ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਅਖਬਾਰਾਂ ਰਿਸਾਲਿਆ, ਰੇਡੀਓ, ਦੂਰਸੰਚਾਰ ਮਾਧਿਅਮਾਂ ‘ਚ ਵਿਗਿਆਨਕ ਜਾਣਕਾਰੀ ਦਾ ਪ੍ਰਚਾਰ ਕਰਨ ਵਾਲਾ ਡਾ. ਵਿਦਵਾਨ ਸਿੰਘ ਸੋਨੀ ਇੱਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਕਿਸੇ ਰਸਮੀ ਤੁਆਰਫ ਦਾ ਮੁਹਤਾਜ ਨਹੀਂ।ਪੱਥਰ ਯੁੱਗ ਦੀ ਪੁਰਾਤਨਤਾ,ਸੰਦਾਂ ਔਜ਼ਾਰਾਂ ਸੰਬੰਧੀ ਉਸ ਦੀਆਂ ਲੱਭਤਾਂ ਉੱਚ ਪਾਏ ਦੀਆਂ ਹਨ।ਪੰਜਾਬ ਵਿੱਚ ਸ਼ਿਵਾਲਿਕ ਦੇ ਨੀਮ ਪਹਾੜੀ ਖੇਤਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਤੇ ਖੁਦਾਈ ਕਰਕੇ ਉਸ ਨੇ ਲੱਖਾਂ ਵਰ੍ਹੇ ਪਹਿਲਾਂ ਦੇ ਜੀਵ ਜੰਤੂਆਂ ਦੇ ਪਥਰਾਟ ਖੋਜੇ ਸਨ।ਪਿਛਲੇ ਦਿਨੀ ਉਨ੍ਹਾਂ ਦਾ ਸਾਥੋਂ ਵਿੱਛੜ ਜਾਣਾ ਬੜਾ ਦੁੱਖਦਾਈ ਹੈ।ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਉਨ੍ਹਾਂ ਦੀ ਜ਼ਿੰਦਗੀ ਦੀ ਸੰਖੇਪ ਕਹਾਣੀ।
ਡਾ. ਵਿਦਵਾਨ ਸਿੰਘ ਸੋਨੀ ਦਾ ਜਨਮ 26 ਅਕਤੂਬਰ 1943 ਨੂੰ ਪੰਜਾਬ ਦੇ ਤਰਨਤਾਰਨ ਜ਼ਿਲੇ ‘ਚ ਪੈਂਦੇ ਪਿੰਡ ਵੈਰੋਵਾਲ ਵਿੱਚ ਪਿਤਾ ਸ. ਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਘਰ ਹੋਇਆ।ਮੁੱਢਲੀ ਪੜ੍ਹਾਈ ਉਨ੍ਹਾਂ ਨੇ ਫਤਿਹਬਾਦ ਦੇ ਸਕੂਲ ਤੋਂ,ਬੀ.ਐਸ.ਸੀ ਹਿੰਦੂ ਕਾਲਜ ਅੰਮ੍ਰਿਤਸਰ ਤੋਂ ਅਤੇ ਐਮ.ਐਸ.ਸੀ ( ਫਿਜ਼ਿਕਸ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ।