12.6 C
Vancouver
Tuesday, October 6, 2026

ਕਿਊਬੈਕ ਵਿੱਚ ਪੰਜ ਡਾਕਟਰਾਂ ਵੱਲੋਂ ਖ਼ੁਦਕੁਸ਼ੀ ਮਗਰੋਂ ਮੈਡੀਕਲ ਭਾਈਚਾਰੇ ਵਿੱਚ ਰੋਸ

ਕੰਮ ਦਾ ਬੋਝ ਅਤੇ ਜਨਤਕ ਆਲੋਚਨਾ ਬਣੀ ਮਾਨਸਿਕ ਤਣਾਅ ਦਾ ਕਾਰਨ, 1,500 ਡਾਕਟਰਾਂ ਨੇ ਲਿਖਿਆ ਪੱਤਰ
ਵੈਨਕੂਵਰ (ਏਕਜੋਤ ਸਿੰਘ): ਕਿਊਬੈਕ ਸੂਬੇ ਵਿੱਚ ਮਹਿਜ਼ ਪੰਜ ਮਹੀਨਿਆਂ ਦੇ ਅੰਦਰ ਪੰਜ ਡਾਕਟਰਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਾਅਦ ਸੂਬੇ ਦੇ 1,500 ਤੋਂ ਵੱਧ ਡਾਕਟਰਾਂ ਨੇ ਚੀਫ਼ ਕੌਰੋਨਰ ਨੂੰ ਇੱਕ ਪੱਤਰ ਲਿਖ ਕੇ ਪੂਰੇ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡਾਕਟਰਾਂ ਨੇ 18 ਸਤੰਬਰ ਨੂੰ ਭੇਜੇ ਆਪਣੇ ਪੱਤਰ ਵਿੱਚ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮੈਡੀਕਲ ਪੇਸ਼ੇਵਰਾਂ ਦੀ ਮਾਨਸਿਕ ਸਥਿਤੀ ਅਤੇ ਉਨ੍ਹਾਂ ‘ਤੇ ਪੈ ਰਹੇ ਦਬਾਅ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਪੱਤਰ ਉੱਤੇ ਦਸਤਖ਼ਤ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਜ਼ਿੰਦਗੀ ਅਤੇ ਮੌਤ ਦੇ ਗੰਭੀਰ ਹਾਲਾਤਾਂ ਨਾਲ ਜੂਝਦੇ ਹਨ ਅਤੇ ਬਿਨਾਂ ਲੋੜੀਂਦੇ ਸਰੋਤਾਂ ਜਾਂ ਸਹਿਯੋਗ ਦੇ ਭਾਰੀ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਬਹੁਤ ਸਾਰੇ ਡਾਕਟਰ ਆਪਣੇ ਕੈਰੀਅਰ ‘ਤੇ ਮਾੜਾ ਅਸਰ ਪੈਣ ਦੇ ਡਰੋਂ ਮਾਨਸਿਕ ਸਿਹਤ ਸੰਬੰਧੀ ਮਦਦ ਲੈਣ ਤੋਂ ਕਤਰਾਉਂਦੇ ਹਨ। ਆਮ ਤੌਰ ‘ਤੇ ਹਰੇਕ ਖ਼ੁਦਕੁਸ਼ੀ ਦੀ ਜਾਂਚ ਕੌਰੋਨਰ ਵੱਲੋਂ ਕੀਤੀ ਜਾਂਦੀ ਹੈ, ਪਰ ਡਾਕਟਰ ਹੁਣ ਪੇਸ਼ੇਵਰ ਹਾਲਾਤਾਂ ਨੂੰ ਮੁੱਖ ਰੱਖ ਕੇ ਸਮੁੱਚੀ ਜਨਤਕ ਜਾਂਚ ਦੀ ਮੰਗ ਕਰ ਰਹੇ ਹਨ।
ਚੀਫ਼ ਕੌਰੋਨਰ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਡਾਕਟਰਾਂ ਦੀ ਮੰਗ ‘ਤੇ ਗੰਭੀਰ ਅਧਿਐਨ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਜਨਤਕ ਜਾਂਚ ਦੇ ਫੈਸਲੇ ਬਾਰੇ ਅਜੇ ਕੋਈ ਅੰਤਿਮ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਇਸ ਮੁਹਿੰਮ ਵਿੱਚ ਸ਼ਾਮਲ ਪਲਾਸਟਿਕ ਸਰਜਨ ਜੀਨ-ਪਾਲ ਬਰੂਟਸ ਨੇ ਕਿਹਾ ਕਿ ਕੰਮ ਦਾ ਲਗਾਤਾਰ ਵਧਦਾ ਬੋਝ ਅਤੇ ਪ੍ਰਸ਼ਾਸਨ ਵੱਲੋਂ ਡਾਕਟਰਾਂ ਦੀ ਕੀਤੀ ਜਾਂਦੀ ਜਨਤਕ ਨਿੰਦਾ ਮਾਨਸਿਕ ਤਣਾਅ ਦਾ ਮੁੱਖ ਕਾਰਨ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਸਿਹਤ ਪ੍ਰਣਾਲੀ ਦੀ ਹਰ ਨਾਕਾਮੀ ਦਾ ਦੋਸ਼ ਡਾਕਟਰਾਂ ਸਿਰ ਮੜ੍ਹ ਦਿੰਦੀਆਂ ਹਨ। ਬਰੂਟਸ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਸ਼ਾਸਕੀ ਦਬਾਅ ਬਹੁਤ ਵਧ ਗਿਆ ਹੈ, ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਸਹੂਲਤਾਂ ਘਟਦੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਿਰਫ਼ ਡਾਕਟਰਾਂ ਜਾਂ ਸਿਹਤ ਕਾਮਿਆਂ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਜਨਤਕ ਸਿਹਤ ਨਾਲ ਜੁੜਿਆ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਡਾਕਟਰਾਂ ਦੀ ਮਾਨਸਿਕ ਸਿਹਤ ਦਾ ਸਿੱਧਾ ਅਸਰ ਮਰੀਜ਼ਾਂ ਦੀ ਦੇਖਭਾਲ ‘ਤੇ ਪੈਂਦਾ ਹੈ। ਡਾਕਟਰਾਂ ਨੇ ਸਿਸਟਮ ਵਿੱਚ ਤੁਰੰਤ ਸੁਧਾਰ ਕਰਨ ਦੀ ਮੰਗ ਕੀਤੀ ਹੈ।

ਰੁਝਾਨ ਖਬਰਾਂ