ਵੈਨਕੂਵਰ (ਏਕਜੋਤ ਸਿੰਘ): ਸਮੁੰਦਰੀ ਕੰਢੇ ਨੇੜੇ ਸਫ਼ਰ ਕਰ ਰਹੇ ਇੱਕ ਵੱਡੇ ਕਰੂਜ਼ ਸ਼ਿਪ ‘ਤੇ ਸਵਾਰ ਇੱਕ ਯਾਤਰੀ ਦੇ ਅਚਾਨਕ ਗੰਭੀਰ ਬਿਮਾਰ ਹੋਣ ਤੋਂ ਬਾਅਦ ਰਾਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐਫ) ਨੇ ਤੁਰੰਤ ਬਚਾਅ ਮੁਹਿੰਮ ਚਲਾ ਕੇ ਮਰੀਜ਼ ਨੂੰ ਸੁਰੱਖਿਅਤ ਏਅਰਲਿਫਟ ਕਰ ਲਿਆ। ਇਹ ਸਾਹਸੀ ਬਚਾਅ ਕਾਰਜ ਸ਼ਨੀਵਾਰ ਸਵੇਰੇ ਤੜਕਸਾਰ ਚਲਾਇਆ ਗਿਆ, ਜਿਸ ਦੌਰਾਨ ਮਰੀਜ਼ ਦੇ ਨਾਲ ਉਸ ਦੇ ਇੱਕ ਯਾਤਰਾ ਸਾਥੀ ਅਤੇ ਜਹਾਜ਼ ਦੇ ਮੈਡੀਕਲ ਸਟਾਫ ਦੇ ਇੱਕ ਮੈਂਬਰ ਨੂੰ ਵੀ ਹਵਾਈ ਜਹਾਜ਼ ਰਾਹੀਂ ਐਮਰਜੈਂਸੀ ਸਿਹਤ ਸੇਵਾਵਾਂ ਤੱਕ ਪਹੁੰਚਾਇਆ ਗਿਆ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਆਰਸੀਏਐਫ ਦੇ 442 ਟਰਾਂਸਪੋਰਟ ਅਤੇ ਰੈਸਕਿਊ ਸਕੁਐਡਰਨ ਨੂੰ ਡਾਕਟਰੀ ਐਮਰਜੈਂਸੀ ਬਾਰੇ ਕਾਲ ਪ੍ਰਾਪਤ ਹੋਈ ਸੀ। ਸੂਚਨਾ ਮਿਲਦੇ ਹੀ ਪੋਰਟ ਹਾਰਡੀ ਤੋਂ ਲਗਭਗ 200 ਕਿਲੋਮੀਟਰ ਉੱਤਰ-ਪੱਛਮ ਵੱਲ ਸਮੁੰਦਰ ਵਿੱਚ ਮੌਜੂਦ ਕਰੂਜ਼ ਸ਼ਿਪ ਵੱਲ ਇੱਕ ਸੀਐਚ-149 ਕੋਰਮੋਰੈਂਟ ਹੈਲੀਕਾਪਟਰ ਅਤੇ ਇੱਕ ਸੀਸੀ-295 ਕਿੰਗਫਿਸ਼ਰ ਹਵਾਈ ਜਹਾਜ਼ ਤੁਰੰਤ ਰਵਾਨਾ ਕੀਤਾ ਗਿਆ। ਕਿੰਗਫਿਸ਼ਰ ਜਹਾਜ਼ ਨੇ ਪਹਿਲਾਂ ਪਹੁੰਚ ਕੇ ਕਰੂਜ਼ ਸ਼ਿਪ ਦੇ ਕਪਤਾਨ ਨਾਲ ਤਾਲਮੇਲ ਕਾਇਮ ਕੀਤਾ ਅਤੇ ਉੱਪਰੋਂ ਪੂਰੀ ਨਿਗਰਾਨੀ ਰੱਖੀ।
