ਐਸੋਸੀਏਟ ਮੈਂਬਰਸ਼ਿਪ ਨੂੰ ਦੱਸਿਆ ਦੁਸ਼ਮਣੀ ਭਰਿਆ ਕਦਮ
ਵਾਸ਼ਿੰਗਟਨ, (ਏਕਜੋਤ ਸਿੰਘ): ਅਮਰੀਕਾ ਅਤੇ ਕੈਨੇਡਾ ਵਿਚਕਾਰ ਚੱਲ ਰਿਹਾ ਵਪਾਰ ਯੁੱਧ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਯੂਰਪੀਅਨ ਯੂਨੀਅਨ (EU) ਦਾ ਪਹਿਲਾ ਐਸੋਸੀਏਟ ਮੈਂਬਰ ਬਣਦਾ ਹੈ, ਤਾਂ ਇਸ ਨੂੰ ਅਮਰੀਕਾ ਵਿਰੁੱਧ ਇੱਕ ਦੁਸ਼ਮਣੀ ਭਰਿਆਕਦਮ ਮੰਨਿਆ ਜਾ ਸਕਦਾ ਹੈ। ਉੱਤਰੀ ਕੈਰੋਲੀਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਇਹ ਕਦਮ ਗ਼ਲਤ ਇਰਾਦਿਆਂ ਨਾਲ ਚੁੱਕਿਆ ਗਿਆ, ਤਾਂ ਉਹ ਯੂਰਪ ਉੱਤੇ ਬਹੁਤ ਭਾਰੀ ਟੈਰਿਫ ਲਗਾਉਣਗੇ। ਉਨ੍ਹਾਂ ਕੈਨੇਡਾ ਨੂੰ ਇੱਕ ਬੁਰਾ ਵਪਾਰਕ ਭਾਈਵਾਲ ਵੀ ਕਰਾਰ ਦਿੱਤਾ। ਇਸ ਬਿਆਨ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਇੱਕ ਯਾਦ-ਪੱਤਰ ’ਤੇ ਦਸਤਖ਼ਤ ਕੀਤੇ ਸਨ, ਜਿਸ ਰਾਹੀਂ ਅਮਰੀਕਾ ਦੀਆਂ ਉਨ੍ਹਾਂ ਸਾਰੀਆਂ ਫੈਡਰਲ ਏਜੰਸੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਸਰਕਾਰੀ ਖ਼ਰੀਦ ਵਿੱਚੋਂ ਕੈਨੇਡੀਅਨ ਮੂਲ ਦੇ ਸਾਰੇ ਉਤਪਾਦ ਹਟਾ ਦਿੱਤੇ ਜਾਣ। ਵ੍ਹਾਈਟ ਹਾਊਸ ਨੇ ਦੋਸ਼ ਲਾਇਆ ਕਿ ਕੈਨੇਡਾ ਅਮਰੀਕੀ ਵਸਤੂਆਂ ਨਾਲ ਪੱਖਪਾਤੀ ਵਤੀਰਾ ਕਰ ਰਿਹਾ ਹੈ। ਵਿਸ਼ਵ ਵਪਾਰ ਸੰਗਠਨ ਅਧੀਨ ਫੈਡਰਲ ਸਰਕਾਰੀ ਖ਼ਰੀਦ ਦਾ ਇਹ ਬਾਜ਼ਾਰ ਸਾਲਾਨਾ $280 ਬਿਲੀਅਨ ਤੋਂ ਵੱਧ ਦਾ ਬਣਦਾ ਹੈ। ਕੈਨੇਡਾ-ਯੂ.ਐਸ. ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਦੇ ਦਫ਼ਤਰ ਨੇ ਕਿਹਾ ਕਿ ਉਹ ਕੈਨੇਡੀਅਨ ਕਾਰੋਬਾਰੀਆਂ ਅਤੇ ਕਾਮਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਟਰੰਪ ਦੀ ਇਹ ਨਾਰਾਜ਼ਗੀ ਓਟਾਵਾ ਦੀ ‘ਬਾਏ ਕੈਨੇਡੀਅਨ’ ਨੀਤੀ ਖ਼ਿਲਾਫ਼ ਵੀ ਸਾਹਮਣੇ ਆਈ ਹੈ, ਜੋ ਦਸੰਬਰ 2025 ਵਿੱਚ ਲਾਗੂ ਹੋਈ ਸੀ। ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫਰਾਂਸ ਵਿੱਚ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਦਾ ਭਾਸ਼ਣ ਸੁਣਿਆ, ਜਿਸ ਵਿੱਚ ਉਨ੍ਹਾਂ ਦੋਵਾਂ ਧਿਰਾਂ ਵਿਚਾਲੇ ਗੱਠਜੋੜ ਨੂੰ ਸਭ ਤੋਂ ਉੱਚੇ ਪੱਧਰ ’ਤੇ ਲਿਜਾਣ ਦੀ ਗੱਲ ਕਹੀ ਸੀ। ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਤੋਂ ਵਪਾਰ ਦਾ ਰੁਖ਼ ਮੋੜਨਾ ਔਖਾ ਜ਼ਰੂਰ ਹੋ ਸਕਦਾ ਹੈ, ਪਰ ਦੂਜਾ ਰਾਹ ਇਸ ਤੋਂ ਵੀ ਮਾੜਾ ਹੋਵੇਗਾ। ਇਸ ਵਪਾਰਕ ਤਣਾਅ ਕਾਰਨ ਸਰਹੱਦ ਦੇ ਦੋਵੇਂ ਪਾਸੇ ਕਾਰੋਬਾਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਦੀਆਂ ਮਸ਼ੀਨਰੀ ਅਤੇ ਉਦਯੋਗਿਕ ਸਪਲਾਈ ਚੇਨਾਂ ਆਪਸ ਵਿੱਚ ਬੁਰੀ ਤਰ੍ਹਾਂ ਜੁੜੀਆਂ ਹੋਈਆਂ ਹਨ। ਐਸੋਸੀਏਟਿਡ ਇਕੁਇਪਮੈਂਟ ਡਿਸਟ੍ਰੀਬਿਊਟਰਜ਼ ਨੇ ਅਮਰੀਕੀ ਗਵਰਨਰਾਂ ਨੂੰ ਪੱਤਰ ਲਿਖ ਕੇ ਮਾਮਲਾ ਜਲਦ ਸੁਲਝਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਵਧਦੇ ਟੈਰਿਫ ਕਾਰਨ ਉਦਯੋਗਿਕ ਉਪਕਰਨਾਂ ਦੇ ਭਾਅ ਵਧਣਗੇ ਅਤੇ ਲੱਖਾਂ ਨੌਕਰੀਆਂ ਖ਼ਤਰੇ ਵਿੱਚ ਪੈ ਜਾਣਗੀਆਂ।
ਕੈਨੇਡਾ-ਯੂਰਪੀਅਨ ਯੂਨੀਅਨ ਦੀ ਨੇੜਤਾ ’ਤੇ ਭੜਕੇ ਟਰੰਪ

