ਮੇਅਰ ਅਤੇ ਕੌਂਸਲਰ ਦੀ ਮੰਗ ਮਗਰੋਂ ਸਰਕਾਰ ਹਰਕਤ ’ਚ, ਈਸੀਸੀਓ ਲੈਂਡਫਿੱਲ ‘ਤੇ ਅੱਗ ਬੁਝਾਉਣ ਦੇ ਯਤਨ ਜਾਰੀ
ਵੈਨਕੂਵਰ (ਏਕਜੋਤ ਸਿੰਘ): ਦੱਖਣੀ ਕੈਲਗਰੀ ਵਿੱਚ ਸਥਿਤ ਇੱਕ ਲੈਂਡਫਿੱਲ ਵਿੱਚ ਲੱਗੀ ਅੱਗ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਗਾਤਾਰ ਫੈਲ ਰਹੇ ਜ਼ਹਿਰੀਲੇ ਧੂੰਏਂ ਦੇ ਮੱਦੇਨਜ਼ਰ ਐਲਬਰਟਾ ਸਰਕਾਰ ਨੇ ਹਵਾ ਦੀ ਗੁਣਵੱਤਾ ਸੰਬੰਧੀ ਵਿਸਥਾਰਤ ਡਾਟਾ ਜਨਤਕ ਕਰਨ ਦਾ ਵਾਅਦਾ ਕੀਤਾ ਹੈ। ਇਹ ਅੱਗ ਈਸੀਸੀਓ ਰੀਸਾਈਕਲਿੰਗ ਲੈਂਡਫਿੱਲ ਵਿਖੇ ਕੂੜੇ ਦੇ ਢੇਰਾਂ ਵਿੱਚ ਲੱਗੀ ਹੋਈ ਹੈ। ਹਵਾ ਰਾਹੀਂ ਇਹ ਸੰਘਣਾ ਧੂੰਆਂ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਰਿਹਾ ਹੈ, ਜਿਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਸਾਹ ਰਾਹੀਂ ਅੰਦਰ ਜਾਣ ਵਾਲੀਆਂ ਗੈਸਾਂ ਦੇ ਮਾੜੇ ਅਸਰਾਂ ਨੂੰ ਲੈ ਕੇ ਭਾਰੀ ਚਿੰਤਾ ਅਤੇ ਰੋਸ ਪਾਇਆ ਜਾ ਰਿਹਾ ਹੈ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਕੈਲਗਰੀ ਦੇ ਮੇਅਰ ਜੇਰੋਮੀ ਫਾਰਕਸ ਅਤੇ ਵਾਰਡ 11 ਦੇ ਕੌਂਸਲਰ ਰੌਬ ਵਾਰਡ ਨੇ ਸਾਂਝੇ ਤੌਰ ‘ਤੇ ਸੂਬਾ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਹਵਾ ਦੀ ਗੁਣਵੱਤਾ ਦਾ ਸਹੀ ਡਾਟਾ ਤੁਰੰਤ ਨਸ਼ਰ ਕੀਤਾ ਜਾਵੇ। ਇਸ ਦੇ ਜਵਾਬ ਵਿੱਚ ਐਲਬਰਟਾ ਦੇ ਵਾਤਾਵਰਣ ਮੰਤਰੀ ਗ੍ਰਾਂਟ ਹੰਟਰ ਦੇ ਦਫ਼ਤਰ ਨੇ ਸੋਮਵਾਰ ਨੂੰ ਭਰੋਸਾ ਦਿੱਤਾ ਕਿ ਇਹ ਜਾਣਕਾਰੀ ਜਿੰਨੀ ਜਲਦੀ ਹੋ ਸਕੇ ਜਨਤਕ ਕਰ ਦਿੱਤੀ ਜਾਵੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਹਵਾ ਵਿੱਚ ਮੌਜੂਦ ਕਣਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਤਾਂ ਜੋ ਆਮ ਨਾਗਰਿਕਾਂ ਦੀ ਸਿਹਤ ਨੂੰ ਕੋਈ ਖ਼ਤਰਾ ਪੈਦਾ ਨਾ ਹੋਵੇ।
ਇਸ ਦੌਰਾਨ ਪ੍ਰਭਾਵਿਤ ਇਲਾਕੇ ਅਕੇਡੀਆ ਦੇ ਵਸਨੀਕ ਬ੍ਰੈਟ ਪੋਲੈਂਡ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਇੱਕ ਸਾਲ ਦੀ ਧੀ ਦਾ ਦਮਾ ਅਚਾਨਕ ਬਹੁਤ ਵਧ ਗਿਆ, ਜਿਸ ਕਾਰਨ ਉਸ ਨੂੰ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਲਿਜਾਣਾ ਪਿਆ। ਉਨ੍ਹਾਂ ਦੱਸਿਆ ਕਿ ਲੈਂਡਫਿੱਲ ਤੋਂ ਤਿੰਨ ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਘਰ ਅੰਦਰ ਪਲਾਸਟਿਕ ਸੜਨ ਦੀ ਤੇਜ਼ ਬਦਬੂ ਆ ਰਹੀ ਹੈ। ਉਨ੍ਹਾਂ ਵੱਲੋਂ ਘਰ ਵਿੱਚ 1,000 ਡਾਲਰ ਦੇ ਏਅਰ ਪਿਊਰੀਫਾਇਰ ਲਗਾਏ ਜਾਣ ਦੇ ਬਾਵਜੂਦ ਕੋਈ ਰਾਹਤ ਨਹੀਂ ਮਿਲੀ। ਡਾਕਟਰਾਂ ਵੱਲੋਂ ਪਰਿਵਾਰ ਨੂੰ ਇਲਾਕਾ ਛੱਡਣ ਦੀ ਸਲਾਹ ਦਿੱਤੀ ਗਈ ਹੈ, ਜਿਸ ਕਾਰਨ ਉਹ ਹੁਣ ਓਕੋਟੋਕਸ ਜਾਣ ਬਾਰੇ ਵਿਚਾਰ ਕਰ ਰਹੇ ਹਨ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਨੂੰ 6 ਸਤੰਬਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਅਗਲੇ ਹੀ ਦਿਨ ਇਸ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਹਾਲਾਂਕਿ, ਅੱਗ ਕੂੜੇ ਦੇ ਢੇਰਾਂ ਦੇ ਕਾਫੀ ਹੇਠਾਂ ਸੁਲਘ ਰਹੀ ਹੈ, ਜਿਸ ਕਾਰਨ ਇਸ ਨੂੰ ਪੂਰੀ ਤਰ੍ਹਾਂ ਬੁਝਾਉਣ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਫਾਇਰ ਅਮਲੇ ਵੱਲੋਂ ਮਿੱਟੀ ਅਤੇ ਪਾਣੀ ਪਾ ਕੇ ਧੂੰਏਂ ਨੂੰ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਹੈ। This report was written by Ekjot Singh as part of the Local Journalism Initiative.
ਕੈਲਗਰੀ ਲੈਂਡਫਿੱਲ ਅੱਗ ਦਾ ਧੂੰਆਂ ਬਣਿਆ ਸਿਰਦਰਦੀ, ਅਲਬਰਟਾ ਸਰਕਾਰ ਜਾਰੀ ਕਰੇਗੀ ਹਵਾ ਗੁਣਵੱਤਾ ਡਾਟਾ

