ਟਰਾਂਸਪੋਰਟ ਕੈਨੇਡਾ ਕਰੇਗਾ ਜਾਂਚ, ਮਾਲਕ ਨੇ ਤੈਰਦੇ ਘਰ ਨੂੰ ਦੱਸਿਆ ਸੁਰੱਖਿਅਤ ਪ੍ਰੋਟੋਟਾਈਪ
ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਨਿਕੋਮੇਕਲ ਨਦੀ ਦੇ ਪਾਣੀਆਂ ਵਿੱਚ ਇੱਕ ਅਨੋਖਾ ਤੈਰਦਾ ਘਰ ਉਤਾਰੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਵਿੱਚ ਚਰਚਾ ਛਿੜ ਗਈ ਹੈ। ਇਸ ਵਿਵਾਦਤ ਕਾਢ ਦੇ ਮਾਲਕ ਐਮੀਲੀਓ ਗਿਲਪੋ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਅਖੌਤੀ ‘ਹਿਲਬਿਲੀ ਹਾਊਸਬੋਟ’ ਦਰਅਸਲ ਇੱਕ ਪ੍ਰੋਟੋਟਾਈਪ ਹੈ, ਜਿਸ ਦੀ ਉਹ ਪੋਰਟੇਜ ਪਾਰਕ ਨੇੜੇ ਨਦੀ ਵਿੱਚ ਪਰਖ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਤਜਰਬੇ ਰਾਹੀਂ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਇਹ ਵਿਚਾਰ ਪੂਰੀ ਤਰ੍ਹਾਂ ਵਿਹਾਰਕ ਹੈ।
ਇਹ ਅਜੀਬੋ-ਗਰੀਬ ਹਾਊਸਬੋਟ ਅਸਲ ਵਿੱਚ ਇੱਕ ਆਮ ਕੈਂਪਰ ਟ੍ਰੇਲਰ ਹੈ, ਜਿਸ ਨੂੰ 36 ਗੋਲ ਕੰਟੇਨਰਾਂ ਅਤੇ ਸਟੀਲ ਦੇ ਮਜ਼ਬੂਤ ਬੀਮਾਂ ਨਾਲ ਬਣਾਏ ਗਏ ਇੱਕ ਆਰਜ਼ੀ ਬੇੜੇ ਦੇ ਉੱਪਰ ਫਿੱਟ ਕੀਤਾ ਗਿਆ ਹੈ। ਆਸ-ਪਾਸ ਦੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਤੈਰਦੇ ਢਾਂਚੇ ਨੂੰ ਜ਼ਮੀਨ ‘ਤੇ ਜੋੜਦੇ ਦੇਖਿਆ ਅਤੇ ਫਿਰ ਇੱਕ ਵੱਡੀ ਕਰੇਨ ਦੀ ਮਦਦ ਨਾਲ ਇਸ ਨੂੰ ਨਦੀ ਦੇ ਪਾਣੀ ਵਿੱਚ ਉਤਾਰਿਆ ਗਿਆ। ਮਾਲਕ ਦਾ ਦਾਅਵਾ ਹੈ ਕਿ ਇਸ ਨੂੰ ਮਨੋਰੰਜਨ ਵਾਹਨ ਜਾਂ ਰਿਹਾਇਸ਼ੀ ਹਾਊਸਬੋਟ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦਾ ਸੁਧਾਰਿਆ ਰੂਪ ਅਰਥਚਾਰੇ ਲਈ ਵੀ ਲਾਹੇਵੰਦ ਹੋ ਸਕਦਾ ਹੈ। ਸਰੀ ਸਿਟੀ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਇਸ ਕਿਸ਼ਤੀ ਦੇ ਮਾਲਕ ਨੂੰ ਚਿਤਾਵਨੀ ਜਾਰੀ ਕੀਤੀ ਸੀ। ਜਦੋਂ ਇਹ ਟ੍ਰੇਲਰ ਨਗਰ ਨਿਗਮ ਦੀ ਜ਼ਮੀਨ ‘ਤੇ ਖੜ੍ਹਾ ਸੀ, ਤਾਂ ਉਸ ਸਮੇਂ ਇੱਕ ਪਾਰਕਿੰਗ ਟਿਕਟ ਵੀ ਜਾਰੀ ਕੀਤੀ ਗਈ ਸੀ, ਜੋ ਹਾਲੇ ਵੀ ਟ੍ਰੇਲਰ ਦੇ ਬਾਹਰ ਲੱਗੀ ਹੋਈ ਦਿਖਾਈ ਦੇ ਰਹੀ ਹੈ। ਹਾਲਾਂਕਿ, ਹੁਣ ਇਹ ਢਾਂਚਾ ਪਾਣੀ ਵਿੱਚ ਉਤਾਰ ਦਿੱਤਾ ਗਿਆ ਹੈ, ਜਿਸ ਕਾਰਨ ਇਹ ਮਾਮਲਾ ਸਿੱਧੇ ਤੌਰ ‘ਤੇ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਆ ਗਿਆ ਹੈ। ਫੈਡਰਲ ਟਰਾਂਸਪੋਰਟ ਵਿਭਾਗ (ਟਰਾਂਸਪੋਰਟ ਕੈਨੇਡਾ) ਨੇ ਸਥਿਤੀ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਉਹ ਇਸ ਜਲ ਵਾਹਨ ਦੇ ਸੁਰੱਖਿਆ ਅਤੇ ਵਾਤਾਵਰਣ ਸੰਬੰਧੀ ਮਾਪਦੰਡਾਂ ਦੀ ਜਾਂਚ ਕਰਨ ਲਈ ਗਿਲਪੋ ਨਾਲ ਰਾਬਤਾ ਕਾਇਮ ਕਰਨਗੇ। ਅਧਿਕਾਰੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਇਹ ਜਲ ਮਾਰਗਾਂ ਵਿੱਚ ਆਵਾਜਾਈ ਜਾਂ ਵਾਤਾਵਰਣ ਲਈ ਕੋਈ ਖ਼ਤਰਾ ਪੈਦਾ ਨਾ ਕਰੇ। ਗਿਲਪੋ ਨੇ ਸਾਰੇ ਖਦਸ਼ਿਆਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇਸ ਪ੍ਰੋਟੋਟਾਈਪ ਵਿੱਚ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। This report was written by Ekjot Singh as part of the Local Journalism Initiative.
ਸਰੀ ਦੀ ਨਿਕੋਮੇਕਲ ਨਦੀ ਵਿੱਚ ਤੈਰਦਾ ਅਨੋਖਾ ਘਰ ਬਣਿਆ ਚਰਚਾ ਦਾ ਵਿਸ਼ਾ