ਇਸ ਤੋਂ ਬਾਅਦ ਸੰਨ 1980 ‘ਚ ਫਿਜ਼ਿਕਸ ਵਿਚ ‘ ਪ੍ਰਾਪੇਗੇਸ਼ਨ ਆਫ ਲੇਜ਼ਰ ਬੀਮ ਇਨ ਨਾਨ ਲੀਨੀਅਰ ਮੀਡੀਆ’ ਵਿਸ਼ੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ.ਐਚ.ਡੀ ਦੀ ਡਿਗਰੀ ਹਾਸਿਲ ਕੀਤੀ। ਡਾ. ਸੋਨੀ ਨੇ ਕੈਰੀਅਰ ਦੀ ਸ਼ੁਰੂਆਤ ਐਸ. ਜੀ. ਏ.ਡੀ ਕਾਲਜ ਤਰਨਤਾਰਨ ਤੋਂ ਬਤੌਰ ਲੈਕਚਰਾਰ ਫਿਜ਼ਿਕਸ ਕੀਤੀ।ਫਿਰ ਉਹ ਸਰਕਾਰੀ ਕਾਲਜ ਗੁਰਦਾਸਪੁਰ , ਟਾਂਡਾਂ ਉੜਮੁੜ ਤੋਂ ਬਾਅਦ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੜ੍ਹਾਉਂਦੇ ਰਹੇ।ਸੰਨ 1994 ‘ਚ ਪਦਉਨਤ ਹੋਕੇ ਉਹ ਸਰਕਾਰੀ ਕਾਲਜ ਟਾਂਡਾ ਉੜ ਮੁੜ ਦੇ ਪ੍ਰਿੰਸੀਪਲ ਬਣੇ।ਫਿਰ ਉਹ ਗੌਰਮਿੰਟ ਕਾਲਜ ਰੋਪੜ ਤੋਂ ਬਾਅਦ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ।ਇਸੇ ਕਾਲਜ ਤੋਂ ਉਹ ਸੰਨ 2001 ‘ਚ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ।ਸੇਵਾਮੁਕਤੀ ਉਪਰੰਤ ਉਹ ਯੂਨੀਵਰਸਿਟੀ ਕਾਲਜ ਸਰਦੂਲ ਗੜ੍ਹ ਦੇ ਵੀ ਪ੍ਰਿੰਸੀਪਲ ਵੀ ਰਹੇ। ਉਨ੍ਹਾਂ ਦੇ ਪ੍ਰੀਵਾਰ ਵਿੱਚ ਉਨ੍ਹਾਂ ਦੀ ਪਤਨੀ ਸੁਰਿੰਦਰਪਾਲ ਕੌਰ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।ਵੱਡੀ ਬੇਟੀ ਰਿਪਨਜੋਤ ਕੌਰ ਵਿਗਿਆਨਕ ਨਿਬੰਧ ਲਿਖਣ ਕਰਕੇ ਜਾਣੀ ਜਾਂਦੀ ਹੈ।ਦਾਮਾਦ ਸੇਵਾ ਮੁਕਤ ਲੈਫ਼ਟੀਨੈਂਟ ਕਰਨਲ ਹੈ ਅਤੇ ਅੱਜਕੱਲ੍ਹ ਪੀ. ਸੀ. ਐਸ ਹੈ।ਡਾਂ ਸੋਨੀ ਦੀ ਛੋਟੀ ਬੇਟੀ ਖ਼ਾਲਸਾ ਕਾਲਜ ਪਟਿਆਲਾ ‘ਚ ਬਾਇਓ ਟੈਕਨੋਲੋਜੀ ਵਿਭਾਗ ਦੀ ਹੈੱਡ ਹੈ।ਬੇਟਾ ਅਨੁਜੋਤ ਸਿੰਘ ਸੋਨੀ ਅਸਿਸਟੈਂਟ ਪ੍ਰੋਫੈਸਰ ਹੈ।
