ਖੇਡਾਂ ਅਤੇ ਪੜ੍ਹਾਈ ’ਚ ਮੋਹਰੀ ਆਰੀਅਨ ਹਾਇਰ ਕੌਮਾਂਤਰੀ ਪੁਰਸਕਾਰ ਜਿੱਤਣ ਦੇ ਨੇੜੇ
ਨੌਰਥ ਡੈਲਟਾ (ਏਕਜੋਤ ਸਿੰਘ): ਨੌਰਥ ਡੈਲਟਾ ਦੇ 12 ਸਾਲਾ ਪ੍ਰਤਿਭਾਸ਼ਾਲੀ ਖਿਡਾਰੀ ਆਰੀਅਨ ਹਾਇਰ ਨੇ ਖੇਡ ਜਗਤ ਵਿੱਚ ਵਿਲੱਖਣ ਪ੍ਰਾਪਤੀਆਂ ਕਰਕੇ ਆਪਣਾ ਨਾਮ ਉੱਘੇ ਮੁਕਾਬਲੇ ਵਿੱਚ ਦਰਜ ਕਰਵਾਇਆ ਹੈ। ਸਾਢੇ ਚਾਰ ਸਾਲ ਦੀ ਉਮਰ ਤੋਂ ਆਈਸ ਹਾਕੀ ਖੇਡ ਰਹੇ ਆਰੀਅਨ ਹੁਣ ਪ੍ਰਸਿੱਧ ‘ਸਪੋਰਟਸ ਇਲਸਟ੍ਰੇਟਿਡ ਯੂਥ ਐਥਲੀਟ ਆਫ ਦ ਯੀਅਰ’ ਖ਼ਿਤਾਬ ਜਿੱਤਣ ਦੀ ਦੌੜ ਵਿੱਚ ਸ਼ਾਮਲ ਹਨ। ਨੌਰਥ ਡੈਲਟਾ ਮਾਈਨਰ ਹਾਕੀ ਐਸੋਸੀਏਸ਼ਨ ਨਾਲ ਆਪਣੇ ਸ਼ੁਰੂਆਤੀ ਸਫ਼ਰ ਦੌਰਾਨ U12 ਰੈਪ A1 ਪੱਧਰ ’ਤੇ ਖੇਡਦਿਆਂ ਉਨ੍ਹਾਂ ਨੇ ਗੋਲਾਂ ਅਤੇ ਅਸਿਸਟਾਂ ਦੇ ਸੁਮੇਲ ਨਾਲ 100 ਪੁਆਇੰਟ ਬਣਾਉਣ ਦਾ ਦੁਰਲੱਭ ਰਿਕਾਰਡ ਕਾਇਮ ਕੀਤਾ ਸੀ।
ਆਪਣੀ ਬਿਹਤਰੀਨ ਖੇਡ ਬਦੌਲਤ ਉਨ੍ਹਾਂ ਨੇ ਹਾਈ ਪਰਫਾਰਮੈਂਸ ਲੀਗ ਦੀ ਵੈਨਕੂਵਰ ਫਲਾਇਰਜ਼ ਟੀਮ ਵਿੱਚ ਥਾਂ ਬਣਾਈ, ਜਿੱਥੇ ਉਹ U13 ਪੱਧਰ ’ਤੇ ਖੇਡਣ ਮਗਰੋਂ ਹੁਣ U14 ਵਿੱਚ ਹਿੱਸਾ ਲੈ ਰਹੇ ਹਨ। ਹਾਕੀ ਦੇ ਨਾਲ-ਨਾਲ ਆਰੀਅਨ ਬੇਸਬਾਲ ਵਿੱਚ ਵੀ ਮੋਹਰੀ ਰਹੇ ਹਨ ਅਤੇ ਪਿਛਲੇ ਸਾਲ ਨੌਰਥ ਡੈਲਟਾ ਰੇਜ਼ ਨੂੰ ਸੂਬਾਈ ਚੈਂਪੀਅਨਸ਼ਿਪ ਜਿਤਾਉਣ ਵਿੱਚ ਪਿੱਚਰ ਅਤੇ ਫਸਟ ਬੇਸ ਖਿਡਾਰੀ ਵਜੋਂ ਅਹਿਮ ਭੂਮਿਕਾ ਨਿਭਾਈ। ਉਹ 11 ਸਾਲ ਦੀ ਉਮਰ ਤੱਕ ਮੁਕਾਬਲੇ ਵਾਲੀ ਫੁੱਟਬਾਲ ਖੇਡਦੇ ਰਹੇ ਅਤੇ ਡੈਲਟਾ ਮਾਈਨਰ ਬਾਲ ਹਾਕੀ ਐਸੋਸੀਏਸ਼ਨ ਨਾਲ ਬਾਲ ਹਾਕੀ ਵੀ ਖੇਡਦੇ ਹਨ। ਖੇਡਾਂ ਪ੍ਰਤੀ ਆਪਣੇ ਸਮਰਪਣ ਸਦਕਾ ਉਹ ਪ੍ਰਮਾਣਿਤ ਬੇਸਬਾਲ ਅੰਪਾਇਰ ਅਤੇ ਹਾਕੀ ਰੈਫਰੀ ਵੀ ਬਣ ਚੁੱਕੇ ਹਨ। ਪੜ੍ਹਾਈ ਦੇ ਖੇਤਰ ਵਿੱਚ 7ਵੀਂ ਜਮਾਤ ਦਾ ਇਹ ਵਿਦਿਆਰਥੀ ਲਗਾਤਾਰ ਉੱਚ ਦਰਜੇ ਦੀ ਕਾਰਗੁਜ਼ਾਰੀ ਦਿਖਾ ਰਿਹਾ ਹੈ। ਉਸ ਨੂੰ ਲਗਾਤਾਰ 4 ਸਾਲਾਂ ਤੋਂ ਸਕੂਲ ਦਾ ਐਥਲੈਟਿਕਸ, ਗ੍ਰਿਟ ਅਤੇ ਅਕਾਦਮਿਕ ਐਵਾਰਡ ਮਿਲ ਰਿਹਾ ਹੈ। ਆਰੀਅਨ ਦੇ ਮਾਤਾ-ਪਿਤਾ ਵੀਨਾ ਅਤੇ ਰੈਜੀ ਹਾਇਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਰੀਅਨ ਦੇ ਕਿਰਦਾਰ, ਨਿਮਰਤਾ ਅਤੇ ਪੁਰਾਣੇ ਦੋਸਤਾਂ ਪ੍ਰਤੀ ਵਫ਼ਾਦਾਰੀ ’ਤੇ ਮਾਣ ਹੈ। ਆਰੀਅਨ ਅਗਲੇ ਸਾਲ ਡੈਲਟਾ ਹਾਕੀ ਅਕੈਡਮੀ ਵਿੱਚ ਦਾਖ਼ਲਾ ਲੈਣ ਦੀ ਇੱਛਾ ਰੱਖਦੇ ਹਨ। ਸਪੋਰਟਸ ਇਲਸਟ੍ਰੇਟਿਡ ਦਾ ਇਹ ਮੁਕਾਬਲਾ ਉੱਤਰੀ ਅਮਰੀਕਾ ਪੱਧਰ ’ਤੇ ਆਯੋਜਿਤ ਹੁੰਦਾ ਹੈ ਜਿਸ ਵਿੱਚ ਜੇਤੂ ਨੂੰ 25,000 ਡਾਲਰ ਦਾ ਇਨਾਮ ਅਤੇ ਸੀ.ਬੀ.ਐਸ. ਸਮੇਤ ਮੈਗਜ਼ੀਨ ਵਿੱਚ ਪ੍ਰਚਾਰ ਮੁਹਿੰਮ ਦਾ ਹਿੱਸਾ ਬਣਨ ਦਾ ਮੌਕਾ ਮਿਲਦਾ ਹੈ। ਟੌਪ 5 ਲਈ ਵੋਟਿੰਗ 10 ਤੋਂ 17 ਸਤੰਬਰ ਤੱਕ ਚੱਲੀ ਅਤੇ ਗਰੁੱਪ ਫਾਈਨਲਜ਼ 17 ਤੋਂ 24 ਸਤੰਬਰ ਤੱਕ ਹੋਣਗੇ। ਆਰੀਅਨ ਜੇਤੂ ਰਾਸ਼ੀ ਨੂੰ ਅਕੈਡਮੀ ਦੀ ਫੀਸ ਲਈ ਵਰਤਣ ਦੇ ਨਾਲ-ਨਾਲ ਕਿਡਜ਼-ਸਪੋਰਟ ਕੈਨੇਡਾ ਨੂੰ ਵੀ ਦਾਨ ਕਰਨਾ ਚਾਹੁੰਦੇ ਹਨ ਤਾਂ ਜੋ ਲੋੜਵੰਦ ਬੱਚੇ ਖੇਡਾਂ ਨਾਲ ਜੁੜ ਸਕਣ। ਪਰਿਵਾਰ ਨੇ ਸਮੂਹ ਭਾਈਚਾਰੇ ਨੂੰ ਰੋਜ਼ਾਨਾ ਮੁਫ਼ਤ ਵੋਟ ਪਾ ਕੇ ਆਰੀਅਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। This report was written by Ekjot Singh as part of the Local Journalism Initiative.
ਨੌਰਥ ਡੈਲਟਾ ਦਾ 12 ਸਾਲਾ ਆਰੀਅਨ ਹਾਇਰ ‘ਸਪੋਰਟਸ ਇਲਸਟ੍ਰੇਟਿਡ ਯੂਥ ਐਥਲੀਟ ਆਫ ਦ ਯੀਅਰ’ ਦੌੜ ’ਚ ਸ਼ਾਮਲ, ਵੋਟਾਂ ਦੀ ਅਪੀਲ

