14.1 C
Vancouver
Friday, October 9, 2026

ਪੈਂਟਿਕਟਨ ਹੱਤਿਆ ਕਾਂਡ ‘ਚ ਦੋ ਹੋਰ ਮੁਲਜ਼ਮਾਂ ਦਾ ਪਲੀਅ ਐਗਰੀਮੈਂਟ, ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਣਾਲੀ ’ਤੇ ਚੁੱਕੇ ਸਵਾਲ

ਵੈਨਕੂਵਰ (ਏਕਜੋਤ ਸਿੰਘ): ਪੈਂਟਿਕਟਨ ਸ਼ਹਿਰ ਵਿੱਚ ਪੰਜ ਸਾਲ ਪਹਿਲਾਂ ਬੇਰਹਿਮੀ ਨਾਲ ਕਤਲ ਕੀਤੇ ਗਏ 22 ਸਾਲਾ ਟੇਗ ਸੈਵੇਜ ਦੇ ਪਰਿਵਾਰ ਨੂੰ ਅਦਾਲਤੀ ਕਾਰਵਾਈ ਦੌਰਾਨ ਇੱਕ ਵਾਰ ਫਿਰ ਵੱਡਾ ਸਦਮਾ ਲੱਗਾ ਹੈ। ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਮੁਲਜ਼ਮਾਂ ਨੇ ਸਰਕਾਰੀ ਵਕੀਲਾਂ ਨਾਲ ਅਦਾਲਤ ਵਿੱਚ ਪਲੀਅ ਐਗਰੀਮੈਂਟ (ਦੋਸ਼ ਕਬੂਲਣ ਦਾ ਸਮਝੌਤਾ) ਕਰ ਲਿਆ ਹੈ। ਇਸ ਤੋਂ ਸਿਰਫ਼ ਡੇਢ ਹਫ਼ਤਾ ਪਹਿਲਾਂ ਹੀ ਇੱਕ ਹੋਰ ਮੁਲਜ਼ਮ ਨੇ ਇਸੇ ਤਰ੍ਹਾਂ ਦੇ ਸਮਝੌਤੇ ਤਹਿਤ ਗੈਰ-ਇਰਾਦਾ ਕਤਲ (ਮੈਨਸਲਾਟਰ) ਦਾ ਦੋਸ਼ ਸਵੀਕਾਰ ਕੀਤਾ ਸੀ।
ਇਹ ਦਰਦਨਾਕ ਘਟਨਾ ਸਤੰਬਰ 2021 ਵਿੱਚ ਵਾਪਰੀ ਸੀ, ਜਦੋਂ ਟੇਗ ਸੈਵੇਜ ਦੀ ਲਾਸ਼ ਪੈਂਟਿਕਟਨ ਸੈਕੰਡਰੀ ਸਕੂਲ ਦੇ ਖੇਡ ਮੈਦਾਨ ਵਿੱਚੋਂ ਬਰਾਮਦ ਹੋਈ ਸੀ। ਘਟਨਾ ਦੇ ਦੋ ਸਾਲ ਬਾਅਦ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਸੈਕਿੰਡ-ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਸਨ। ਇਨ੍ਹਾਂ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਵਾਰਦਾਤ ਸਮੇਂ ਨਾਬਾਲਗ ਸਨ। ਹੁਣ ਇਨ੍ਹਾਂ ਤਿੰਨਾਂ ਨਾਬਾਲਗਾਂ ਨੇ ਪਲੀਅ ਡੀਲ ਰਾਹੀਂ ਘੱਟ ਗੰਭੀਰ ਧਾਰਾਵਾਂ ਤਹਿਤ ਦੋਸ਼ ਕਬੂਲ ਕਰ ਲਿਆ ਹੈ, ਜਿਸ ਨਾਲ ਟੇਗ ਦੀ ਮਾਤਾ ਟਰੇਸੀ ਸੈਵੇਜ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕਦੇ ਇਨਸਾਫ਼ ਨਹੀਂ ਮਿਲ ਸਕਿਆ।
ਕਾਨੂੰਨੀ ਮਾਹਿਰਾਂ ਅਨੁਸਾਰ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਮੈਨਸਲਾਟਰ ਲਈ ਵੱਧ ਤੋਂ ਵੱਧ ਸਜ਼ਾ ਸਿਰਫ਼ ਤਿੰਨ ਸਾਲ ਹੈ, ਜਦਕਿ ਸੈਕਿੰਡ-ਡਿਗਰੀ ਮਰਡਰ ਲਈ ਇਹ ਸਜ਼ਾ ਸੱਤ ਸਾਲ ਹੁੰਦੀ ਹੈ। ਸਾਬਕਾ ਸਰਕਾਰੀ ਵਕੀਲ ਰੌਬ ਧਾਨੂ ਨੇ ਸਮਝਾਇਆ ਕਿ ਅਜਿਹੇ ਮਾਮਲਿਆਂ ਵਿੱਚ ਸਰਕਾਰੀ ਧਿਰ ਲਈ ਸੈਕਿੰਡ-ਡਿਗਰੀ ਮਰਡਰ ਸਾਬਤ ਕਰਨਾ ਬੇਹੱਦ ਔਖਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਮੁਲਜ਼ਮ ਦਾ ਇਰਾਦਾ ਸੱਚਮੁੱਚ ਜਾਨ ਲੈਣ ਦਾ ਹੀ ਸੀ। ਇਸ ਲਈ ਕਈ ਵਾਰ ਸਰਕਾਰੀ ਵਕੀਲ ਦੋਸ਼ ਸਿੱਧ ਕਰਨ ਲਈ ਘੱਟ ਸਜ਼ਾ ਵਾਲੇ ਸਮਝੌਤੇ ਨੂੰ ਤਰਜੀਹ ਦਿੰਦੇ ਹਨ। ਅਦਾਲਤ ਵੱਲੋਂ ਲਗਾਈ ਗਈ ਪ੍ਰਕਾਸ਼ਨ ਪਾਬੰਦੀ ਕਾਰਨ ਮਾਮਲੇ ਦੇ ਕਈ ਵੇਰਵੇ ਜਨਤਕ ਨਹੀਂ ਕੀਤੇ ਜਾ ਸਕਦੇ ਕਿਉਂਕਿ ਕੇਸ ਦੇ ਇਕਲੌਤੇ ਬਾਲਗ ਮੁਲਜ਼ਮ ਇਸਹਾਕ ਜੈਕ ‘ਤੇ ਅਜੇ ਮੁਕੱਦਮਾ ਚੱਲਣਾ ਬਾਕੀ ਹੈ। ਜੈਕ ਦਾ ਮੁਕੱਦਮਾ ਆਉਣ ਵਾਲੀ ਬਸੰਤ ਵਿੱਚ ਸ਼ੁਰੂ ਹੋਣਾ ਤੈਅ ਹੈ, ਪਰ ਟਰੇਸੀ ਸੈਵੇਜ ਨੂੰ ਖਦਸ਼ਾ ਹੈ ਕਿ ਬਾਕੀ ਤਿੰਨ ਸਮਝੌਤਿਆਂ ਤੋਂ ਬਾਅਦ ਸ਼ਾਇਦ ਇਹ ਮੁਕੱਦਮਾ ਵੀ ਸਹੀ ਢੰਗ ਨਾਲ ਅੱਗੇ ਨਾ ਵਧ ਸਕੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਨਿਰਾਸ਼ਾਜਨਕ ਅਤੇ ਦਰਦ ਭਰਿਆ ਦਿਨ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