14.1 C
Vancouver
Friday, October 9, 2026

ਸਰੀ-ਲੈਂਗਲੀ ਸਕਾਈਟ੍ਰੇਨ ਐਕਸਟੈਂਸ਼ਨ ਦਾ ਨਾਮ ਸਾਬਕਾ ਪ੍ਰੀਮੀਅਰ ਡੇਵ ਬੈਰੇਟ ਦੇ ਨਾਮ ’ਤੇ ਰੱਖਿਆ ਗਿਆ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਦੇ ਸਾਬਕਾ ਪ੍ਰੀਮੀਅਰ ਡੇਵ ਬੈਰੇਟ ਦੀ ਜਨਤਕ ਸੇਵਾ ਅਤੇ ਇਤਿਹਾਸਕ ਯੋਗਦਾਨ ਨੂੰ ਸਨਮਾਨ ਦਿੰਦਿਆਂ ਸਰੀ-ਲੈਂਗਲੀ ਸਕਾਈਟ੍ਰੇਨ ਪ੍ਰੋਜੈਕਟ ਦਾ ਨਾਮ ‘ਡੇਵ ਬੈਰੇਟ ਐਕਸਟੈਂਸ਼ਨ’ ਰੱਖਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਰਾਹੀਂ ਉਨ੍ਹਾਂ ਵੱਲੋਂ ਆਮ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਨੂੰ ਯਾਦ ਕੀਤਾ ਗਿਆ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਆਖਿਆ ਕਿ ਡੇਵ ਬੈਰੇਟ ਨੇ ਸਾਰੀ ਉਮਰ ਕਿਰਤੀ ਪਰਿਵਾਰਾਂ ਦੇ ਹੱਕਾਂ ਲਈ ਸੰਘਰਸ਼ ਕੀਤਾ ਅਤੇ ਅੱਜ 50 ਸਾਲਾਂ ਬਾਅਦ ਵੀ ਉਨ੍ਹਾਂ ਦੀਆਂ ਨੀਤੀਆਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਇਹ 16 ਕਿਲੋਮੀਟਰ ਲੰਬੀ ਰੈਪਿਡ ਟਰਾਂਜ਼ਿਟ ਲਾਈਨ ਕਿੰਗ ਜਾਰਜ ਸਟੇਸ਼ਨ ਤੋਂ ਲੈ ਕੇ ਲੈਂਗਲੀ ਸਿਟੀ ਸੈਂਟਰ ਤੱਕ ਬਣਾਈ ਜਾ ਰਹੀ ਹੈ, ਜਿਸ ਵਿੱਚ 8 ਨਵੇਂ ਸਟੇਸ਼ਨ ਸ਼ਾਮਲ ਹੋਣਗੇ। ਬੀ.ਸੀ. ਦੇ ਇਤਿਹਾਸ ਦੇ ਸਭ ਤੋਂ ਵੱਡੇ ਆਵਾਜਾਈ ਵਿਸਥਾਰ ਪ੍ਰੋਜੈਕਟਾਂ ਵਿੱਚੋਂ ਇੱਕ ਇਹ ਲਾਈਨ ਫਰੇਜ਼ਰ ਦਰਿਆ ਦੇ ਦੱਖਣ ਵਿੱਚ ਵਸੇ ਇਲਾਕਿਆਂ ਨੂੰ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਨਾਲ ਜੋੜੇਗੀ। ਟਰਾਂਸਪੋਰਟ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਕਿ 1970 ਦੇ ਦਹਾਕੇ ਵਿੱਚ ਬੈਰੇਟ ਸਰਕਾਰ ਨੇ ਸਰੀ, ਡੈਲਟਾ, ਵ੍ਹਾਈਟ ਰੌਕ ਅਤੇ ਲੈਂਗਲੀ ਵਿੱਚ ਬੱਸ ਸੇਵਾਵਾਂ ਦਾ ਵਿਸਥਾਰ ਕੀਤਾ ਸੀ ਅਤੇ ਇਹ ਨਵੀਂ ਸਕਾਈਟ੍ਰੇਨ ਲਾਈਨ ਉਸੇ ਸੋਚ ਨੂੰ ਅੱਗੇ ਵਧਾਉਂਦੀ ਹੈ। ਫੈਡਰਲ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਮੰਤਰੀ ਗ੍ਰੇਗਰ ਰੌਬਰਟਸਨ ਨੇ ਕਿਹਾ ਕਿ ਇਹ ਐਕਸਟੈਂਸ਼ਨ ਖੇਤਰੀ ਸੰਪਰਕ ਵਿੱਚ ਕ੍ਰਾਂਤੀ ਲਿਆਵੇਗੀ। ਸਰੀ-ਗਿਲਡਫੋਰਡ ਦੇ ਵਿਧਾਇਕ ਗੈਰੀ ਬੇਗ ਨੇ ਦੱਸਿਆ ਕਿ ਇਹ ਪ੍ਰੋਜੈਕਟ ਸਾਲ 2029 ਵਿੱਚ ਚਾਲੂ ਹੋਣ ਲਈ ਤਿਆਰ ਹੈ। ਡੇਵ ਬੈਰੇਟ ਦੀ ਪਤਨੀ ਸ਼ਰਲੀ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਵ ਨੂੰ ਇਹ ਜਾਣ ਕੇ ਬਹੁਤ ਮਾਣ ਹੁੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਕੰਮ ’ਤੇ ਜਾਂ ਸਕੂਲ ਜਾਣ ਲਈ ਇਸ ਟ੍ਰੇਨ ਦੀ ਵਰਤੋਂ ਕਰਨਗੀਆਂ। ਡੇਵ ਬੈਰੇਟ ਨੇ 1972 ਤੋਂ 1975 ਤੱਕ ਬੀ.ਸੀ. ਦੇ 26ਵੇਂ ਪ੍ਰੀਮੀਅਰ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਦੀ ਸਰਕਾਰ ਨੇ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ (ICBC), ਐਗਰੀਕਲਚਰਲ ਲੈਂਡ ਰਿਜ਼ਰਵ (ALR), ਫਾਰਮਾਕੇਅਰ ਪ੍ਰੋਗਰਾਮ ਅਤੇ ਸੀ-ਬੱਸ ਸੇਵਾਵਾਂ ਵਰਗੇ ਇਤਿਹਾਸਕ ਅਦਾਰੇ ਕਾਇਮ ਕੀਤੇ ਸਨ। ਫਰੇਜ਼ਰ ਹਾਈਵੇਅ ’ਤੇ ਚੱਲ ਰਹੇ ਇਸ ਪ੍ਰੋਜੈਕਟ ਦਾ ਗਾਈਡਵੇਅ ਲਗਾਉਣ ਦਾ ਕੰਮ 60% ਤੋਂ ਵੱਧ ਪੂਰਾ ਹੋ ਚੁੱਕਾ ਹੈ ਅਤੇ ਸਥਾਨਕ ਫਸਟ ਨੇਸ਼ਨਜ਼ ਭਾਈਚਾਰਿਆਂ ਦੀ ਭਾਈਵਾਲੀ ਨਾਲ ਕੰਮ ਅੱਗੇ ਵਧ ਰਿਹਾ ਹੈ।

ਰੁਝਾਨ ਖਬਰਾਂ