ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਜਨਰਲ ਹਸਪਤਾਲ ਨੇ ਮਰੀਜ਼ਾਂ ਦੇ ਪੁਨਰਵਾਸ ਅਤੇ ਇਲਾਜ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਸੁਧਾਰ ਕਰਦਿਆਂ ਮਰੀਜ਼ਾਂ ਦੀ ਲੋੜ ਅਨੁਸਾਰ ਤਿਆਰ ਕੀਤੇ ਜਾਣ ਵਾਲੇ ਮੈਡੀਕਲ ਸਪਲਿੰਟਾਂ ਲਈ 3D-ਪ੍ਰਿੰਟਿੰਗ ਤਕਨੀਕ ਸ਼ੁਰੂ ਕੀਤੀ ਹੈ। ਇਸ ਨਵੀਂ ਪ੍ਰਣਾਲੀ ਦੇ ਸ਼ੁਰੂ ਹੋਣ ਨਾਲ ਵੈਨਕੂਵਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ, ਸਟੀਕ ਅਤੇ ਤੇਜ਼ ਮੁੜ-ਵਸੇਬਾ ਦੇਖਭਾਲ ਮਿਲੇਗੀ। ਸਿਹਤ ਅਧਿਕਾਰੀਆਂ ਅਨੁਸਾਰ ਇਹ ਉੱਤਰੀ ਅਮਰੀਕਾ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ ਜੋ ਮਰੀਜ਼ਾਂ ਅਤੇ ਸਿਹਤ ਕਰਮੀਆਂ ਦੋਵਾਂ ਦਾ ਕੀਮਤੀ ਸਮਾਂ ਬਚਾ ਰਿਹਾ ਹੈ। ਸਿਹਤ ਮੰਤਰੀ ਰਵੀ ਕਾਹਲੋਂ ਨੇ ਇਸ ਪਹਿਲਕਦਮੀ ਬਾਰੇ ਗੱਲ ਕਰਦਿਆਂ ਆਖਿਆ ਕਿ ਸਰਕਾਰ ਹਰ ਨਾਗਰਿਕ ਨੂੰ ਉਸ ਦੇ ਘਰ ਦੇ ਨੇੜੇ ਸਹੀ ਸਮੇਂ ’ਤੇ ਮਿਆਰੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵੈਨਕੂਵਰ ਕੋਸਟਲ ਹੈਲਥ, ਕਿੱਤਾਮੁਖੀ ਥੈਰੇਪਿਸਟਾਂ ਅਤੇ ਕੈਨੇਡੀਅਨ ਮੈਡੀਕਲ 3D-ਪ੍ਰਿੰਟਿੰਗ ਕੰਪਨੀ ਪੌਲੀ-ਯੂਨਿਟੀ ਦੇ ਸਹਿਯੋਗ ਨਾਲ ਇਸ ਸੇਵਾ ਨੂੰ ਪੂਰੇ ਖੇਤਰ ਵਿੱਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਿਛਲੇ 50 ਸਾਲਾਂ ਤੋਂ ਹੱਥਾਂ ਦੀਆਂ ਸੱਟਾਂ ਜਾਂ ਸੜਨ ਵਾਲੇ ਮਰੀਜ਼ਾਂ ਲਈ ਰਵਾਇਤੀ ਤਰੀਕੇ ਨਾਲ ਹੱਥੀਂ ਸਪਲਿੰਟ ਬਣਾਏ ਜਾਂਦੇ ਸਨ, ਜਿਸ ਨੂੰ ਸਿੱਖਣ ਵਿੱਚ ਕਈ ਸਾਲ ਅਤੇ ਇੱਕ ਸਪਲਿੰਟ ਤਿਆਰ ਕਰਨ ਵਿੱਚ ਲਗਭਗ 2 ਘੰਟੇ ਲੱਗ ਜਾਂਦੇ ਸਨ। ਨਵੀਂ 3D