ਡਾ. ਸੋਨੀ ਨੇ ਨੋਬਲ ਪੁਰਸਕਾਰ ਵਿਜੇਤਾ ਐਲਬਰਟ. ਏ. ਮਾਈਕਲਸਨ ਦੇ ਖੋਜ ਕਾਰਜ ਵਿੱਚ ਗੰਭੀਰ ਤਰੁੱਟੀ ਲੱਭ ਕੇ ਉਸ ਦੀ ਸੋਧ ਵੀ ਕੀਤੀ ਸੀ।ਇਸ ਸਬੰਧੀ ਉਸ ਦੇ ਖੋਜ ਪੱਤਰ ਅਮਰੀਕਾ ਦੇ ਖੋਜ ਰਿਸਾਲਿਆਂ ਵਿੱਚ ਵੀ ਛਪੇ।ਇਸ ਪ੍ਰਯੋਗ ਨੇ ਪੁਰਾਤਨ ਈਥਰ ਸਿਧਾਂਤ ਨੂੰ ਨਕਾਰ ਦਿੱਤਾ ਸੀ।ਇਹੀ ਪ੍ਰਯੋਗ ਆਇਨਸਟਾਈਨ ਦੇ ਸਾਪੇਖਤਾ ਸਿਧਾਂਤ ਲਈ ਬੜਾ ਉਪਯੋਗੀ ਸਿੱਧ ਹੋਇਆ।ਸਾਪੇਖਤਾ ਦੇ ਮਹੱਤਵਪੂਰਨ ਸੰਕਲਪ ‘ ਟਵਿਨ ਪੈਰਾਡੌਕਸ’ ਬਾਰੇ ਇਕ ਖੋਜ ਪੱਤਰ ਸੰਨ 2002 ‘ਚ ਯੂਰਪੀਨ ਜਨਰਲ ਆਫ਼ ਫਿਜ਼ਿਕਸ ਵਿੱਚ ਪ੍ਰਕਾਸ਼ਤ ਹੋਇਆ ਸੀ। ਡਾ. ਸੋਨੀ ਨੇ ਲੱਖਾਂ ਵਰ੍ਹੇ ਪੁਰਾਣੇ ਦੁਰਲੱਭ ਪਥਰਾਟ (fossils)ਵੀ ਖੋਜੇ ਸਨ।ਪੰਜਾਬੀ ਯੂਨੀਵਰਸਿਟੀ ਪਥਰਾਟ ਅਜਾਇਬਘਰ ਵਿੱਚ ਉਸ ਦੇ ਪੰਜ ਲੱਖ ਵਰ੍ਹੇ ਪੁਰਾਤਨ ਬਾਰਾਂ ਫੁੱਟ ਲੰਬਾ ਹਾਥੀ ਦੰਦਾਂ ਦਾ ਜੋੜਾ ਪ੍ਰਦਰਸ਼ਿਤ ਕੀਤਾ ਗਿਆ ਹੈ।ਦਰਿਆਈ ਘੋੜੇ ਦਾ ਜਬਾੜ੍ਹਾ ਵੀ ਹੈ।ਅਨੇਕਾਂ ਹੋਰ ਮਰੇ ਜੀਵਾਂ ਦੇ ਅਵਸ਼ੇਸ਼, ਪੱਥਰ ਯੁੱਗ ਦੇ ਲੋਕਾਂ ਦੇ ਸੰਦ ਅਤੇ ਔਜ਼ਾਰ ਵੀ ਰੱਖੇ ਗਏ ਹਨ।ਉਸ ਦੇ ਖੋਜ ਕਾਰਜ ਨੇ ਪ੍ਰਚੱਲਤ ਧਾਰਨਾਵਾਂ ਨੂੰ ਮੂਲੋਂ ਰੱਦ ਕਰ ਦਿੱਤਾ।ਪੱਥਰ ਯੁੱਗ ਵੀਹ ਹਜ਼ਾਰ ਪੁਰਾਣਾ ਨਹੀਂ ਸਗੋਂ ਤਿੰਨ ਕੁ ਹਜ਼ਾਰ ਸਾਲ,ਸਿੰਧੂ ਘਾਟੀ ਦੇ ਸਮੇਂ ਤੀਕਰ ਕਾਇਮ ਸੀ।ਇਸ ਸੰਦਰਭ ਵਿੱਚ ਉਨ੍ਹਾਂ ਦੇ ਪੈਂਤੀ ਖੋਜ ਪੱਤਰ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਛਪ ਚੁੱਕੇ ਹਨ।