ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋ ਰਹੀਆਂ ਹਨ। ਬੁਲਾਰਿਆਂ ਵਿੱਚ ਆਰਟੇਮਿਸ 2 ਮਿਸ਼ਨ ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ, ਅਮਰੀਕਾ ਵਿੱਚ ਕੈਨੇਡਾ ਦੀ ਸਾਬਕਾ ਰਾਜਦੂਤ ਕਿਰਸਟਨ ਹਿਲਮੈਨ ਅਤੇ ਅਲਾਸਕਾ ਦੇ ਗਵਰਨਰ ਮਾਈਕ ਡਨਲੀਵੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ। ਇਹ ਆਗੂ ਮੌਜੂਦਾ ਚੁਣੌਤੀਆਂ ਅਤੇ ਆਲਮੀ ਸਹਿਯੋਗ ਦੇ ਨਵੇਂ ਮੌਕਿਆਂ ਬਾਰੇ ਆਪਣੇ ਤਜਰਬੇ ਸਾਂਝੇ ਕਰਨਗੇ। ਇਸ ਤੋਂ ਇਲਾਵਾ ਵਪਾਰਕ ਖੇਤਰ ਦੇ ਦਿੱਗਜ ਵੀ ਇਸ ਮੰਚ ‘ਤੇ ਇਕੱਠੇ ਹੋਣਗੇ। ਸ਼ੈੱਲ ਕੈਨੇਡਾ, ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਅਤੇ ਟੇਲਸ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆਰਥਿਕ ਮੰਦੀ, ਊਰਜਾ ਸੰਕਟ ਅਤੇ ਤਕਨਾਲੋਜੀ ਦੇ ਪਸਾਰੇ ਦਰਮਿਆਨ ਕਾਰੋਬਾਰਾਂ ਨੂੰ ਕਾਮਯਾਬ ਬਣਾਉਣ ਦੀਆਂ ਨਵੀਆਂ ਰਣਨੀਤੀਆਂ ਉੱਤੇ ਆਪਣੇ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਇਸ ਤਿੰਨ-ਰੋਜ਼ਾ ਸੰਮੇਲਨ ‘ਤੇ ਕਾਰੋਬਾਰੀ ਅਤੇ ਕੂਟਨੀਤਕ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। This report was written by Ekjot Singh as part of the Local Journalism Initiative.
ਗਲੋਬਲ ਬਿਜ਼ਨਸ ਫੋਰਮ ਦਾ 27ਵਾਂ ਸਾਲਾਨਾ ਸੰਮੇਲਨ ਬੈਂਫ਼ ਸਪ੍ਰਿੰਗਜ਼ ਵਿਖੇ ਸ਼ੁਰੂ

