12.6 C
Vancouver
Tuesday, October 6, 2026

ਬ੍ਰਿਟਿਸ਼ ਕੋਲੰਬੀਆ ਦੀ 80% ਆਬਾਦੀ ਕੋਲ ਹੁਣ ਫੈਮਿਲੀ ਡਾਕਟਰ : ਡੇਵਿਡ ਈਬੀ

ਵੈਨਕੂਵਰ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸੂਬੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਹਾਂ-ਪੱਖੀ ਸਿੱਟੇ ਸਾਹਮਣੇ ਆ ਰਹੇ ਹਨ। ਸਾਲ 2018 ਤੋਂ ਲੈ ਕੇ ਹੁਣ ਤੱਕ ਸੂਬੇ ਦੇ 10 ਲੱਖ ਲੋਕਾਂ ਨੂੰ ਇੱਕ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਾਲ ਜੋੜਿਆ ਜਾ ਚੁੱਕਾ ਹੈ। ਸਾਲ 2018 ਵਿੱਚ ਸੂਬਾ ਸਰਕਾਰ ਨੇ ਅਜਿਹੇ ਉਪਰਾਲੇ ਆਰੰਭ ਕੀਤੇ ਸਨ ਤਾਂ ਜੋ ਆਮ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਨੇੜੇ ਬਿਨਾਂ ਕਿਸੇ ਦੇਰੀ ਦੇ ਮੁੱਢਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਸਰਕਾਰੀ ਅੰਕੜਿਆਂ ਮੁਤਾਬਕ ਬੀ.ਸੀ. ਦੀ ਲਗਭਗ 80% ਆਬਾਦੀ, ਜੋ ਕਿ ਤਕਰੀਬਨ 4.47 ਮਿਲੀਅਨ ਲੋਕ ਬਣਦੇ ਹਨ, ਕੋਲ ਹੁਣ ਆਪਣਾ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਮੌਜੂਦ ਹੈ। ਪਿਛਲੇ 3 ਸਾਲਾਂ ਦੌਰਾਨ ਹੀ 700,000 ਤੋਂ ਵੱਧ ਨਾਗਰਿਕਾਂ ਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਨਾਲ ਜੋੜਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਇਸ ਉਪਲਬਧੀ ਬਾਰੇ ਗੱਲ ਕਰਦਿਆਂ ਆਖਿਆ ਕਿ ਚੰਗੀ ਸਿਹਤ ਦੀ ਬੁਨਿਆਦ ਇੱਕ ਸਮਰਪਿਤ ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮਾਹਿਰ ਤੁਹਾਡੇ ਡਾਕਟਰੀ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੁੰਦਾ ਹੈ ਤਾਂ ਉਹ ਜੀਵਨ ਭਰ ਤੁਹਾਡੀ ਸਿਹਤ ਦੀ ਸਹੀ ਦੇਖਭਾਲ ਕਰ ਸਕਦਾ ਹੈ। 