12.6 C
Vancouver
Tuesday, October 6, 2026

52 ਸਾਲ ਤੋਂ ਕਢਾਈ ਦਾ ਕੰਮ ਕਰਦਾ ਬਲਦੇਵ ਸਿੰਘ

ਸੁਖਮੰਦਰ ਸਿੰਘ ਬਰਾੜ- ਭਗਤਾ ਭਾਈ ਕਾ +1-604-751-1113
ਮੋਗਾ ਜ਼ਿਲ੍ਹਾ ਦੀ ਹੱਦ ‘ਤੇ ਪੈਂਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੇਸਰ ਸਿੰਘ ਵਾਲਾ, ਜੋ ਕਿ ਭਗਤਾ ਭਾਈ ਕਾ ਦੇ ਬਿਲਕੁਲ ਨਜ਼ਦੀਕ ਵੱਸਿਆ ਹੋਇਆ ਹੈ ਦੇ ਜੰਮਪਲ ਸੋਹਣ ਸਿੰਘ ਜਿਸ ਨੂੰ ਸੋਹਣ ਕੇਸਰ ਵਾਲੀਆ ਕਰਕੇ ਵੀ ਜਾਣਿਆਂ ਜਾਂਦਾ ਹੈ, ਨੇ 52 ਸਾਲ ਪੁਰਾਣੇ ਇੱਕ ਛੋਟੇ ਜਿਹੇ ਅਜਿਹੇ ਕਾਰੋਬਾਰੀ ਦਾ ਜ਼ਿਕਰ ਕਰਕੇ ਉਹ ਵੇਲ਼ਾ ਯਾਦ ਕਰਵਾ ਦਿੱਤਾ ਜਿਹੜੇ ਸਮੇਂ ਮਹਿੰਗਾਈ ਦੁਨੀਆਂ ਦੇ ਪੈਰਾਂ ਵਿੱਚ ਰੁਲਦੀ ਹੁੰਦੀ ਸੀ ਅਤੇ ਅੱਜ ਉਹੀ ਮਹਿੰਗਾਈ ਸਿਰ ‘ਤੇ ਭਾਰੀ ਪਈ ਹੋਈ ਹੈ।
ਸੋਹਣ ਕੇਸਰ ਵਾਲੀਆ ਨੇ ਜ਼ਿਕਰ ਕੀਤਾ ਹੈ ਇੱਕ ਕਢਾਈ ਮਾਸਟਰ ਦਾ, ਜਿਸ ਦਾ ਨਾਂ ਹੈ ਬਲਦੇਵ ਸਿੰਘ ਜਿਸ ਨੂੰ ਲੋਕ ਬਲਦੇਵ ਕਢਾਈ ਵਾਲਾ ਕਰਕੇ ਵੀ ਜਾਣਦੇ ਹਨ।
ਸੋਹਣ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਕੇਸਰ ਸਿੰਘ ਵਾਲਾ ਤੋਂ ਭਗਤਾ ਭਾਈ ਕਾ ਵਿਖੇ ਸਰਕਾਰੀ ਹਾਈ ਸਕੂਲ ਦੀ 9ਵੀਂ ਜਮਾਤ ‘ਚ ਪੜ੍ਹਣ ਆਇਆ ਕਰਦਾ ਸੀ ਤਾਂ ਉਨ੍ਹਾਂ ਦਿਨਾਂ ‘ਚ ਜਦੋਂ ਕਦੇ ਲੋੜਵੰਦ ਵਸਤਾਂ ਲੈਣ ਭਗਤੇ ਦੇ ਬਜ਼ਾਰ ‘ਚ ਜਾਣਾ ਤਾਂ ਬਲਦੇਵ ਸਿੰਘ ਨਾਂ ਦੇ ਇੱਕ ਕਢਾਈ ਮਾਸਟਰ ਨੂੰ ਚੁੰਨੀਆਂ ਦੀਆਂ ਪੀਕੋ, ਪੱਗਾਂ ‘ਚ ਸਿਉਣ ਅਤੇ ਹੋਰ ਫੁੱਲ ਬੂਟੀਆਂ ਦੀ ਕਢਾਈ ਕਰਦੇ ਵੇਖਣਾ। ਸਾਲਾਂ ਬੱਧੀ ਇਹ ਬਲਦੇਵ ਸਿੰਘ ਕਢਾਈ ਮਾਸਟਰ ਇੱਕੋ ਜਗ੍ਹਾ ਹੀ ਆਪਣਾ ਅੱਡਾ ਜਮਾ ਕੇ ਆਪਣਾ ਕਾਰੋਬਾਰ ਕਰਦਾ ਆ ਰਿਹਾ ਹੈ।
ਕੇਸਰ ਵਾਲੀਆ ਨੇ ਦੱਸਿਆ ਕਿ ਸਮੇਂ ਸਮੇਂ ਮੁਤਾਬਕ ਸੜਕ ਵੀ ਕਈ ਵਾਰ ਉੱਚੀ ਹੋਈ, ਦੁਕਾਨਾਂ ਵੀ ਢਾਹ ਕੇ ਉੱਚੀਆਂ ਹੋਈਆਂ, ਸੜਕ ਚੌੜੀ ਵੀ ਹੋਈ ਪਰ ਉਨ੍ਹਾਂ ਨੇ ਬਲਦੇਵ ਸਿੰਘ ਨੂੰ ਇੱਥੇ ਇਸੇ ਟਿਕਾਣੇ ਤੇ ਬੈਠਿਆਂ ਵੇਖਣਾ। ਸਾਲਾਂ ਬੱਧੀ ਸਮੇਂ ਬਾਅਦ ਅੱਜ ਵੀ ਉਹ ਆਪਣੇ ਓਸੇ ਟਿਕਾਣੇ ‘ਤੇ ਹੀ ਬੈਠਾ ਹੈ ਜਿਵੇਂ ਦਿਨ ਰਾਤ ਇੱਥੇ ਈ ਬੈਠਾ ਰਹਿੰਦਾ ਹੋਵੇ।
ਸੋਹਣ ਸਿੰਘ ਨੇ ਅੱਗੇ ਦੱਸਿਆ ਇੱਕ ਦਿਨ ਉਹ ਆਪਣੇ ਬੇਟੇ ਦੀ ਪੱਗ ਦੇ ਸਿਉਣ ਪਵਾਉਣ ਲਈ ਬਲਦੇਵ ਸਿੰਘ ਕੋਲ ਚਲਾ ਗਿਆ ਤਾਂ ਘਰ ਪਰਿਵਾਰ ਬਾਰੇ ਗੱਲਾਂ ਹੋਈਆਂ, ਜਿੰਦਗੀ ਭਰ ਨਾ ਸੁਲਝਣ ਵਾਲੀਆਂ ਸਮੱਸਿਆਵਾਂ ਦਾ ਜ਼ਿਕਰ ਹੋਇਆ ਉਸ ਸਮੇਂ ਅਤੇ ਹੁਣ ਦੇ ਸਮੇਂ ਦੇ ਨਿਚੋੜ ਕੱਢੇ, ਆਮਦਨ ਬਾਰੇ ਪੁਰਾਣੇ ਅਤੇ ਨਵੇਂ ਸਮੇਂ ਦੀਆਂ ਗੱਲਾਂ ਹੋਈਆਂ। ਘਰ ਆ ਕੇ ਉਸ ਨੇ ਆਪਣੇ ਬੱਚਿਆਂ ਨਾਲ ਵੀ ਗੱਲ ਕੀਤੀ ਅਤੇ ਬਲਦੇਵ ਸਿੰਘ ਬਾਰੇ ਦੱਸਿਆ ਤਾਂ ਬੇਟੀ ਕਹਿੰਦੀ ਮੈਂ ਚੁੰਨੀਆਂ ਪੀਕੋ ਕਰਵਾਉਣੀਆਂ ਤਾਂ ਸੋਹਣ ਸਿੰਘ ਨੇ ਕਿਹਾ ਕਿ ਤੂੰ ਵੀ ਆਪਣੇ ਬਲਦੇਵ ਅੰਕਲ ਕੋਲੋਂ ਹੀ ਕਰਵਾ ਲਿਆ ਨਾਲੇ ਉਸ ਮਦਦ ਹੋ ਜਾਊ।