ਪ੍ਰਿੰਟਿੰਗ ਤਕਨੀਕ ਨਾਲ ਡਾਕਟਰਾਂ ਦਾ ਇਹ ਕੰਮ ਮਹਿਜ਼ 30 ਮਿੰਟਾਂ ਵਿੱਚ ਪੂਰਾ ਹੋ ਜਾਂਦਾ ਹੈ। ਵੈਨਕੂਵਰ ਕੋਸਟਲ ਹੈਲਥ ਦੀ ਓਕਿਊਪੇਸ਼ਨਲ ਥੈਰੇਪੀ ਪ੍ਰੈਕਟਿਸ ਲੀਡਰ ਮਿਰੀਅਮ ਵਿਕੇਟ ਨੇ ਦੱਸਿਆ ਕਿ ਇਹ ਤਕਨੀਕ ਮਰੀਜ਼ਾਂ ਦੇ ਮੁੜ-ਸਿਹਤਯਾਬ ਹੋਣ ਦੇ ਅਮਲ ਨੂੰ ਤੇਜ਼ ਕਰੇਗੀ ਅਤੇ ਥੈਰੇਪਿਸਟਾਂ ਦਾ ਕੀਮਤੀ ਸਮਾਂ ਬਚਾਏਗੀ, ਜਿਸ ਨੂੰ ਮਰੀਜ਼ਾਂ ਦੀ ਹੋਰ ਸਾਂਭ-ਸੰਭਾਲ ਵਿੱਚ ਲਗਾਇਆ ਜਾ ਸਕੇਗਾ। ਇਸ ਨਵੀਂ ਪ੍ਰਕਿਰਿਆ ਅਧੀਨ ਥੈਰੇਪਿਸਟ ਮਰੀਜ਼ ਦੇ ਅੰਗਾਂ ਦੇ ਸਹੀ ਮਾਪ ਲੈ ਕੇ ਡਾਟਾ ਸੁਰੱਖਿਅਤ ਢੰਗ ਨਾਲ ਕੰਪਨੀ ਨੂੰ ਭੇਜਦੇ ਹਨ, ਜਿੱਥੇ ਡਿਜੀਟਲ ਡਿਜ਼ਾਈਨ ਤਿਆਰ ਕਰਕੇ ਹਸਪਤਾਲ ਵਿੱਚ ਹੀ ਮੌਕੇ ’ਤੇ ਵਿਸ਼ੇਸ਼ ਸਮੱਗਰੀ ਨਾਲ ਸਪਲਿੰਟ ਪ੍ਰਿੰਟ ਕਰ ਲਿਆ ਜਾਂਦਾ ਹੈ। ਜੇਕਰ ਮਰੀਜ਼ ਦੀ ਲੋੜ ਬਦਲਦੀ ਹੈ ਤਾਂ ਇਸ ਵਿੱਚ ਸੋਧ ਵੀ ਆਸਾਨੀ ਨਾਲ ਹੋ ਸਕਦੀ ਹੈ। ਸਿਹਤ ਪ੍ਰਸ਼ਾਸਨ ਹੁਣ ਇਸ ਸੇਵਾ ਮਾਡਲ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਉੱਥੋਂ ਦੇ ਵਸਨੀਕਾਂ ਨੂੰ ਸ਼ਹਿਰਾਂ ਵੱਲ ਨਾ ਦੌੜਨਾ ਪਵੇ। ਨਾਲ ਹੀ ਇਸ ਤਕਨੀਕ ਨੂੰ ਫਿਜ਼ੀਓਥੈਰੇਪੀ ਵਰਗੇ ਹੋਰ ਖੇਤਰਾਂ ਵਿੱਚ ਵੀ ਵਰਤਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। VGH ਅਤੇ UBC ਹਸਪਤਾਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੱਲਣ ਵਾਲੇ ਇਸ ਪ੍ਰੋਜੈਕਟ ਨਾਲ ਬ੍ਰਿਟਿਸ਼ ਕੋਲੰਬੀਆ ਭਰ ਦੇ ਮਰੀਜ਼ਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। This report was written by Ekjot Singh as part of the Local Journalism Initiative.

