ਚੋਣ ਕਮਿਸ਼ਨ ਵੱਲੋਂ ਡਾਕ ਬੈਲਟ ਦੀ ਮਿਆਦ ਦੋ ਹਫ਼ਤੇ ਪਹਿਲਾਂ ਬੰਦ ਕਰਨ ਦਾ ਫੈਸਲਾ, ਭਾਰੀ ਮੰਗ ਬਣੀ ਕਾਰਨ
ਵੈਨਕੂਵਰ (ਏਕਜੋਤ ਸਿੰਘ): ਅਲਬਰਟਾ ਵਿੱਚ 19 ਅਕਤੂਬਰ ਨੂੰ ਹੋਣ ਵਾਲੇ ਇਤਿਹਾਸਕ ਰੈਫਰੈਂਡਮ ਵਿੱਚ ਡਾਕ ਰਾਹੀਂ ਵੋਟ ਪਾਉਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ 610,000 ਤੋਂ ਵੱਧ ਲੋਕ ਵਿਸ਼ੇਸ਼ ਮੇਲ-ਇਨ ਬੈਲਟ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਜੋ ਕਿ ਸਾਲ 2023 ਦੀਆਂ ਆਮ ਚੋਣਾਂ ਦੌਰਾਨ ਮੰਗੇ ਗਏ 60,000 ਬੈਲਟਾਂ ਦੇ ਮੁਕਾਬਲੇ ਦਸ ਗੁਣਾ ਵੱਧ ਹੈ। ਹਾਲਾਂਕਿ, ਇਸ ਪ੍ਰਕਿਰਿਆ ਲਈ ਅਰਜ਼ੀ ਦੇਣ ਦੀ ਮਿਆਦ ਸ਼ੁੱਕਰਵਾਰ, 25 ਸਤੰਬਰ ਅੱਧੀ ਰਾਤ ਨੂੰ ਸਮਾਪਤ ਹੋ ਰਹੀ ਹੈ।
ਲੋਕਾਂ ਦੀ ਬੇਮਿਸਾਲ ਦਿਲਚਸਪੀ ਕਾਰਨ ਇਲੈਕਸ਼ਨਜ਼ ਅਲਬਰਟਾ ਨੇ ਬੈਲਟ ਅਪਲਾਈ ਕਰਨ ਦੀ ਅੰਤਿਮ ਮਿਤੀ ਪਹਿਲਾਂ ਨਿਰਧਾਰਤ 9 ਅਕਤੂਬਰ ਤੋਂ ਘਟਾ ਕੇ 25 ਸਤੰਬਰ ਕਰ ਦਿੱਤੀ ਸੀ। ਡਿਪਟੀ ਚੀਫ਼ ਇਲੈਕਟੋਰਲ ਅਫ਼ਸਰ ਡੱਲਾਸ ਸਟੋਜ਼ ਅਨੁਸਾਰ 10 ਸਵਾਲਾਂ ਵਾਲੇ ਇਸ ਰੈਫਰੈਂਡਮ ਲਈ ਲੱਖਾਂ ਬੈਲਟ ਪੇਪਰਾਂ ਦੀ ਛਪਾਈ, ਛਾਂਟੀ ਅਤੇ ਡਾਕ ਰਾਹੀਂ ਸਮੇਂ ਸਿਰ ਭੇਜਣ ਦੇ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਥੈਂਕਸਗਿਵਿੰਗ ਦੇ ਲੰਬੇ ਵੀਕੈਂਡ ਦੌਰਾਨ ਡਾਕ ਸੇਵਾਵਾਂ ਵਿੱਚ ਆਉਣ ਵਾਲੀਆਂ ਸੰਭਾਵੀ ਰੁਕਾਵਟਾਂ ਤੋਂ ਬਚਣ ਲਈ ਵੀ ਤਾਰੀਖ਼ ਪਹਿਲਾਂ ਕੀਤੀ ਗਈ ਹੈ।
ਵੋਟਰਾਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਮੁਕੰਮਲ ਕੀਤੇ ਗਏ ਬੈਲਟ 16 ਅਕਤੂਬਰ ਸ਼ਾਮ 5 ਵਜੇ ਤੱਕ ਚੋਣ ਦਫ਼ਤਰ ਪਹੁੰਚ ਜਾਣ ਤਾਂ ਜੋ ਉਨ੍ਹਾਂ ਦੀ ਗਿਣਤੀ ਕੀਤੀ ਜਾ ਸਕੇ। ਡਾਕ ਰਾਹੀਂ ਵੋਟਿੰਗ ਲਈ ਵੋਟਰਾਂ ਨੂੰ ਸਰਕਾਰੀ ਪਛਾਣ ਪੱਤਰ ਦੀ ਫੋਟੋ ਕਾਪੀ ਨਾਲ ਨੱਥੀ ਕਰਨੀ ਲਾਜ਼ਮੀ ਹੋਵੇਗੀ। ਵੋਟਰ ਬੈਲਟ ਆਪਣੇ ਘਰ ਦੇ ਪਤੇ ‘ਤੇ ਮੰਗਵਾ ਸਕਦੇ ਹਨ, ਕਿਸੇ ਬਦਲਵੇਂ ਪਤੇ ‘ਤੇ ਲੈ ਸਕਦੇ ਹਨ ਜਾਂ ਮੁੱਖ ਦਫ਼ਤਰ ਤੋਂ ਖ਼ੁਦ ਪ੍ਰਾਪਤ ਕਰ ਸਕਦੇ ਹਨ।
ਸੀਨੀਅਰ ਹੋਮਜ਼, ਲਾਂਗ-ਟਰਮ ਕੇਅਰ ਜਾਂ ਵਿਦਿਆਰਥੀ ਹੋਸਟਲਾਂ ਵਿੱਚ ਰਹਿਣ ਵਾਲੇ ਵੋਟਰਾਂ ਲਈ ਤਸਦੀਕੀ ਫਾਰਮ ਦੀ ਸਹੂਲਤ ਵੀ ਦਿੱਤੀ ਗਈ ਹੈ। ਅਗਾਊਂ ਵੋਟਿੰਗ 13 ਤੋਂ 17 ਅਕਤੂਬਰ ਦਰਮਿਆਨ ਹੋਵੇਗੀ, ਜਦਕਿ ਮੁੱਖ ਵੋਟਿੰਗ 19 ਅਕਤੂਬਰ ਨੂੰ ਹੋਣੀ ਤੈਅ ਹੈ। This report was written by Ekjot Singh as part of the Local Journalism Initiative.
ਅਲਬਰਟਾ ਰੈਫਰੈਂਡਮ: ਡਾਕ ਰਾਹੀਂ ਵੋਟ ਪਾਉਣ ਲਈ 6 ਲੱਖ ਤੋਂ ਵੱਧ ਅਰਜ਼ੀਆਂ, ਸਮਾਂ-ਸੀਮਾ ਸ਼ੁੱਕਰਵਾਰ ਤੱਕ