ਸੋਹਣ ਸਿੰਘ ਨਾਲ ਗੱਲਾਂ ਕਰਦਿਆਂ ਬਲਦੇਵ ਸਿੰਘ ਨੇ ਦੱਸਿਆ ਉਹ 52 ਸਾਲ ਤੋਂ ਇੱਕੋ ਟਿਕਾਣੇ ‘ਤੇ ਕੰਮ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਕਦੇ ਸੂਟਾਂ ਦੀ ਕਢਾਈ ਦਾ ਕੰਮ ਬਹੁਤ ਹੁੰਦਾ ਸੀ ਮਸ਼ੀਨ ਦਿਨ ਰਾਤ ਚਲਦੀ ਰਹਿੰਦੀ ਸੀ। ਕਈ ਵਾਰ ਜ਼ਿਆਦਾ ਕੰਮ ਹੋਣ ਕਰਕੇ ਗਾਹਕ ਨੂੰ ਸਮੇਂ ਸਿਰ ਕੰਮ ਨਾ ਦਿੱਤਾ ਜਾਣਾ, ਪਰ ਹੁਣ ਕੰਮ ਕੰਪਿਊਟਰੀ ਕਰਨ ਹੋਣ ਕਰਕੇ ਕੰਮ ਨਾਂਹ ਬਰਾਬਰ ਹੀ ਰਹਿ ਗਿਆ ਹੈ। ਬੱਸ ਪੱਗਾਂ ਦੀਆਂ ਸਿਉਣਾਂ ,ਚੁੰਨੀਆਂ ਪੀਕੋ ਅਤੇ ਕਦੇ ਕਦਾਈਂ ਕੋਈ ਰਫੂ ਜਾਂ ਉਧੜੀ ਸਿਉਂਣ ਮਰਵਾਉਣ ਦਾ ਕੰਮ ਹੀ ਰਹਿ ਗਿਆ ਹੈ। ਉਮਰ ਦੇ 7 ਦਹਾਕੇ ਹੰਢਾ ਕੇ ਵੀ ਬਲਦੇਵ ਸਿੰਘ ਸ਼ਾਂਤ ਚਿੱਤ ਆਪਣੇ ਜੱਦੀ ਕੰਮ ‘ਚ ਲੱਗਿਆ ਉਸੇ ਟਿਕਾਣੇ ‘ਤੇ ਹੀ ਬੈਠਾ ਕੰਮ ਕਰਦਾ ਰਹਿੰਦਾ ਹੈ।
ਨਵੀਂ ਪੀੜ੍ਹੀ ਨੂੰ ਗੁਜ਼ਾਰਿਸ਼ ਹੈ ਕਿ ਇਸ ਦੇ ਕੰਮ ਨਾਲ ਸੰਬੰਧਤ ਕੋਈ ਥੋੜ੍ਹਾ ਬਹੁਤਾ ਕੰਮ ਬਲਦੇਵ ਸਿੰਘ ਕੋਲ਼ੋਂ ਜਰੂਰ ਕਰਵਾਉਣ ਤਾਂ ਕਿ ਉਸਦੀ ਲੋੜ ਨੂੰ ਹੁੰਗਾਰਾ ਮਿਲ ਸਕੇ ਅਤੇ ਇਸੇ ਬਹਾਨੇ ਉਸ ਦੀ ਬੁਢਾਪੇ ‘ਚ ਮੱਦਦ ਵੀ ਹੋ ਜਾਵੇ ਜਿਸ ਨੇ ਆਪਣੀਆਂ ਮਾਤਾਵਾਂ, ਭੂਆ, ਦਾਦੀਆਂ, ਪੜਦਾਦੀਆਂ ਦੇ ਸੂਟ ਤੇ ਮੋਰ ਘੁੱਗੀਆਂ ਗਟਾਰਾਂ ਅਤੇ ਫੁੱਲ ਬੂਟੀਆਂ ਪਾਈਆਂ ਸਨ।

ਰੁਝਾਨ ਖਬਰਾਂ