ਸਾਬਕਾ ਸਿਪਾਹੀ ਵੱਲੋਂ ਪੁਲਿਸ ‘ਤੇ ਗੋਲੀਬਾਰੀ ਦੀ ਘਟਨਾ ਪਿੱਛੇ ਪੁਰਾਣੀ ਰੰਜਿਸ਼ ਅਤੇ ਸਾਜ਼ਿਸ਼ੀ ਸਿਧਾਂਤਾਂ ਦੀ ਚਰਚਾ
ਵੈਨਕੂਵਰ (ਏਕਜੋਤ ਸਿੰਘ): ਓਨਟਾਰੀਓ ਦੇ ਬੈਲੇਵਿਲੇ ਸ਼ਹਿਰ ਵਿੱਚ ਯਹੂਦੀ ਪ੍ਰਾਰਥਨਾ ਸਥਾਨ (ਸਿਨਾਗੌਗ) ਨੇੜੇ ਪੁਲਿਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸਾਬਕਾ ਫ਼ੌਜੀ ਆਪਣੀ ਬਰਖ਼ਾਸਤਗੀ ਖ਼ਿਲਾਫ਼ ਮਿਲਟਰੀ ਉੱਤੇ 1 ਮਿਲੀਅਨ ਡਾਲਰ ਦਾ ਮੁਕੱਦਮਾ ਲੜ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਤੋਂ ਖ਼ੁਲਾਸਾ ਹੋਇਆ ਹੈ ਕਿ 29 ਸਾਲਾ ਸ਼ਾਨ ਵਾਰਡ ਸੀਐਫਬੀ ਐਡਮਿੰਟਨ ਵਿਖੇ ਕਾਰਪੋਰਲ ਵਜੋਂ ਤਾਇਨਾਤ ਸੀ, ਜਿੱਥੇ ਉਸ ਨੇ ‘ਧਾਰਮਿਕ ਆਧਾਰ’ ‘ਤੇ ਕੋਵਿਡ-19 ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਫ਼ੌਜ ਨੇ ਵੈਕਸੀਨ ਨੀਤੀ ਦੀ ਉਲੰਘਣਾ ਕਰਨ ‘ਤੇ ਉਸ ਨੂੰ ਅਗਲੀ ਸੇਵਾ ਲਈ ਅਯੋਗ ਕਰਾਰ ਦਿੰਦਿਆਂ ਨੌਕਰੀ ਤੋਂ ਕੱਢ ਦਿੱਤਾ ਸੀ। ਫੈਡਰਲ ਕੋਰਟ ਵਿੱਚ ਦਾਇਰ ਪਟੀਸ਼ਨ ਅਨੁਸਾਰ ਵਾਰਡ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਲਗਭਗ 5 ਸਾਲ ਇਮਾਨਦਾਰੀ ਨਾਲ ਸੇਵਾ ਨਿਭਾਈ ਸੀ, ਪਰ ਨੌਕਰੀ ਤੋਂ ਕੱਢੇ ਜਾਣ ਕਾਰਨ ਉਸ ਨੂੰ 140,000 ਡਾਲਰ ਦਾ ਵਿੱਤੀ ਨੁਕਸਾਨ ਹੋਇਆ। ਉਸ ਨੇ ਦੋਸ਼ ਲਾਇਆ ਸੀ ਕਿ ਇਸ ਕਾਰਵਾਈ ਕਾਰਨ ਉਸ ਨੂੰ ਗੰਭੀਰ ਮਾਨਸਿਕ ਸਦਮਾ ਅਤੇ ਪੋਸਟ-ਟਰਾਮੈਟਿਕ ਸਟ੍ਰੈਸ ਡਿਸਆਰਡਰ ਦਾ ਸਾਹਮਣਾ ਕਰਨਾ ਪਿਆ।
ਇਹ ਘਟਨਾ ਐਤਵਾਰ ਰਾਤ ਨੂੰ ਯੋਮ ਕਿੱਪੁਰ ਦੇ ਪਵਿੱਤਰ ਤਿਉਹਾਰ ਮੌਕੇ ਵਾਪਰੀ, ਜਦੋਂ ਵਾਰਡ ਨੇ ਸ਼ਾਟਗੰਨ ਨਾਲ ਸਿਨਾਗੌਗ ਨੇੜੇ ਖੜ੍ਹੀ ਪੁਲਿਸ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ। ਜਾਣਕਾਰੀ ਮੁਤਾਬਕ ਵਾਰਡ ਜੁਲਾਈ 2017 ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਭਰਤੀ ਹੋਇਆ ਸੀ ਅਤੇ ਜੂਨ 2022 ਵਿੱਚ ਉਸ ਨੂੰ ਬਿਨਾਂ ਕਿਸੇ ਵਿਦੇਸ਼ੀ ਮਿਸ਼ਨ ‘ਤੇ ਭੇਜੇ ਸੇਵਾਮੁਕਤ ਕਰ ਦਿੱਤਾ ਗਿਆ ਸੀ।
ਸੂਤਰਾਂ ਅਨੁਸਾਰ ਉਹ ਕੋਵਿਡ-19 ਮਹਾਂਮਾਰੀ ਦੌਰਾਨ ਸਾਜ਼ਿਸ਼ੀ ਸਿਧਾਂਤਾਂ ਅਤੇ ਯਹੂਦੀ ਵਿਰੋਧੀ ਵਿਚਾਰਾਂ ਦਾ ਪ੍ਰਚਾਰ ਕਰਦਾ ਸੀ। ਅਦਾਲਤ ਵਿੱਚ ਉਸ ਨੇ ਵੈਕਸੀਨ ਨੂੰ ਸਰੀਰਕ ਖ਼ੁਦਮੁਖ਼ਤਿਆਰੀ ਦੀ ਉਲੰਘਣਾ ਦੱਸਿਆ ਸੀ, ਜਦਕਿ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਸੀ ਕਿ ਫ਼ੌਜ ਦੇ ਜਵਾਨਾਂ ਦੀ ਸੁਰੱਖਿਆ ਅਤੇ ਦੇਸ਼ ਦੀ ਰੱਖਿਆ ਲਈ ਟੀਕਾਕਰਨ ਜ਼ਰੂਰੀ ਸੀ। ਪੁਲਿਸ ਨੇ ਅਜੇ ਤੱਕ ਹਮਲੇ ਦੇ ਅਸਲ ਮਨੋਰਥ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। This report was written by Ekjot Singh as part of the Local Journalism Initiative.
ਓਨਟਾਰੀਓ ਪੁਲਿਸ ਮੁਕਾਬਲੇ ’ਚ ਮਾਰੇ ਗਏ ਸਾਬਕਾ ਫ਼ੌਜੀ ਨੇ ਵੈਕਸੀਨ ਨਿਯਮਾਂ ਖ਼ਿਲਾਫ਼ ਕੀਤਾ ਸੀ ਮਿਲੀਅਨ ਡਾਲਰ ਦਾ ਦਾਅਵਾ

