ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਚਾਲਕ ਖ਼ਿਲਾਫ਼ ਪੁਲਿਸ ਦੀ ਤੁਰੰਤ ਕਾਰਵਾਈ
ਵੈਨਕੂਵਰ (ਏਕਜੋਤ ਸਿੰਘ): ਐਬਟਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ ਦੂਜੇ ਸਕੂਲ ਦੇ ਇੱਕ ਵਿਦਿਆਰਥੀ ਵੱਲੋਂ ਲਾਪਰਵਾਹੀ ਅਤੇ ਬੇਹੱਦ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਇਹ ਘਟਨਾ ਮੰਗਲਵਾਰ, 15 ਸਤੰਬਰ ਨੂੰ ਉਸ ਵੇਲੇ ਵਾਪਰੀ ਜਦੋਂ ਸਕੂਲ ਦੇ ਵਿਦਿਆਰਥੀ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਬਾਹਰ ਮੌਜੂਦ ਸਨ। ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਵਿਦਿਆਰਥੀਆਂ ਦੀ ਜਾਨ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ।
ਜਦੋਂ ਸਕੂਲ ਪ੍ਰਸ਼ਾਸਕ ਨੇ ਕਾਰ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਵਾਹਨ ਨੂੰ ਹੋਰ ਵੀ ਖ਼ਤਰਨਾਕ ਢੰਗ ਨਾਲ ਚਲਾਉਣਾ ਜਾਰੀ ਰੱਖਿਆ ਅਤੇ ਖੇਤਰ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਗੱਡੀ ਫੁੱਟਪਾਥ ਦੇ ਕਿਨਾਰੇ ਉੱਪਰ ਚੜ੍ਹਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਬਟਸਫੋਰਡ ਪੁਲਿਸ ਦੇ ਯੂਥ ਸਕੁਐਡ ਦੇ ਅਧਿਕਾਰੀ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਦੀ ਪਛਾਣ ਕੀਤੀ ਅਤੇ ਵਾਹਨ ਦੇ ਰਜਿਸਟਰਡ ਮਾਲਕ ਦੇ ਘਰ ਪਹੁੰਚ ਕੀਤੀ।
ਪੁਲਿਸ ਜਾਂਚ ਤੋਂ ਬਾਅਦ ਚਾਲਕ ਨੂੰ ਬਿਨਾਂ ਧਿਆਨ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਟਰੈਫਿਕ ਚਲਾਨ ਜਾਰੀ ਕੀਤਾ ਗਿਆ ਹੈ ਅਤੇ ਉਸ ਦਾ ਵਾਹਨ ਸੱਤ ਦਿਨਾਂ ਲਈ ਜ਼ਬਤ ਕਰ ਲਿਆ ਗਿਆ ਹੈ। ਐਬਟਸਫੋਰਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਯੂਥ ਸਕੁਐਡ ਦੇ ਅਧਿਕਾਰੀ ਸਕੂਲਾਂ ਵਿੱਚ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨਾਲ ਸਕਾਰਾਤਮਕ ਸਬੰਧ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੁਲਿਸ ਵਿਭਾਗ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਕੂਲਾਂ ਦੇ ਆਲੇ-ਦੁਆਲੇ ਖ਼ਤਰਨਾਕ ਡਰਾਈਵਿੰਗ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਕੂਲ ਵਿਦਿਆਰਥੀਆਂ ਦੇ ਸਿੱਖਣ ਅਤੇ ਵਿਕਾਸ ਲਈ ਸੁਰੱਖਿਅਤ ਸਥਾਨ ਹੋਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ, ਸਟਾਫ਼ ਅਤੇ ਸਮਾਜ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ। This report was written by Ekjot Singh as part of the Local Journalism Initiative.
ਐਬਟਸਫੋਰਡ ਸਕੂਲ ਦੀ ਪਾਰਕਿੰਗ ਵਿੱਚ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲੇ ਵਿਦਿਆਰਥੀ ਦਾ ਵਾਹਨ ਜ਼ਬਤ

