12.6 C
Vancouver
Tuesday, October 6, 2026

ਅਮਰੀਕਾ ਤੋਂ ਸਿਹਤ ਕਾਮਿਆਂ ਦੀ ਭਰਤੀ ਮੁਹਿੰਮ ਤੇਜ਼ ਕਰੇਗੀ ਐਨ.ਡੀ.ਪੀ. : ਡੇਵਿਡ ਈਬੀ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬੀਸੀ ਐਨਡੀਪੀ ਆਗੂ ਡੇਵਿਡ ਈਬੀ ਨੇ ਅਮਰੀਕਾ ਤੋਂ ਸਿਹਤ ਕਾਮਿਆਂ ਨੂੰ ਲਿਆਉਣ ਦੀ ਮੁਹਿੰਮ ਨੂੰ ਤਿੰਨ ਗੁਣਾ ਤੇਜ਼ ਕਰਨ ਦਾ ਅਹਿਦ ਲਿਆ ਹੈ। ਇਸ ਮੁਹਿੰਮ ਤਹਿਤ ਹੁਣ ਤੱਕ 800 ਤੋਂ ਵੱਧ ਅਮਰੀਕੀ ਸਿਹਤ ਪੇਸ਼ੇਵਰ ਬ੍ਰਿਟਿਸ਼ ਕੋਲੰਬੀਆ ਵਿੱਚ ਨੌਕਰੀਆਂ ਸਵੀਕਾਰ ਕਰ ਚੁੱਕੇ ਹਨ। ਈਬੀ ਨੇ ਕਿਹਾ ਕਿ ਅਮਰੀਕੀ ਡਾਕਟਰ ਅਤੇ ਨਰਸਾਂ ਇੱਥੋਂ ਦੇ ਜਨਤਕ ਸਿਹਤ ਢਾਂਚੇ ਅਤੇ ਕਦਰਾਂ-ਕੀਮਤਾਂ ਕਾਰਨ ਇੱਥੇ ਆਉਣਾ ਪਸੰਦ ਕਰ ਰਹੇ ਹਨ, ਜਿੱਥੇ ਮੁਨਾਫ਼ੇ ਦੀ ਥਾਂ ਮਰੀਜ਼ਾਂ ਦੀ ਭਲਾਈ ਨੂੰ ਪਹਿਲ ਦਿੱਤੀ ਜਾਂਦੀ ਹੈ। ਡੇਵਿਡ ਈਬੀ ਨੇ ਵਿਰੋਧੀ ਕੰਜ਼ਰਵੇਟਿਵ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਸਿਹਤ ਸੇਵਾਵਾਂ ਵਿੱਚ ਭਾਰੀ ਕਟੌਤੀਆਂ ਕਰਨਗੇ, ਜਿਸ ਨਾਲ ਕੈਨੇਡਾ ਵਿੱਚ ਅਮਰੀਕੀ ਤਰਜ਼ ਵਾਲੀ ਨਿੱਜੀ ਸਿਹਤ ਪ੍ਰਣਾਲੀ ਦੇ ਰਾਹ ਖੁੱਲ੍ਹ ਜਾਣਗੇ। ਵਿਰੋਧੀ ਧਿਰ ਵੱਲੋਂ ਇਸ ਭਰਤੀ ਮੁਹਿੰਮ ਨੂੰ ਪੈਸੇ ਦੀ ਬਰਬਾਦੀ ਦੱਸਦਿਆਂ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਹੈ। ਈਬੀ ਮੁਤਾਬਕ ਨਵਾਂ ਪ੍ਰੋਗਰਾਮ ਖ਼ਾਸ ਤੌਰ ‘ਤੇ ਉਨ੍ਹਾਂ ਰਿਪਬਲਿਕਨ ਰਾਜਾਂ ‘ਤੇ ਕੇਂਦਰਿਤ ਹੋਵੇਗਾ ਜਿੱਥੇ ਔਰਤਾਂ ਦੇ ਪ੍ਰਜਨਨ ਅਧਿਕਾਰਾਂ ਅਤੇ ਜੀਵਨ-ਰੱਖਿਅਕ ਇਲਾਜ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਅਧੀਨ ਅਮਰੀਕਾ ਵਿੱਚ ਕੰਮ ਕਰ ਰਹੇ ਕੈਨੇਡੀਅਨ ਸਿਹਤ ਪੇਸ਼ੇਵਰਾਂ ਨੂੰ ਵੀ ਵਾਪਸ ਆਪਣੇ ਦੇਸ਼ ਲਿਆਉਣ ਲਈ ਕਰਜ਼ਾ ਮੁਆਫ਼ੀ ਅਤੇ ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਸਹਾਇਤਾ ਵਰਗੀਆਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਭਰਤੀ ਟੀਮਾਂ ਕੈਂਸਰ ਦੇ ਇਲਾਜ, ਐਮਰਜੈਂਸੀ ਵਿਭਾਗਾਂ ਅਤੇ ਪੇਂਡੂ ਖੇਤਰਾਂ ਵਿੱਚ ਲੋੜੀਂਦੇ ਅਮਲੇ ਦੀ ਪੂਰਤੀ ਨੂੰ ਪਹਿਲ ਦੇਣਗੀਆਂ। ਹੈਲਥ ਮੈਚ ਬੀਸੀ ਰਾਹੀਂ ਨਵੇਂ ਆਉਣ ਵਾਲੇ ਕਾਮਿਆਂ ਨੂੰ ਸਥਾਨਕ ਭਾਈਚਾਰਿਆਂ ਵਿੱਚ ਵਸਣ ਲਈ ਮੁਫ਼ਤ ਪ੍ਰਕਿਰਿਆ ਅਤੇ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਮਰੀਜ਼ਾਂ ਦੀਆਂ ਲੰਮੀਆਂ ਉਡੀਕ ਸੂਚੀਆਂ ਘਟਾਈਆਂ ਜਾ ਸਕਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