ਉਨ੍ਹਾਂ ਆਪਣਾ ਨਿੱਜੀ ਖੋਜ ਅਜਾਇਬ ਘਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਭੇਂਟ ਕਰ ਦਿੱਤਾ ਸੀ। ਇਸ ਵਿੱਚ ਉਨ੍ਹਾਂ ਦੇ ਬੇਟੇ ਅਨੁਜੋਤ ਸਿੰਘ ਸੋਨੀ ਵੱਲੋਂ ਖੋਜੇ ਦੁਰਲੱਭ ਪਥਰਾਟ ਵੀ ਰੱਖੇ ਗਏ ਹਨ।ਇਸ ਪਥਰਾਟ ਮਿਊਜ਼ੀਅਮ ਤੋਂ ਖੋਜ ਵਿਦਿਆਰਥੀ ਫਾਇਦਾ ਉਠਾ ਰਹੇ ਹਨ।
ਪਥਰਾਟਾਂ ਦੀ ਖੋਜ ਦੌਰਾਨ ਡਾ. ਸੋਨੀ ਨੇ ਪਿੰਡ ਕੀਮਾਵਾਸ( ਰੋਪੜ) ਨੇੜੇ ਖੁਦਾਈ ਦੌਰਾਨ ਬਾਰਾਂ ਫੁੱਟ ਲੰਬਾ ਹਾਥੀ ਦੰਦਾਂ ਦੀ ਜੋੜਾ ਲੱਭਿਆ।ਤਕਰੀਬਨ 40 ਹੋਰ ਥਾਵਾਂ ਤੇ ਖੁਦਾਈ ਦੌਰਾਨ ਪੁਰਾਤਨ ਦੁਰਲੱਭ ਪਥਰਾਟ ਲੱਭੇ ਸਨ। ਜਿਨ੍ਹਾਂ ਵਿੱਚ ਦਰਿਆਈ ਘੋੜੇ ਦਾ ਜਬਾੜ੍ਹਾ , ਸਿੰਕਲੋਫੋਡਨ ਹਾਥੀ ਦੇ ਬਾਹਰ ਵਧਿਆ ਲੰਬਾ ਦੰਦ ਗੁਆਲਬਈ ( ਹਿਮਾਚਲ ਪ੍ਰਦੇਸ਼) ਨੇੜਿਓਂ ਲੱਭਿਆ ਸੀ।ਪੱਥਰ ਯੁੱਗ ਦੇ ਔਜ਼ਾਰਾਂ ਅਤੇ ਸੰਦਾਂ ਦਾ ਵੱਡਾ ਖਜ਼ਾਨਾ ਪਿੰਡ ਜੰਡੋਰੀ ਕੋਲੋਂ ਖੁਦਾਈ ਦੌਰਾਨ ਲੱਭਿਆ ਸੀ। ਡਾ. ਸੋਨੀ ਦੇ ਖੋਜ ਪੱਤਰਾਂ ਦੇ ਹਵਾਲੇ 33 ਖੋਜਾਰਥੀਆਂ ਨੇ ਡਾਕਟਰੇਟ ਦੀ ਖੋਜ ਵਿੱਚ ਦਿੱਤੇ ਹਨ।ਪਥਰਾਟਾਂ ਸਬੰਧੀ ਉਨ੍ਹਾ ਦੇ ਛਪੇ ਖੋਜ ਪੱਤਰਾਂ ਦੇ ਹਵਾਲੇ 40 ਖੋਜਾਰਥੀਆ ਨੇ ਆਪਣੇ ਖੋਜ ਪੱਤਰਾਂ ਵਿੱਚ ਦਿੱਤੇ ਸਨ। ਡਾ.ਸੋਨੀ ਵਿਗਿਆਨ ਦੇ ਵਿਸ਼ੇ ਨੂੰ ਪੰਜਾਬੀ ਵਿੱਚ ਪੜ੍ਹਾਏ ਜਾਣ ਦੇ ਹਾਮੀ ਸਨ।ਜਦ ਕਿ ਉੱਚ ਸਿੱਖਿਆ ਦਾ ਮਾਧਿਅਮ ਅੰਗ੍ਰੇਜੀ ਹੋਣਾ ਹੀ ਸਹੀ ਮੰਨਦੇ ਸਨ।ਉਨ੍ਹਾਂ ਦੀਆਂ ਪ੍ਰਕਾਸ਼ਤ ਪੁਸਤਕਾਂ ਵਿੱਚ – ਕਿਹ ਬਿਧ ਸਜਾ ਸੰਸਾਰਾ, ਪਹੀਆ,ਕੀਮਤੀ ਪੱਥਰ, ਚੰਨ ਤਾਰੇ,ਭਿਅੰਕਰ ਕਿਰਲੇ, ਇਲੈਕਟ੍ਰਾਨਿਕਸ ਦੇ ਮੂਲ ਤੱਤ ਉਨ੍ਹਾਂ ਦੀਆਂ ਮੌਲਿਕ ਪੁਸਤਕਾਂ ਹਨ।