10 ਲੱਖ ਲੋਕਾਂ ਨੂੰ ਇਸ ਪ੍ਰਣਾਲੀ ਨਾਲ ਜੋੜਨਾ ਇਹ ਸਾਬਤ ਕਰਦਾ ਹੈ ਕਿ ਸਰਕਾਰੀ ਯੋਜਨਾਵਾਂ ਸਹੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੰਮ ਅਜੇ ਪੂਰਾ ਨਹੀਂ ਹੋਇਆ ਅਤੇ ਸਰਕਾਰ ਓਨਾ ਚਿਰ ਯਤਨ ਜਾਰੀ ਰੱਖੇਗੀ ਜਦੋਂ ਤੱਕ ਹਰ ਉਹ ਨਾਗਰਿਕ ਜੋ ਫੈਮਿਲੀ ਡਾਕਟਰ ਚਾਹੁੰਦਾ ਹੈ, ਉਸ ਨੂੰ ਇਹ ਸੁਵਿਧਾ ਮਿਲ ਨਹੀਂ ਜਾਂਦੀ।
ਸਿਹਤ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਇਹ ਮੀਲ ਪੱਥਰ ਇੱਕ ਅਜਿਹੀ ਜਨਤਕ ਸਿਹਤ ਪ੍ਰਣਾਲੀ ਦੀ ਉਸਾਰੀ ਦਾ ਹਿੱਸਾ ਹੈ ਜੋ ਲੋਕਾਂ ਦੀਆਂ ਲੋੜਾਂ ਅਨੁਸਾਰ ਤੇਜ਼ੀ ਨਾਲ ਕੰਮ ਕਰਦੀ ਹੈ। ਸਰਕਾਰ ਹਰ ਨਾਗਰਿਕ ਨੂੰ ਉੱਚ ਮਿਆਰੀ ਸਿਹਤ ਸਹੂਲਤਾਂ ਉਸ ਦੇ ਘਰ ਦੇ ਨੇੜੇ ਪਹੁੰਚਾਉਣ ਲਈ ਵਚਨਬੱਧ ਹੈ। ਪ੍ਰਾਇਮਰੀ ਕੇਅਰ ਪਹੁੰਚ ਬਾਰੇ ਸੰਸਦੀ ਸਕੱਤਰ ਸਟੈਫਨੀ ਹਿਗਿੰਸਨ ਨੇ ਕਿਹਾ ਕਿ ਡਾਕਟਰ ਨਾਲ ਭਰੋਸੇਯੋਗ ਰਿਸ਼ਤਾ ਹੋਣ ਨਾਲ ਮਰੀਜ਼ ਅੰਦਰ ਇਲਾਜ ਪ੍ਰਤੀ ਵਿਸ਼ਵਾਸ ਵਧਦਾ ਹੈ। ਸੂਬੇ ਨੇ 2023 ਵਿੱਚ ਹੈਲਥ ਕਨੈਕਟ ਰਜਿਸਟਰੀ ਸ਼ੁਰੂ ਕੀਤੀ ਸੀ, ਜਿੱਥੇ ਲੋਕ ਫੈਮਿਲੀ ਡਾਕਟਰ ਲੱਭਣ ਲਈ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਸਾਲ 2022 ਦੀ ਹੈਲਥ ਹਿਊਮਨ ਰਿਸੋਰਸਿਜ਼ ਰਣਨੀਤੀ ਤਹਿਤ ਸਿਹਤ ਕਰਮੀਆਂ ਦੀ ਸਿਖਲਾਈ ਅਤੇ ਭਰਤੀ ਜਾਰੀ ਹੈ। ਸਾਲ 2017 ਤੋਂ 2025 ਦਰਮਿਆਨ ਬੀ.ਸੀ. ਦੀ ਆਬਾਦੀ 15% ਵਧੀ, ਜਦੋਂ ਕਿ ਫੈਮਿਲੀ ਡਾਕਟਰਾਂ ਦੀ ਗਿਣਤੀ 33% ਵਧੀ ਅਤੇ ਨਰਸ ਪ੍ਰੈਕਟੀਸ਼ਨਰਾਂ ਦੀ ਗਿਣਤੀ ਤਿੰਨ ਗੁਣਾ ਹੋ ਗਈ। ਸਰੀ ਸਥਿਤ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਸਟੀਫਨਜ਼ ਫੈਮਿਲੀ ਸਕੂਲ ਆਫ ਮੈਡੀਸਨ ਵਿੱਚ 48 ਵਿਦਿਆਰਥੀਆਂ ਦੇ ਪਹਿਲੇ ਬੈਚ ਦੀਆਂ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਹਨ, ਜਿਸ ਦੀ ਸਮਰੱਥਾ ਸਾਲਾਨਾ 120 ਵਿਦਿਆਰਥੀਆਂ ਤੱਕ ਵਧਾਈ ਜਾਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