12.6 C
Vancouver
Tuesday, October 6, 2026

ਪੀਅਰਸਨ ਗੋਲਡ ਹਾਈਸਟ ਮਾਮਲੇ ’ਚ ਮਿਸੀਸਾਗਾ ਦੇ ਅਲੀ ਰਜ਼ਾ ਤੋਂ ਦੋਸ਼ ਵਾਪਸ

ਵੈਨਕੂਵਰ (ਏਕਜੋਤ ਸਿੰਘ): ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 17 ਅਪ੍ਰੈਲ 2023 ਨੂੰ ਹੋਈ 24 ਮਿਲੀਅਨ ਡਾਲਰ ਦੀ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਅਹਿਮ ਮੋੜ ਆਇਆ ਹੈ। ਅਦਾਲਤੀ ਸੁਣਵਾਈ ਦੌਰਾਨ ਮਿਸੀਸਾਗਾ ਦੇ ਸੁਨਿਆਰੇ ਅਲੀ ਰਜ਼ਾ ਉੱਤੇ ਲਗਾਏ ਗਏ ਸਾਰੇ ਅਪਰਾਧਿਕ ਦੋਸ਼ ਵਾਪਸ ਲੈ ਲਏ ਗਏ ਹਨ। ਪੀਲ ਰੀਜਨਲ ਪੁਲਿਸ ਨੇ ਇਸ ਚੋਰੀ ਦੇ ਇੱਕ ਸਾਲ ਬਾਅਦ 37 ਸਾਲਾ ਅਲੀ ਰਜ਼ਾ ਨੂੰ ਗ੍ਰਿਫ਼ਤਾਰ ਕਰਕੇ ਉਸ ’ਤੇ ਅਪਰਾਧ ਰਾਹੀਂ ਪ੍ਰਾਪਤ ਕੀਤੀ ਸੰਪਤੀ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦਾ ਦੋਸ਼ ਲਗਾਇਆ ਸੀ। ਹੁਣ ਅਦਾਲਤ ਵੱਲੋਂ ਸਾਰੇ ਦੋਸ਼ ਰੱਦ ਕਰ ਦਿੱਤੇ ਗਏ ਹਨ। ਬ੍ਰੈਂਪਟਨ ਦੀ ਬ੍ਰਿਜ ਮੋਹਨ ਐਂਡ ਐਸੋਸੀਏਟਸ ਦੇ ਵਕੀਲ ਬ੍ਰਿਜ ਮੋਹਨ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲੀ ਰਜ਼ਾ ਪੂਰੀ ਤਰ੍ਹਾਂ ਬੇਕਸੂਰ ਸਨ ਅਤੇ ਅੱਜ ਉਨ੍ਹਾਂ ਨੂੰ ਆਪਣੀ ਆਮ ਜ਼ਿੰਦਗੀ ਮੁੜ ਜਿਊਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਨਿਆਂ ਪ੍ਰਣਾਲੀ ਬਿਹਤਰੀਨ ਹੈ ਅਤੇ ਇਨਸਾਫ਼ ਦੀ ਜਿੱਤ ਹੋਈ ਹੈ। ਰਜ਼ਾ ਬੇਹੱਦ ਭਾਵੁਕ ਸਨ ਅਤੇ ਉਨ੍ਹਾਂ ਆਪਣੇ ਪਰਿਵਾਰਕ ਮੈਂਬਰਾਂ, ਹਮਾਇਤੀਆਂ ਅਤੇ ਵਕੀਲਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ’ਤੇ ਅਟੁੱਟ ਭਰੋਸਾ ਜਤਾਇਆ। ਵਕੀਲ ਨੇ ਦੱਸਿਆ ਕਿ ਇਨ੍ਹਾਂ ਝੂਠੇ ਦੋਸ਼ਾਂ ਕਾਰਨ ਰਜ਼ਾ ਦਾ ਕਾਰੋਬਾਰ ਅਤੇ ਨਿੱਜੀ ਜੀਵਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ, ਪਰ ਹੁਣ ਉਹ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰ ਸਕਣਗੇ। ਕਾਨੂੰਨੀ ਟੀਮ ਨੇ ਪ੍ਰੈਸ ਕਾਨਫਰੰਸ ਦੌਰਾਨ ਸਪੱਸ਼ਟ ਕੀਤਾ ਕਿ ਰਜ਼ਾ ਦੀ ਦੁਕਾਨ ਇੰਨੀ ਛੋਟੀ ਸੀ ਕਿ ਉੱਥੇ ਸੋਨੇ ਦੀਆਂ ਇੱਟਾਂ ਪਿਘਲਾਉਣੀਆਂ ਸੰਭਵ ਹੀ ਨਹੀਂ ਸਨ। ਰਜ਼ਾ ਨੇ ਜਾਂਚ ਦੌਰਾਨ ਪੁਲਿਸ ਨਾਲ ਪੂਰਾ ਸਹਿਯੋਗ ਦਿੱਤਾ ਸੀ ਅਤੇ ਉਹ ਖੁਦ ਪੁਲਿਸ ਕੋਲ ਪਹੁੰਚੇ ਸਨ। ਉਨ੍ਹਾਂ ਪੀਲ ਪੁਲਿਸ ਅਤੇ ਬ੍ਰੈਂਪਟਨ ਕਰਾਊਨ ਕੌਂਸਲ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਲਈ ਧੰਨਵਾਦ ਪ੍ਰਗਟਾਇਆ। ਫਿਲਹਾਲ ਕਿਸੇ ਕਾਨੂੰਨੀ ਕਾਰਵਾਈ ਬਾਰੇ ਸੋਚਣ ਦੀ ਬਜਾਏ ਰਜ਼ਾ ਆਪਣਾ ਧਿਆਨ ਆਮ ਜੀਵਨ ਵੱਲ ਕੇਂਦਰਿਤ ਕਰਨਾ ਚਾਹੁੰਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