ਉਨ੍ਹਾਂ ਨੇ ਕਈ ਪਾਠ ਪੁਸਤਕਾਂ ਵੀ ਲਿਖੀਆਂ ਸਨ।ਵਿਗਿਆਨ ਦੀਆਂ ਕਈ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਸੀ।ਕੁਝ ਸਮਾਂ ਪਹਿਲਾਂ ਉਸ ਦੀ ਪੁਸਤਕ ‘ ਗਾਥਾ ਅੰਬਰ ਦੀ’ ਨੈਸ਼ਨਲ ਬੁੱਕ ਟਰੱਸਟ ਵਲੋਂ ਵੀ ਪ੍ਰਕਾਸ਼ਤ ਕੀਤੀ ਗਈ ਸੀ। ਡਾ. ਸੋਨੀ ਨੂੰ ਸੰਨ 1990 ‘ਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਪੰਜਾਬੀ ਲੇਖਕ ਵਜੋਂ ਸਨਮਾਨਿਤ ਕੀਤਾ।ਉਨ੍ਹਾਂ ਦੀ ਪੁਸਤਕ ‘ ਚੰਨ’ ਨੂੰ ਐਨ. ਸੀ. ਆਰ . ਟੀ ਵੱਲੋਂ ਬਾਲ ਸਾਹਿਤ ਪੁਰਸਕਾਰ ਮਿਲਿਆ।ਉਨ੍ਹਾਂ ਦੀ ਪੁਸਤਕ ‘ ਭਿਅੰਕਰ ਕਿਰਲੇ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਮਿਲਿਆ। ਉਨ੍ਹਾਂ ਨੇ ਵਿਗਿਆਨ ਨੂੰ ਆਮ ਲੋਕਾਂ ਤੀਕਰ ਪਹੁੰਚਾਣ ਲਈ ਸਰਲ ਭਾਸ਼ਾ ਵਿਚ ਲਿਖਿਆ।ਉਹ ਚਾਹੁੰਦੇ ਸਨ ਕਿ ਸਾਨੂੰ ਜਾਦੂ, ਟੂਣਿਆਂ, ਵਿਅਰਥ ਦਿਖਾਵੇ ਵਾਲੀ ਸੋਚ ਚੋਂ ਬਾਹਰ ਆਉਣਾ ਚਾਹੀਦਾ।ਵਿਗਿਆਨ ਦੀ ਦੁਰ ਵਰਤੋਂ ਸਾਡੇ ਲਈ ਇਕ ਦਿਨ ਘਾਤਕ ਵੀ ਬਣ ਸਕਦੀ ਹੈ।
ਡਾ. ਸੋਨੀ 4 ਸਿਤੰਬਰ 2026 ਨੂੰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਸਾਹਵਾਂ ਦਾ ਹਿਸਾਬ ਪੂਰਾ ਕਰ ਗਏ।ਉਦੋਂ ਉਹ 83 ਵਰ੍ਹਿਆਂ ਦੇ ਸਨ। ਨਿਰਸੰਦੇਹ ਪੰਜਾਬੀ ‘ਚ ਇਕ ਸਥਾਪਤ ਵਿਗਿਆਨ ਲੇਖਕ ਦੇ ਤੁਰ ਜਾਣ ਨਾਲ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪੱਥਰ ਯੁੱਗ ਦੇ ਔਜ਼ਾਰਾਂ ਤੇ ਪਥਰਾਟਾਂ ਦਾ ਖੋਜੀ ਡਾ. ਵਿਦਵਾਨ ਸਿੰਘ ਸੋਨੀ