ਬਚਾਅ ਕਾਰਜ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਰੂਜ਼ ਸ਼ਿਪ ਦੇ ਕਪਤਾਨ ਨੇ ਜਹਾਜ਼ ਦਾ ਮੂੰਹ ਤੇਜ਼ ਹਵਾ ਵੱਲ ਮੋੜ ਲਿਆ, ਆਪਣੇ ਸ਼ਕਤੀਸ਼ਾਲੀ ਰਾਡਾਰ ਸਿਸਟਮ ਨੂੰ ਬੰਦ ਕੀਤਾ ਅਤੇ ਜਹਾਜ਼ ਦੇ ਅਗਲੇ ਹਿੱਸੇ (ਬੋਅ) ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਤਾਂ ਜੋ ਹੈਲੀਕਾਪਟਰ ਆਸਾਨੀ ਨਾਲ ਹੇਠਾਂ ਆ ਸਕੇ। ਇਸ ਤੋਂ ਬਾਅਦ ਹੈਲੀਕਾਪਟਰ ਵਿੱਚੋਂ ਦੋ ਸਰਚ ਐਂਡ ਰੈਸਕਿਊ ਤਕਨੀਸ਼ੀਅਨਾਂ ਨੂੰ ਰੱਸੀਆਂ ਰਾਹੀਂ ਜਹਾਜ਼ ‘ਤੇ ਉਤਾਰਿਆ ਗਿਆ, ਜਿਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਸਥਿਰ ਕੀਤਾ ਅਤੇ ਉਸ ਨੂੰ ਸਟ੍ਰੈਚਰ ‘ਤੇ ਲਿਜਾਣ ਲਈ ਤਿਆਰ ਕੀਤਾ।
ਤਕਨੀਸ਼ੀਅਨਾਂ ਨੇ ਮਰੀਜ਼, ਉਸ ਦੇ ਸਾਥੀ ਅਤੇ ਮੈਡੀਕਲ ਕਰਮਚਾਰੀ ਨੂੰ ਸੁਰੱਖਿਅਤ ਢੰਗ ਨਾਲ ਉੱਪਰ ਹੈਲੀਕਾਪਟਰ ਵਿੱਚ ਖਿੱਚ ਲਿਆ। ਇਸ ਤੋਂ ਤੁਰੰਤ ਬਾਅਦ ਕੋਰਮੋਰੈਂਟ ਹੈਲੀਕਾਪਟਰ ਉੱਥੋਂ ਕੋਮੋਕਸ ਸ਼ਹਿਰ ਲਈ ਰਵਾਨਾ ਹੋ ਗਿਆ, ਜਿੱਥੇ ਜ਼ਮੀਨ ‘ਤੇ ਪਹਿਲਾਂ ਤੋਂ ਮੌਜੂਦ ਐਮਰਜੈਂਸੀ ਪੈਰਾਮੈਡਿਕਸ ਟੀਮਾਂ ਨੂੰ ਮਰੀਜ਼ ਸੌਂਪ ਦਿੱਤਾ ਗਿਆ। ਸਮੇਂ ਸਿਰ ਕੀਤੀ ਗਈ ਇਸ ਫੌਜੀ ਕਾਰਵਾਈ ਕਾਰਨ ਸਮੁੰਦਰ ਦੇ ਵਿਚਕਾਰ ਇੱਕ ਕੀਮਤੀ ਮਨੁੱਖੀ ਜਾਨ ਬਚਾ ਲਈ ਗਈ। This report was written by Ekjot Singh as part of the Local Journalism Initiative.
ਪੋਰਟ ਹਾਰਡੀ ਨੇੜੇ ਹਾਈ-ਸੀਜ਼ ਰੈਸਕਿਊ, ਹੈਲੀਕਾਪਟਰ ਰਾਹੀਂ ਮਰੀਜ਼ ਨੂੰ ਹਸਪਤਾਲ ਪਹੁੰਚਾਇਆ

