ਤੀਜੀ ਪੀੜ੍ਹੀ ਦੇ ਕਿਸਾਨ ਪਾਲ ਮਾਹਿਲ ਨੇ ਚੋਣ ਮੈਦਾਨ ’ਚ ਉਤਰਨ ਦਾ ਕੀਤਾ ਐਲਾਨ, ਮੁਕਾਬਲਾ ਹੋਇਆ ਦਿਲਚਸਪ
ਵੈਨਕੂਵਰ (ਏਕਜੋਤ ਸਿੰਘ): ਐਬਟਸਫੋਰਡ ਸ਼ਹਿਰ ਦੀ ਮੇਅਰ ਚੋਣ ਦੀ ਦੌੜ ਉਸ ਸਮੇਂ ਹੋਰ ਦਿਲਚਸਪ ਹੋ ਗਈ ਜਦੋਂ ਸ਼ਹਿਰ ਦੇ ਜਾਣੇ-ਪਛਾਣੇ ਕਿਸਾਨ ਅਤੇ ਛੋਟੇ ਕਾਰੋਬਾਰੀ ਪਾਲ ਮਾਹਿਲ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਪਾਲ ਮਾਹਿਲ ਇਸ ਚੋਣ ਮੈਦਾਨ ਵਿੱਚ ਉਤਰਨ ਵਾਲੇ ਦੂਜੇ ਸਾਊਥ ਏਸ਼ੀਅਨ ਉਮੀਦਵਾਰ ਬਣ ਗਏ ਹਨ। ਹੁਣ ਮੇਅਰ ਦੇ ਅਹੁਦੇ ਲਈ ਸੁੱਖੀ ਧਾਮੀ, ਪਾਲ ਮਾਹਿਲ, ਡੇਵਿਡ ਪੈਲੀਕਾਨ ਅਤੇ ਮੌਜੂਦਾ ਮੇਅਰ ਰੌਸ ਸੀਮੇਂਸ ਵਿਚਕਾਰ ਚੌਖੰਭਾ ਮੁਕਾਬਲਾ ਹੋਣ ਜਾ ਰਿਹਾ ਹੈ।
ਪਾਲ ਮਾਹਿਲ 2001 ਤੋਂ ਐਬਟਸਫੋਰਡ ਵਿੱਚ ਰਹਿ ਰਹੇ ਹਨ, ਪਰ ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਇਸ ਸ਼ਹਿਰ ਵਿੱਚ ਬਹੁਤ ਪੁਰਾਣੀਆਂ ਹਨ। ਉਨ੍ਹਾਂ ਦੇ ਦਾਦਾ ਜੀ ਨੇ ਸਾਲ 1974 ਵਿੱਚ ਐਬਟਸਫੋਰਡ ਵਿੱਚ ਪਹਿਲਾ ਫਾਰਮ ਖਰੀਦਿਆ ਸੀ ਅਤੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ। ਉਹ ਖੇਤੀਬਾੜੀ ਦੇ ਨਾਲ-ਨਾਲ ਬਰਫ਼ ਹਟਾਉਣ ਦਾ ਕਾਰੋਬਾਰ ਵੀ ਕਰਦੇ ਹਨ। ਮਾਹਿਲ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਲੜਨ ਦਾ ਫ਼ੈਸਲਾ ਸਾਲਾਂ ਦੀ ਜ਼ਮੀਨੀ ਸਮਾਜ ਸੇਵਾ ਦਾ ਸਿੱਟਾ ਹੈ। ਸੁਮਾਸ ਪ੍ਰੇਰੀ ਵਿੱਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਨੇ ਖਾਣ-ਪੀਣ ਦੀ ਸਮੱਗਰੀ, ਰੇਤ ਦੀਆਂ ਬੋਰੀਆਂ ਅਤੇ ਹੈਲੀਕਾਪਟਰ ਰਾਹੀਂ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਮਾਹਿਲ ਨੇ ਕਿਹਾ ਕਿ ਕਿਸੇ ਇੱਕ ਘਟਨਾ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਪ੍ਰੇਰਿਤ ਨਹੀਂ ਕੀਤਾ, ਸਗੋਂ ਐਬਟਸਫੋਰਡ ਵਿੱਚ ਸਾਲਾਂ ਤੋਂ ਵਧ ਰਹੇ ਪ੍ਰਾਪਰਟੀ ਟੈਕਸ, ਬੇਘਰਿਆਂ ਦੀ ਸਮੱਸਿਆ, ਟਰੱਕਾਂ ਦੀ ਪਾਰਕਿੰਗ ਦੀ ਘਾਟ ਅਤੇ ਖੇਤੀਬਾੜੀ ਜ਼ਮੀਨਾਂ ਨੂੰ ਦਰਪੇਸ਼ ਖ਼ਤਰਿਆਂ ਨੇ ਉਨ੍ਹਾਂ ਨੂੰ ਅੱਗੇ ਆਉਣ ਲਈ ਮਜਬੂਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਿਟੀ ਹਾਲ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਖੁਦ ਨੂੰ ਬਚਾਉਣ ਵਿੱਚ ਜ਼ਿਆਦਾ ਸਮਾਂ ਲਗਾ ਰਿਹਾ ਹੈ।
ਉਨ੍ਹਾਂ ਦੇ ਚੋਣ ਮੈਨੀਫੈਸਟੋ ਵਿੱਚ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨਾ, ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਲੌਜਿਸਟਿਕਸ ਅਤੇ ਮੈਨੂਫੈਕਚਰਿੰਗ ਹੱਬ ਬਣਾਉਣਾ ਅਤੇ ਨਵਾਂ ਕਨਵੈਨਸ਼ਨ ਸੈਂਟਰ ਸਥਾਪਿਤ ਕਰਨਾ ਸ਼ਾਮਲ ਹੈ। ਉਹ ਪ੍ਰਾਪਰਟੀ ਟੈਕਸਾਂ ਦੇ ਵਾਧੇ ਨੂੰ ਰੋਕਣ, ਬੇਘਰਿਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਨੂੰ ਨਤੀਜੇ ਆਧਾਰਿਤ ਫੰਡ ਦੇਣ, ਵਾਸ਼ਿੰਗਟਨ ਸਟੇਟ ਨਾਲ ਮਿਲ ਕੇ ਹੜ੍ਹ ਰੋਕਥਾਮ ਪ੍ਰਬੰਧ ਕਰਨ ਅਤੇ ਐਗਰੀਕਲਚਰਲ ਲੈਂਡ ਰਿਜ਼ਰਵ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਾਖੀ ਕਰਨ ਦਾ ਵਾਅਦਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਿਟੀ ਹਾਲ ਦੇ ਖ਼ਰਚਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਖੁੱਲ੍ਹੇ ਟੈਂਡਰ ਅਤੇ ਇੱਕ ਆਜ਼ਾਦ ਇੰਟੈਗ੍ਰਿਟੀ ਕਮਿਸ਼ਨਰ ਨਿਯੁਕਤ ਕਰਨ ਦੀ ਗੱਲ ਕਹੀ ਹੈ। This report was written by Ekjot Singh as part of the Local Journalism Initiative.
ਐਬਟਸਫੋਰਡ ਦੇ ਮੇਅਰ ਦੀ ਚੋਣ ਦੌੜ ’ਚ ਪਾਲ ਮਾਹਿਲ ਦੀ ਐਂਟਰੀ, ਦੂਜੇ ਸਾਊਥ ਏਸ਼ੀਅਨ ਉਮੀਦਵਾਰ ਵਜੋਂ ਭਰੇ ਨਾਮਜ਼ਦਗੀ ਕਾਗਜ਼

