ਸਥਾਨਕ ਕਾਰੋਬਾਰਾਂ ਨੂੰ ਪਹਿਲ ਨਾ ਦੇਣ ਵਾਲੇ ਸ਼ਹਿਰਾਂ ਵਿਰੁੱਧ ਡੱਗ ਫੋਰਡ ਸਰਕਾਰ ਵੱਲੋਂ ਸਖ਼ਤ ਰੁਖ਼
ਵੈਨਕੂਵਰ (ਏਕਜੋਤ ਸਿੰਘ): ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਸੂਬੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਕੈਨੇਡੀਅਨ ਅਤੇ ਸਥਾਨਕ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਖ਼ਰੀਦ ਨਿਯਮਾਂ ਦੀ ਪਾਲਣਾ ਨਾ ਕੀਤੀ, ਤਾਂ ਉਨ੍ਹਾਂ ਦੇ ਸੂਬਾਈ ਫੰਡ ਰੋਕੇ ਜਾ ਸਕਦੇ ਹਨ। ਮਿਊਂਸਿਪਲ ਮਾਮਲਿਆਂ ਅਤੇ ਹਾਊਸਿੰਗ ਮੰਤਰੀ ਰੌਬ ਫਲੈਕ ਨੇ ਸਮੂਹ ਕੌਂਸਲ ਮੁਖੀਆਂ ਨੂੰ ਇੱਕ ਪੱਤਰ ਲਿਖ ਕੇ ਸਰਕਾਰ ਦੀਆਂ ਉਮੀਦਾਂ ਨੂੰ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਠੇਕਿਆਂ ਲਈ ਸਥਾਨਕ ਬੋਲੀਆਂ ਨੂੰ ਪਹਿਲ ਦਿੱਤੀ ਜਾਣੀ ਲਾਜ਼ਮੀ ਹੈ। ਮੰਤਰੀ ਰੌਬ ਫਲੈਕ ਨੇ ਪੱਤਰ ਵਿੱਚ ਲਿਖਿਆ ਕਿ ਮਿਊਂਸਿਪਲ ਬਾਏ ਓਨਟਾਰੀਓ ਪ੍ਰੋਕਿਓਰਮੈਂਟ ਡਾਇਰੈਕਟਿਵ ਅਧੀਨ ਨਗਰ ਪਾਲਿਕਾਵਾਂ, ਸਥਾਨਕ ਬੋਰਡਾਂ ਅਤੇ ਨਗਰ ਨਿਗਮ ਸੇਵਾਵਾਂ ਲਈ ਓਨਟਾਰੀਓ ਅਤੇ ਕੈਨੇਡੀਅਨ ਉਤਪਾਦਾਂ ਨੂੰ ਪਹਿਲ ਦੇਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਵਿਰੁੱਧ ਲਗਾਏ ਗਏ ਨਵੇਂ ਟੈਰਿਫਾਂ ਅਤੇ ਵਪਾਰ ਵਿਰੋਧੀ ਕਦਮਾਂ ਦੇ ਮੱਦੇਨਜ਼ਰ ਇਨ੍ਹਾਂ ਸ਼ਰਤਾਂ ਨੂੰ ਮੰਨਣਾ ਕੋਈ ਮਰਜ਼ੀ ਦਾ ਮਾਮਲਾ ਨਹੀਂ ਹੈ, ਸਗੋਂ ਇਹ ਬੇਹੱਦ ਜ਼ਰੂਰੀ ਹੈ। ਨਗਰ ਪਾਲਿਕਾਵਾਂ ਨੂੰ ਸਥਾਨਕ ਵਸਤੂਆਂ ਅਤੇ ਸੇਵਾਵਾਂ ਨੂੰ ਖ਼ਰੀਦਣ ਦੇ ਹਰ ਮੌਕੇ ਦਾ ਲਾਭ ਉਠਾਉਣਾ ਪਵੇਗਾ, ਨਹੀਂ ਤਾਂ ਸੂਬਾਈ ਸਰਕਾਰ ਉਨ੍ਹਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਦੀ ਸਮੀਖਿਆ ਕਰੇਗੀ।ਐਸੋਸੀਏਸ਼ਨ ਆਫ ਮਿਊਂਸਿਪੈਲਿਟੀਜ਼ ਆਫ ਓਨਟਾਰੀਓ ਨੇ ਸਰਕਾਰ ਦੇ ਇਸ ਰੁਖ਼ ’ਤੇ ਅਸਹਿਮਤੀ ਪ੍ਰਗਟ ਕਰਦਿਆਂ ਜ਼ਮੀਨੀ ਮੁਸ਼ਕਲਾਂ ਦਾ ਹਵਾਲਾ ਦਿੱਤਾ ਹੈ। ਐਸੋਸੀਏਸ਼ਨ ਨੇ ਇੱਕ ਬਿਆਨ ਵਿੱਚ ਸਪੱਸ਼ਟ ਕੀਤਾ ਕਿ ਸ਼ਹਿਰ ਪਹਿਲਾਂ ਹੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ। This report was written by Ekjot Singh as part of the Local Journalism Initiative.
‘ਬਾਏ ਓਨਟਾਰੀਓ’ ਨਿਯਮਾਂ ਦੀ ਉਲੰਘਣਾ ’ਤੇ ਰੋਕਿਆ ਜਾਵੇਗਾ ਫੰਡ

