ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਕੰਜ਼ਰਵੇਟਿਵ ਪਾਰਟੀ ਨੇ ਸੂਬੇ ਦੇ ਵਧ ਰਹੇ ਵਿੱਤੀ ਘਾਟੇ ਨੂੰ ਲੈ ਕੇ ਸੱਤਾਧਾਰੀ ਐਨ.ਡੀ.ਪੀ. ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਹਨ। ਕੰਜ਼ਰਵੇਟਿਵਾਂ ਨੇ ਦੋਸ਼ ਲਾਇਆ ਹੈ ਕਿ ਸੂਬੇ ਵਿੱਚ ਰੁਜ਼ਗਾਰ ਘਟ ਰਿਹਾ ਹੈ, ਬੇਰੁਜ਼ਗਾਰੀ ਦੀ ਦਰ ਵਧ ਰਹੀ ਹੈ ਅਤੇ ਸਰਕਾਰ ਦੇ ਕਮਜ਼ੋਰ ਆਰਥਿਕ ਪ੍ਰਬੰਧਾਂ ਕਾਰਨ ਸੂਬਾਈ ਘਾਟਾ $13.8 ਬਿਲੀਅਨ ਦੇ ਚਿੰਤਾਜਨਕ ਪੱਧਰ ’ਤੇ ਪਹੁੰਚ ਗਿਆ ਹੈ। ਤਾਜ਼ਾ ਵਿੱਤੀ ਅਪਡੇਟ ਤੋਂ ਪਤਾ ਲੱਗਦਾ ਹੈ ਕਿ ਬਜਟ 2026 ਦੇ ਅਨੁਮਾਨਾਂ ਦੇ ਮੁਕਾਬਲੇ ਇਹ ਘਾਟਾ $450 ਮਿਲੀਅਨ ਹੋਰ ਵਿਗੜ ਗਿਆ ਹੈ, ਜਦਕਿ ਇਸ ਦੌਰਾਨ ਸਰਕਾਰੀ ਮਾਲੀਆ $789 ਮਿਲੀਅਨ ਵਧਿਆ ਸੀ।
ਵਿੱਤ ਮਾਮਲਿਆਂ ਬਾਰੇ ਕੰਜ਼ਰਵੇਟਿਵ ਕ੍ਰਿਟਿਕ ਵਿਧਾਇਕ ਗੇਵਿਨ ਡਿਊ ਨੇ ਆਖਿਆ ਕਿ ਸਰਕਾਰ ਟੈਕਸਾਂ ਰਾਹੀਂ ਵਧੇਰੇ ਪੈਸਾ ਇਕੱਠਾ ਕਰਨ ਦੇ ਬਾਵਜੂਦ ਆਪਣੇ ਖ਼ਰਚਿਆਂ ’ਤੇ ਕਾਬੂ ਪਾਉਣ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅਪਡੇਟ ਸਾਫ਼ ਕਰਦੀ ਹੈ ਕਿ ਸਰਕਾਰ ਨੂੰ ਖ਼ਰਚ ਕਰਨ ਦੀ ਬਿਮਾਰੀ ਹੈ ਅਤੇ ਉਹ ਸਹੀ ਗਣਿਤ ਸਮਝਣ ਵਿੱਚ ਅਸਮਰੱਥ ਹੈ। ਇਸ ਸਾਲ ਆਰਥਿਕ ਵਿਕਾਸ ਦਰ ਦਾ ਅਨੁਮਾਨ ਘਟ ਕੇ ਮਹਿਜ਼ 0.9% ਰਹਿ ਗਿਆ ਹੈ, ਰੁਜ਼ਗਾਰ ਵਿੱਚ 0.6% ਦੀ ਕਮੀ ਆਈ ਹੈ ਅਤੇ ਬੇਰੁਜ਼ਗਾਰੀ ਦੀ ਦਰ ਵਧ ਕੇ 6.5% ਹੋ ਗਈ ਹੈ। ਹਾਊਸਿੰਗ ਸਪਲਾਈ ਦੇ ਦਾਅਵਿਆਂ ਦੇ ਬਾਵਜੂਦ ਨਵੇਂ ਘਰਾਂ ਦੀ ਉਸਾਰੀ ਵਿੱਚ 9.3% ਅਤੇ ਘਰਾਂ ਦੀ ਵਿਕਰੀ ਵਿੱਚ 6% ਦੀ ਗਿਰਾਵਟ ਦਰਜ ਹੋਈ ਹੈ।
ਬੀ.ਸੀ. ਕੰਜ਼ਰਵੇਟਿਵ ਆਗੂ ਕੈਰੀ-ਲਿਨ ਫਿੰਡਲੇ ਨੇ ਕਿਹਾ ਕਿ ਐਨ.ਡੀ.ਪੀ. ਸਰਕਾਰ ਆਪਣੀ ਸਮਰੱਥਾ ਤੋਂ ਵੱਧ ਖ਼ਰਚ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਸਿਰ ਕਰਜ਼ੇ ਦੇ ਪਹਾੜ ਖੜ੍ਹੇ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਖ਼ਰਚਿਆਂ ਨੂੰ ਘਟਾਇਆ ਜਾਵੇ ਅਤੇ ਜ਼ਿੰਮੇਵਾਰਾਨਾ ਬਜਟ ਪੇਸ਼ ਕੀਤਾ ਜਾਵੇ।
ਇਸ ਤੋਂ ਇਲਾਵਾ ਕੁਦਰਤੀ ਗੈਸ ਦੀ ਰਾਇਲਟੀ ਬਜਟ 2026 ਦੇ ਅਨੁਮਾਨ ਨਾਲੋਂ $531 ਮਿਲੀਅਨ ਘੱਟ ਰਹੀ ਹੈ, ਜਿਸ ਵਿੱਚ $306 ਮਿਲੀਅਨ ਦਾ ਨੁਕਸਾਨ ਸਰਕਾਰ ਵੱਲੋਂ ਖੁਦ ਕੀਤੀਆਂ ਗਣਿਤ ਦੀਆਂ ਗ਼ਲਤੀਆਂ ਨੂੰ ਸੁਧਾਰਨ ਕਾਰਨ ਹੋਇਆ ਹੈ। ਗੇਵਿਨ ਡਿਊ ਨੇ ਪ੍ਰੀਮੀਅਰ ਡੇਵਿਡ ਈਬੀ ਦੀ ਇਮਾਨਦਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਅਸਫ਼ਲਤਾ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਸੂਬੇ ਦੇ ਨਾਗਰਿਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। This report was written by Ekjot Singh as part of the Local Journalism Initiative.
ਬੀ.ਸੀ. ਦਾ ਵਿੱਤੀ ਘਾਟਾ $13.8 ਬਿਲੀਅਨ ਪੁੱਜਣ ਦਾ ਅਨੁਮਾਨ

